ਪੰਜਾਬੀਆਂ ਦੀ ਹਰ ਮੁਸ਼ਕਿਲ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ: ਐਮ.ਪੀ. ਸੋਨੀਆ ਸਿੱਧੂ

ਟੋਰਾਂਟੋ, 23 ਜੁਲਾਈ (ਹਰਦੇਵ ਚੌਹਾਨ/ਵਰਲਡ ਪੰਜਾਬੀ ਟਾਈਮਜ਼)
ਜਗਤ ਪੰਜਾਬੀ ਸਭਾ ਤੇ ਓਨਟਾਰੀਓ ਫਰੈਂਡਸ ਕਲੱਬ ਵੱਲੋਂ ਆਯੋਜਿਤ ਬਾਰਵੀਂ ਵਰਲਡ ਪੰਜਾਬੀ ਕਾਨਫਰੰਸ ਦੌਰਾਨ ਦੇਸ਼ਾਂ, ਵਿਦੇਸ਼ਾਂ ਤੋਂ ਆਏ ਡੈਲੀਗੇਟਸ ਨੂੰ ਬਰੈਂਮਟਨ ਤੋਂ ਹਾਊਸ ਆਫ ਕਾਮਨਜ, ਔਟਵਾ ਦੀ ਯਾਤਰਾ ਕਰਵਾਈ ਗਈ।
ਚੇਅਰਮੈਨ ਸਰਦਾਰ ਅਜੈਬ ਸਿੰਘ ਚੱਠਾ ਦੀ ਦੇਖ ਰੇਖ ਵਿੱਚ ਔਟਵਾ ਵਿਖੇ ਬਰੈੰਮਟਨ ਤੋਂ ਐਮ.ਪੀ. ਸੋਨੀਆ ਸਿੱਧੂ ਨੇ ਸਮੂਹ ਡੈਲੀਗੇਟਾਂ ਦਾ ਮਾਨ ਸਨਮਾਨ ਕੀਤਾ। ਚਾਹ ਪਾਣੀ ਦੀ ਸੇਵਾ ਉਪਰੰਤ ਕਨੇਡਾ ਵਿਖੇ ਪੰਜਾਬੀਆਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਵਿਸਥਾਰ ਵਿੱਚ ਗੱਲਬਾਤ ਕੀਤੀ ਗਈ।
ਐਮ.ਪੀ. ਮੈਡਮ ਨੇ ਦੱਸਿਆ ਕਿ ਪਹਿਲੀਆਂ ਕਾਨਫਰੰਸਾਂ ਵਾਂਗ ਇਹ ਕਾਨਫਰੰਸ ਵੀ ਕਨੇਡਾ ਅਤੇ ਭਾਰਤ ਦੇ ਰਿਸ਼ਤਿਆਂ ਨੂੰ ਵਧੇੇਰੇ ਮਜਬੂਤ ਕਰੇਗੀ।
ਉਹਨਾਂ ਨੇ ਅਜਾਇਬ ਸਿੰਘ ਚੱਠਾ ਦੀ ਸਿਫਤ ਕਰਦਿਆਂ ਕਿਹਾ ਕਿ ਕਾਨਫਰਸਾਂ ਰਾਹੀਂ ਜਿੱਥੇ ਵਿਦਿਅਕ, ਰਾਜਨੀਤਕ ਸੱਭਿਆਚਾਰਕ ਤੇ ਆਰਥਿਕ ਲੋੜਾਂ ਥੋੜਾਂ ਦਾ ਨਿਪਟਾਰਾ ਹੁੰਦਾ ਉੱਥੇ ਅੰਤਰਰਾਸ਼ਟਰੀ ਪੱਧਰ ਉੱਤੇ ਵੀ ਸਾਡੇ ਰਿਸ਼ਤੇ ਮਜਬੂਤ ਹੁੰਦੇ ਹਨ। ਇਸ ਮੌਕੇ ਰਿਕੀ ਗੋਗਨਾ ਤੇ ਹੋਰਾਂ ਨੇ ਉਹਨਾਂ ਨੂੰ ਕੈਨੇਡਾ ਵਿਖੇ ਪੰਜਾਬ ਨਿਵਾਸੀਆਂ ਦੀਆਂ ਔਕੜਾਂ ਬਾਰੇ ਦੱਸਿਆ ਜਿਸ ਸਬੰਧੀ ਐਮ.