ਵਿਧਵਾ ਮਾਂ ਨੇ ਗੁਰੂ ਦੇ ਘਰ ‘ਚੋਂ,
ਇੱਕੋ ਲੱਤ ਦੇ ਭਾਰ ਖਲੋ ਕੇ,
ਰੱਬ ਸੱਚੇ ਤੋਂ ਇਹ ਮੰਗਿਆ ਸੀ ।
ਪੁੱਤਰ ਖਾਤਰ
ਸ਼ਾਨ ਉਮਰ ਤੇ ਉੱਚੀ ਕੁਰਸੀ ।
ਜਿਸ ਨੂੰ ਲੋਕੀ ਕਰਨ ਸਲਾਮਾਂ ।
ਪੋਤਰਿਆਂ ਲਈ ਰੁਤਬੇ ਵੱਡੇ ।
ਜਿਸ ਦਿਨ ਪੁੱਤ ਨੇ,
ਪਹਿਲੇ ਦਿਨ ਸਕੂਲ ਜਾਣ ਲਈ
ਬਸਤਾ ਚੁੱਕਿਆ
ਤੜਕੇ ਉੱਠ ਕੇ ਮਾਂ ਨੇ
ਪਹਿਲਾਂ ਖਿਚੜੀ ਰਿੰਨ੍ਹੀ ।
ਫੇਰ ਗੁਰੂ ਦੇ ਚਰਨੀਂ ਜਾ ਕੇ
ਸੀਸ ਨਿਵਾਇਆ ।
ਦਹੀਂ ਦੀ ਫੁੱਟੀ,
ਆ ਕੇ ਪੁੱਤ ਦੇ ਮੂੰਹ ਵਿੱਚ ਪਾਈ ।
ਮੂਕ ਜਹੀ ਅਰਦਾਸ
ਕਿ ਜਿਸ ਵਿਚ ਲਫ਼ਜ਼ ਨਹੀਂ ਸਨ ।
ਆਪੇ ਕੀਤੀ ਚੁੱਪ ਚੁਪੀਤੀ ।
ਇਹੋ ਮੰਗਿਆ
ਮੇਰਾ ਪੁੱਤ ਦਰਿਆ ਬਣ ਜਾਵੇ ।
ਦੁੱਖ ਮੁਸੀਬਤ ਰਾਹ ਛੱਡ ਜਾਵਣ
ਜਿੱਧਰ ਜਾਵੇ ।
ਰੋਜ਼ ਸਵੇਰੇ ਤੜਕੇ ਪਹਿਲਾਂ
ਆਪ ਜਾਗਦੀ,
ਲਾਲਟੈਣ ਜਾਂ ਦੀਵਾ
ਜੋ ਵੀ ਘਰ ਵਿਚ ਹੁੰਦਾ,
ਪੂੰਝ ਪਾਂਝ ਕੇ ਖ਼ੁਦ ਰੁਸ਼ਨਾਉਂਦੀ ।
ਮਗਰੋਂ ਪੁੱਤ ਨੂੰ ਆਣ ਜਗਾਉਂਦੀ ।
ਹਾਰੇ ਵਿਚੋਂ ਕੱਢ ਕਾੜ੍ਹਨੀ,
ਚੌਂਕੇ ਬੈਠ ਰਿੜਕਣਾ ਪਾਉਂਦੀ ।
ਘਮ ਘਮ ਘਮ ਘਮ ਫਿਰੇ ਮਧਾਣੀ ।
ਕੁਝ ਚਿਰ ਪਿਛੋਂ
ਮਧੁਰ ਰਾਗਣੀ ਮੁੱਕ ਜਾਂਦੀ ਸੀ ।
ਜ਼ਿੰਦਗੀ ਦੀ ਰਫ਼ਤਾਰ ਜਿਵੇਂ ਬਸ
ਰੁਕ ਜਾਂਦੀ ਸੀ ।
ਅਧਰਿੜਕੇ ਦਾ ਬਾਟਾ ਭਰ ਕੇ
ਪੁੱਤ ਨੂੰ ਦਿੰਦੀ ।
ਨਾਲੇ ਆਪਣੇ ਮੂੰਹੋਂ ਕਹਿੰਦੀ,
ਪੀ ਲੈ ਪੁੱਤ ਤੇ ਤਕੜਾ ਹੋ ਜਾ ।
ਛੇਤੀ ਛੇਤੀ ਵੱਡਾ ਹੋ ਜਾ ।
