ਕਿਤੇ ਪੜ੍ਹਿਆ ਸੀ ਕਿ ਪੰਜਾਬ ਦੇ ਵਿਕਾਸ ਪੁਰਸ਼ ਮੁੱਖ ਮੰਤਰੀ ਸ. ਪ੍ਰਤਾਪ ਸਿੰਘ ਕੈਰੋਂ ਦੇ ਸਹੁਰੇ ਪੁਰਾਣੇ ਫੀਰੋਜ਼ਪੁਰ ਜ਼ਿਲ਼੍ਹੇ ਦਾ ਆਖਰੀ ਪਿੰਡ ਫ਼ਰੀਦਕੋਟ ਵੱਲ ਜਾਂਦਿਆਂ ਪਿੰਡ ਮੱਲ ਕੇ ਵਿਖੇ ਸਨ।
ਕਦੇ ਕੈਰੋਂ ਸਾਹਿਬ ਇਸ ਪਿੰਡ ਸਿਹਰੇ ਲਾ ਕੇ ਢੁੱਕੇ ਹੋਣਗੇ, ਮਾਤਾ ਰਾਮ ਕੌਰ ਜੀ ਨੂੰ ਵਿਆਹੁਣ।
ਕਹਿੰਦੇ ਨੇ ਕਿ ਮੁੱਖ ਮੰਤਰੀ ਬਣਨ ਉਪਰੰਤ ਇੱਕ ਵਾਰ ਕੈਰੋਂ ਸਾਹਿਬ ਸਹੁਰੀਂ ਆਏ। ਪਿੰਡ ਦੇ ਕਿਸੇ ਸਿਆਣੇ ਨੇ ਉਨ੍ਹਾਂ ਨੂੰ ਕਿਹਾ,” ਫੁੱਫੜ ਜੀ, ਸਾਡੇ ਮੁੰਡੇ ਨੂੰ ਓਵਰਸੀਅਰ ਕੋਰਸ ਵਿੱਚ ਦਾਖਲਾ ਹੀ ਦਿਵਾ ਦਿਉ।
ਸ. ਪ੍ਰਤਾਪ ਸਿੰਘ ਕੈਰੋਂ ਬੋਲੇ, ਜ਼ੀਨ ਤੁਸੀਂ ਦੇ ਦਿਉ, ਪੋਲੀਟੈਰਨਿਕ ਮੈਂ ਖੋਲ੍ਹ ਦਿੰਨਾਂ।
ਪੰਜਗਰਾਈਂ (ਮੋਗਾ) ਦੇ ਜੰਮ ਪਲ ਸ. ਗਿਆਨ ਸਿੰਘ ਸਾਬਕਾ ਲੋਕ ਸੰਪਰਕ ਅਫ਼ਸਰ ਦੇ ਦੱਸਣ ਮੁਤਾਬਕ ਰੋਡੇ ਪਿੰਡ ਨੇੜੇ ਸਾਂਝੀ ਜ਼ਮੀਨ ਵਿੱਚ ਪਾਲੀਟੈਕਨਿਕ ਖੁੱਲ੍ਹ ਗਈ ਤੇ ਇਲਾਕੇ ਦੇ ਹਜ਼ਾਰਾਂ ਨੈਜਵਾਨ ਇੰਜਨੀਅਹ ਬਣ ਗਏ, ਘਰੋਂ ਰੋਟੀ ਖਾ ਕੇ ਹੀ। ਨਾਲੇ ਮਾਪਿਆਂ ਨਾਲ ਖੇਤੀ ਵਿੱਚ ਹੱਥ ਵਟਾਉਂਦੇ। ਇਲਾਕੇ ਵਿੱਚ ਲੋਕ ਫੁੱਫੜ ਦੀ ਮਹਿਮਾ ਗਾਉਣ ਲੱਗੇ।
ਹੁਣ ਵਾਲੇ ਫੁੱਫੜ ਪਹਿਲਾਂ ਵਰਗੇ ਨਹੀਂ ਰਹੇ ਜਾਂ ਭੂਆ ਹੀ ਪੇਕਿਆਂ ਦਾ ਹਿਤ ਨਹੀਂ ਪਾਲਦੀਆਂ।