ਪੀ. ਸੋਨੀਆ ਸਿੱਧੂ ਨੇ ਬੜੀ ਸੁਹਿਰਦਤਾ ਨਾਲ ਸਹਿਯੋਗ ਦਿੰਦੇ ਰਹਿਣ ਦਾ ਵਾਅਦਾ ਕੀਤਾ। ਪਾਰਲੀਮੈਂਟ ਹਾਊਸ ਦੀ ਸੈਰ ਤੋਂ ਬਾਅਦ ਗੁਰਦੁਆਰਾ ਸਾਹਿਬ, ਔਟਵਾ ਵਿਖੇ ਪ੍ਰਬੰਧਕ ਸਰਦਾਰ ਸੁੱਚਾ ਸਿੰਘ ਮਾਨ ਦੁਆਰਾ ਬਾਹਰੋਂ ਆਏ ਡੈਲੀਗੇਟਸ ਦਾ ਸਨਮਾਨ ਕੀਤਾ ਗਿਆ।
ਮਿਸੀਸਾਗਾ ਦੀ ਮੇਅਰ ਕੈਰੋਲੀਨ ਪਾਰਿਸ਼ ਤੇ ਡਿਪਟੀ ਮੇਅਰ ਮੈਟ ਮਾਹੋਨੇ ਸਮੇਤ ਬਰੈਂਮਟਨ ਦੇ ਮੇਅਰ ਪੈਟਰਿਕ ਬਰਾਉਨ ਤੇ ਡਿਪਟੀ ਮੇਅਰ ਤੇ ਸਿਟੀ ਕੌਂਸਲਰ ਹਰਕੀਰਤ ਸਿੰਘ ਨੇ ਆਪੋ ਆਪਣੇ ਸਰਕਾਰੀ ਦਫਤਰਾਂ ਵਿੱਚ ਕਾਨਫਰੰਸ ਅਧਿਕਾਰੀ ਸਰਦਾਰ ਅਜੈਬ ਸਿੰਘ ਚੱਠਾ, ਸਰਦੂਲ ਸਿੰਘ ਥਿਆੜਾ, ਸੰਤੋਖ ਸਿੰਘ ਸੰਧੂ ਤੇ ਇੰਦਰਬੀਰ ਸਿੰਘ ਚੀਮਾ ਸਮੇਤ ਸਾਰੇ ਡੈਲੀਗੇਟਸ ਦੇ ਸਨਮਾਨ ਹਿਤ ਯਾਦਗਾਰੀ ਸਰਟੀਫਿਕੇਟ ਦਿੱਤੇ ਗਏ। ਉਹਨਾਂ ਕਿਹਾ ਕਿ ਅਜਿਹੀਆਂ ਕਾਨਫਰੰਸਾਂ ਭਾਰਤ ਅਤੇ ਕਨੇਡਾ ਦੇ ਰਿਸ਼ਤਿਆਂ ਨੂੰ ਮਜਬੂਤ ਕਰਨ ਵਿੱਚ ਸਹਾਈ ਹੁੰਦੀਆਂ ਹਨ। ਉਹਨਾਂ ਕਿਹਾ ਕਿ ਸਹਿਤਕਾਰ, ਬੁੱਧੀਜੀਵੀ ਅਤੇ ਵਪਾਰਕ ਸ਼ਖਸ਼ੀਅਤਾਂ ਸਾਡੇ ਵਿਦਿਅਕ ਅਦਾਨ ਪ੍ਰਦਾਨ ਵਿਚ ਅਹਿਮ ਹਿੱਸਾ ਪਾਉਂਦੀਆਂ ਹਨ। ਇਹ ਕਾਨਫਰੰਸਾਂ ਸਾਡੇ ਆਰਥਿਕ ਅਤੇ ਰਾਜਨੀਤਿਕ ਰਿਸ਼ਤਿਆਂ ਨੂੰ ਮਜਬੂਤ ਕਰਨ ਅਤੇ ਸਹੀ ਦਿਸ਼ਾ ਦੇਣ ਵਿੱਚ ਅਹਮ ਤੇ ਯਾਦਗਾਰੀ ਯੋਗਦਾਨ ਪਾਉਂਦੀਆਂ ਹਨ।