ਨਾਲੇ ਏਨੀ ਖੁਸ਼ਕ ਪੜ੍ਹਾਈ,
ਤੇਰਾ ਮੱਥਾ ਚੱਟ ਨਾ ਜਾਵੇ ।
ਥਿੰਦਾ ਪੀ ਕੇ ਔਖੀ ਘਾਟੀ
ਚੜ੍ਹ ਜਾਵੇਗਾ ।
ਗਿਣਤੀ ਮਿਣਤੀ
ਪੌਣੇ ਢਾਏ ਅਤੇ ਸਵਾਏ,
ਕੁੱਲ ਪਹਾੜੇ ਪੜ੍ਹ ਜਾਵੇਗਾ ।
ਨੀਲੀ ਛਤਰੀ ਵਾਲੇ ਰੱਬ ਨੇ,
ਭੋਲੀ ਭਾਲੀ ਅਨਪੜ੍ਹ ਮਾਂ ਦੀ,
ਬੋਲੀ ਅਣਬੋਲੀ ਅਭਿਲਾਖਾ,
ਤੇ ਚਿੱਤ ਵਿਚਲੀ ਇੱਛਿਆ ਪੂਰੀ ।
ਪੁੱਤ ਨੂੰ ਵੱਡੇ ਰੁਤਬੇ
ਨਾਲੇ ਮਾਣ-ਮਰਤਬੇ,
ਸਾਰੇ ਰੰਗ ਹੀ ਕੱਠੇ ਮਿਲ ਗਏ ।
ਸ਼ਬਦ-ਸੂਝ ਅੱਖਰਾਂ ਤੋਂ ਕੋਰੀ ।
ਬਿਰਧ ਸਰੀਰ ਤਪੱਸਵੀ ਪੂਰੀ ।
ਹਰ ਦਮ ਰਹੇ ਅਰਦਾਸਾਂ ਕਰਦੀ ।
ਆਪਣਾ ਇੱਕੋ ਇਸ਼ਟ ਧਿਆਏ ।
ਫਿਰੇ ਸਿਮਰਨਾ ਮਣਕਾ ਮਣਕਾ,
ਮੂੰਹ ਵਿਚ ਵਾਹਿਗੁਰੂ ਜਾਪ ਨਿਰੰਤਰ ।
ਬੋਲਦੇ ਹੋਠ ਰਤਾ ਨਾ ਹਿੱਲਦੇ,
ਹਰ ਪਲ ਘਰ ਵਿਚ ਲੰਗਰ ਚੱਲਦੇ ।
ਅੱਕਦੀ ਨਾ ਥੱਕਦੀ ਮਾਤਾ,
ਭਰੀ ਪਰਾਤ ‘ਚ ਆਟਾ ਗੁੰਨ੍ਹਦੀ ।
ਪੇੜੇ ਕਰਕੇ ਵੇਲਣ ਬਹਿੰਦੀ,
ਲੋਹ ਤੇ ਮੰਨ ਪਕਾਈ ਜਾਵੇ ।
ਪਾਥੀਆਂ ਲੱਕੜਾਂ ਮਿਲੀ ਜੁਲੀ ਅੱਗ,
ਵਿੱਚੇ ਰੱਬ ਧਿਆਈ ਜਾਵੇ ।
ਪੁੱਤਰ ਦੀ ਕਲਗੀ ਨੂੰ ਕਿਧਰੇ
ਆਂਚ ਨਾ ਆਵੇ ।
ਘਰ ਵਿਚ ਆਇਆ ਜੀਅ ਕੋਈ
ਭੁੱਖਾ ਨਾ ਜਾਵੇ ।
ਹਰ ਪਲ ਪੁੱਤਰ ਅਤੇ ਪੋਤਰੇ,
ਤੀਜਾ ਬੋਲ ਜ਼ਬਾਨ ਨਾ ਬੋਲੇ ।
ਘਰ ਵਿਚ ਨੂੰਹ ਤੇ ਪੁੱਤ ਪੋਤਰੇ,
ਆਗਿਆਕਾਰ ਬੇਗਾਨੀ ਧੀ ਹੈ ।
ਤੇ ਇਤਫ਼ਾਕ ‘ਚ
ਹਰ ਕੋਈ ਜੀਅ ਹੈ ।
ਮਾਂ ਦੀ ਇੱਛਿਆ ਮੂਜਬ ਚੱਲਦੇ,
ਘਰ ਦੇ ਕਾਰੋਬਾਰੀ ਪਹੀਏ ।