ਪਰ ਜਿਸ ਪ੍ਰਸੰਗ ਵਿੱਚ ਮੈਂ ਗੱਲ ਕਰ ਰਿਹਾਂ, ਉਹ ਪ੍ਰਸੰਗ ਨਵੇਲਾ ਹੈ।
1985-86 ਵਿੱਚ ਇਸੇ ਪਿੰਡ ਦਾ ਨੌਜਵਾਨ ਰਾਜ ਬਰਾੜ ਮੈਨੂੰ ਲੁਧਿਆਣਾ ਵਿਖੇ ਆ ਕੇ ਮਿਲਿਆ ਸੀ। ਉਦੋਂ ਸਿਰਫ਼ ਗੀਤ ਲਿਖਦਾ ਹੀ ਸੀ, ਗਾਉਂਦਾ ਨਹੀਂ। ਸੋਹਣਾ ਰੱਜ ਕੇ, ਵੇਖਿਆਂ ਭੁੱਖ ਲਹਿੰਦੀ ਸੀ। ਮੋਟੀ ਬਲੌਰੀ ਅੱਖ।
ਬਲਧੀਰ ਮਾਹਲਾ ਨੇ ਉਸ ਦਾ ਗੀਤ ਗਾਇਆ ਸੀ ਉਦੋਂ। ਲੋਕ ਰਾਜ ਬਰਾੜ ਲੱਭਣ ਲੱਗ ਪਏ। ਮਗਰੋਂ ਉਹ ਗਾਉਣ ਲੱਗ ਪਿਆ, ਬਹੁਤ ਮਿੱਠੇ ਗੀਤ। ਸਾਡੀ ਵਾਰੀ ਰੰਗ ਮੁੱਕਿਆ ਨੇ ਤਾਂ ਸਭ ਤੋਂ ਪਿਆਰ ਲਿਆ।
ਇਸੇ ਪਿੰਡ ਦਾ ਦੂਜਾ ਬਰਾੜ ਮੈਨੂੰ ਡਾ. ਰਾਜਿੰਦਰ ਸਿੰਘ ਬਰਾੜ ਮਿਲਿਆ। ਲਾਲ ਚੰਦ ਯਮਲਾ ਜੱਟ ਦਾ ਚੇਲਾ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਪੁਰਾਣਾ ਵਿਦਿਆਰਥੀ। ਹੁਣ ਫਾਊਲਰ(ਕੈਲੇਫੋਰਨੀਆ) ਰਹਿੰਦਾ ਹੈ ਚਾਲੀ ਪੰਜਾਹ ਸਾਲ ਤੋਂ। ਯਮਲਾ ਜੱਟ ਦੀ ਯਾਦ ਵਿੱਚ ਫਰਿਜ਼ਨੋ ਵਿੱਚ ਹਰ ਸਾਲ ਮੇਲਾ ਲਾਉਂਦਾ ਹੈ। ਤੂੰਬੀ ਨਾਲ ਗਾਉਂਦਾ ਹੈ ਵਜਦ ਵਿੱਚ ਆ ਕੇ।
ਉਸ ਦੇ ਸ਼ਗਨ ਵੱਲੱ ਉਸਤਾਦ ਯਮਲਾ ਜੱਟ ਨੇ ਅਖਾੜਾ ਲਾਇਆ ਸੀ।
ਤੀਸਰਾ ਬਰਾੜ ਇਸੇ ਪਿੰਡ ਤੋਂ ਮੱਖਣ ਬਰਾੜ ਹੈ। ਜਿਸ ਦੇ ਗੀਤਾਂ ਵਿੱਚੋਂ ਮੈਨੂੰ ਪੰਜਾਬ ਦਿਸਦਾ ਹੈ।
ਇੱਕ ਗੀਤ ਗੁਰਦਾਸ ਮਾਨ ਸਾਹਿਬ ਨੇ ਵੀ ਗਾਇਆ ਸੀ ਕਦੇ।
ਆਪਣਾ ਪੰਜਾਬ ਹੋਵੇ
ਅਗਲੀ ਸੱਤਰ ਮੈਂ ਨਹੀਂ ਦੱਸਣੀ ਕਿਉਂਕਿ ਮੇਰੀ ਅਸਹਿਮਤੀ ਹੈ ਘਰ ਦੀ ਸ਼ਰਾਬ ਤੇ ਵਿਹਲੜ ਸੱਭਿਆਚਾਰ ਨਾਲ। ਮੰਦੇ ਤੇ ਨਵਾਬ ਬਣ ਬੈਠਾ ਜਵਾਨ ਪੁੱਤਰ ਮੈਨੂੰ ਜ਼ਹਿਰ ਵਰਗਾ ਲੱਗਦਾ ਹੈ।
ਉਲਸ ਦੇ ਬਹੁਤੇ ਗੀਤ ਮੇਰੀ ਪਹਿਲ ਪਲੇਠੀ ਪਸੰਦ ਨੇ।
ਗਿੱਲ ਹਰਦੀਪ ਨੇ ਬਹੁਤ ਹੀ ਬੁਲੰਦ ਆਵਾਜ਼ ਵਿੱਚ ਮੱਖਣ ਦਾ ਇਹ ਗੀਤ ਗਾਇਆ ਸੀ
ਕਰੀਂ ਕਿਤੇ ਮੇਲ ਰੱਬਾ
ਦਿੱਲੀ ਤੇ ਲਾਹੌਰ ਦਾ।
ਉਸ ਦੇ ਹੋਰ ਵੀ ਅਨੇਕਾਂ ਗੀਤ ਲੋਕ ਜ਼ਬਾਨਾਂ ਤੇ ਨੇ।
ਕਿਸੇ ਦੋਸਤ ਨੇ ਉਸ ਦੀ ਇੱਕ ਨਜ਼ਮ ਮੈਨੂੰ ਭੇਜੀ ਹੈ। ਮੱਖਣ ਦੀ ਆਵਾਜ਼ ਵਿੱਚ। ਉੱਥੋਂ ਉਤਾਰਾ ਕਰਕੇ ਤੁਹਾਨੂੰ ਭੇ ਰਿਹਾਂ।
ਬੰਦਾ ਉਹੀ ਚੀਜ਼ ਅੱਗੇ ਵੰਡਦਾ ਏ ਜੋ ਚੰਗੀ ਲੱਗੇ।
ਕਵਿਤਾ ਵਿੱਚੋਂ ਟੋਰੰਟੋ ਨੇੜੇ ਨਿਆਗਰਾ ਫਾਲਜ਼ ਬੈਠਾ ਮੱਖਣ ਬਰਾੜ ਆਪਣੇ ਪਿੰਡ ਨੂੰ ਕਿਵੇਂ ਚਿਤਵਦਾ ਹੈ. ਉਹ ਕਮਾਲ ਹੈ। ਇਸ ਕਮਾਲ ਨਾਲ ਸਾਂਝ ਪਾਉ।
ਕੱਲ੍ਰ ਵਤਨਾਂ ਦਾ ਆਇਆ ਸੁਪਨਾ
ਅੱਧੀ ਰਾਤ ਪਹਿਰ ਦੇ ਤੜਕੇ।
ਚਾਰ ਚੁਫੇਰੇ ਨਜ਼ਰ ਘੁੰਮਾਈ,
ਪਿੰਡ ਦੀ ਫਿਰਨੀ ਉੱਕੇ ਖੜ੍ਹ ਕੇ।
ਜਿੱਥੇ ਮੈਂ ਸੀ ਤੁਰਨਾ ਸਿੱਖਿਆ,
ਪਿਉ ਆਪਣੇ ਦੀ ਉਂਗਲੀ ਫੜ ਕੇ।
ਨਾ ਉਹ ਛੱਪੜ ਨਾ ਉਹ ਪਿੱਪਲ,
ਨਾ ਕਿਧਰੇ ਕੋਈ ਨਲਕਾ ਖੜਕੇ।
ਕਿੱਥੇ ਮਾਂ ਤੇਰੇ ਸੂਤ ਗਲੋਟੇ,
ਕਿੱਧਰ ਗਏ ਅੱਜ ਤੇਰੇ ਚਰਖੇ।
ਬੜੇ ਚਿਰਾਂ ਦਾ ਭੁੱਖਾ ਹਾਂ ਮੈਂ,
ਲਿਆ ਰੋਟੀ ਤੇ ਮੱਖਣੀ ਧਰ ਕੇ।
ਜਿਹੜੀ ਅੱਜ ਪਕਾਈ ਧੁੱਪੇ,
ਤੂੰ ਮੰਜੇ ਦਾ ਓਹਲਾ ਕਰਕੇ।
ਤੌੜੀ ਵਾਲਾ ਦੁੱਧ ਲਿਆ ਦੇ,
ਲਾਲ ਹੁੰਦਾ ਸੀ ਜੋ ਕੜ੍ਰ ਕੜ੍ਹ ਕੇ।
ਏਸ ਮਧਾਣੀ- ਗੂੰਜ ਨੂੰ ਤਰਸਾ,
ਪੈਂਦੀ ਸੀ ਜੋ ਤੜਕੇ ਤੜਕੇ।
ਅੱਕ ਗਿਆ ਮੈਂ , ਥੱਕ ਗਿਆ ਮੈਂ,
ਵੇਖੀਆਂ ਬਹੁਤ ਕਮਾਈਆਂ ਕਰਕੇ।
ਹੁਣ ਮਾਏ ਮੈਂ ਸੌਣਾ ਚਾਹੁੰਦਾਂ,
ਤੇਰੀ ਗੋਦੀ ਵਿੱਚ ਸਿਰ ਧਰ ਕੇ।
ਮਾਂ ਦੇ ਪੈਰਾਂ ਹੇਠਾਂ ਜੰਨਤ,
ਮੁੜ ਆਇਆਂ ਮੈਂ ਚੰਦ ਕੇ ਚੜ੍ਹ ਕੇ।
ਮਾਂ ਦਾ ਰੁਤਬਾ ‘ਮੱਖਣ ਬਰਾੜਾ’
ਮਿਲਦਾ ਜੋਬਨ ਗਹਿਣੇ ਧਰ ਕੇ।
ਮੱਲ ਕੇ ਪਿੰਡ ਦੀ ਮਿੱਟੀ ਨੂੰ ਸਲਾਮ, ਜਿਸ ਨੇ ਤਿੰਨ ਸੰਗੀਤਕ ਹੀਰੇ ਪੰਜਾਬ ਨੂੰ ਹੀ ਨਹੀਂ ਪੂਰੇ ਗਲੋਬ ਤੇ ਵੱਸਦੇ ਪੰਜਾਬੀਆਂ ਨੂੰ ਦਿੱਤੇ।
ਮੇਰਾ ਪਿੱਤਰ ਪੁਨੀਤ ਦੱਸ ਰਿਹਾ ਸੀ ਕਿ ਰਾਜ ਬਰਾੜ ਦਾ ਸਪੁੱਤਰ ਜੋਸ਼ ਬਰਾੜ ਵੀ ਬਹੁਤ ਸੋਹਣਾ ਗਾ ਰਿਹੈ।
“ਸ਼ੇਰਾਂ ਦੇ ਪੁੱਤ ਸ਼ੇਰ” ਕਹਾਵਤ ਸੱਚ ਕਰਨ ਵਾਲੇ ਬੇਟੇ ਨੂੰ ਬਹੁਤ ਸਾਰਾ ਪਿਆਰ।
🟢
ਗੁਰਭਜਨ ਗਿੱਲ