ਜੇ ਚਾਹੁੰਦੀ ਤਾਂ ਅੱਗੇ ਰਿੜ੍ਹਦੇ,
ਨਾ ਚਾਹੁੰਦੀ ਤਾਂ ਰੁਕ ਜਾਂਦੇ ਸਨ,
ਇੱਕ ਵੀ ਕਦਮ ਅਗਾਂਹ ਨਾ ਗਿੜਦੇ ।
ਏਨੇ ਸੁਖ ਵਿਚ ਰਹਿੰਦੀ ਮਾਂ ਨੂੰ,
ਚੇਤੇ ਅਕਸਰ ਆਉਂਦਾ
ਆਪਣੇ ਸਿਰ ਦਾ ਸਾਈਂ ।
ਪਰ ਉਹ ਆਪਣੇ ਮੂੰਹੋਂ
ਕਹਿੰਦੀ ਕਦੇ ਕਦਾਈਂ ।
ਪੁੱਤਰ ਮੇਰਾ ਸਗਵਾਂ
ਆਪਣੇ ਬਾਪੂ ਵਰਗਾ ।
ਓਹੀ ਨੱਕ ਤੇ ਓਹੀ ਮੱਥਾ ।
ਉਹੋ ਜਿਹੀ ਦਸਤਾਰ
ਤੇ ਹੇਠ ਦਰਸ਼ਨੀ ਦਾੜ੍ਹਾ ।
ਸ਼ੁਕਰ ਪਾਤਸ਼ਾਹ ਬੜਾ ਸੁਲੱਗ ਹੈ,
ਇਸ ਦੇ ਪੈਰੋਂ
ਮੈਂ ਅੱਜ ਤੀਕ ਪਈ ਨਾ ਝੂਠੀ,
ਇਸ ਕੀਤਾ ਕੰਮ ਕਦੇ ਨਾ ਮਾੜਾ ।
ਨੱਬੇ ਸਾਲ ਹੰਢਾ ਕੇ
ਬੇਬੇ ਜਦ ਮੋਈ ਸੀ ।
ਪੂਰੇ ਪਿੰਡ ਵਿਚ ਗੱਲ ਹੋਈ ਸੀ ।
ਸਿਰ ਤੋਂ ਨੰਗੀ ਹੋ ਗਈ ਭਾਵੇਂ
ਨਿੱਕੀ ਉਮਰੇ,
ਪਰ ਨਾ ਉਸਦੀ ਚੁੰਨੀ ਉਤੇ,
ਮਰਦੇ ਦਮ ਤੱਕ
ਦਾਗ਼ ਕੋਈ ਸੀ ।
ਸੱਚੀ ਸੁੱਚੀ ਸਹੁੰ ਵਰਗੀ ਸੀ ।
ਕੱਲ੍ਹੀ ਵੀ ਉਹ ਚਹੁੰ ਵਰਗੀ ਸੀ ।
ਪਾਕ-ਪਵਿੱਤਰ ਥਾਂ ਵਰਗੀ ਸੀ ।
ਸੱਚਮੁੱਚ ਰੱਬ ਦੇ ਨਾਂ ਵਰਗੀ ਸੀ ।
ਪੁੱਤਰ ਨੂੰ ਵੀ ਇੰਝ ਲੱਗਾ ਸੀ,
ਮਾਂ ਨਹੀਂ, ਮੇਰਾ ਬਾਬਲ ਮੋਇਆ ।
ਬੇਬੇ ਤੁਰ ਗਈ,
ਇੰਝ ਲੱਗਾ ਜਿਉਂ
ਘਰ ਦੇ ਕੰਮਕਾਰ ਨੇ ਮੁੱਕੇ ।
ਘਰ ਦੀਆਂ ਚੀਜ਼ਾਂ
ਬੇ-ਤਰਤੀਬੀਆਂ ਹੋ ਗਈਆਂ ਨੇ ।
ਜ਼ਿੰਦਗੀ ਦੀ ਇਕ ਤਾਰ
ਵਿਚਾਲਿਓਂ ਟੋਟੇ ਹੋਈ ।
ਬੇ-ਸੁਰ ਸਾਜ਼ ਵਜਾਵੇ ਕਿਹੜਾ ।
ਮਾਂ ਕਾਹਦੀ ਸੀ
ਸੱਚ ਮੁੱਚ ਸੰਘਣੀ ਛਾਂ ਵਰਗੀ ਸੀ ।
ਸੁੱਚਮ ਸੁੱਚੜੇ ਥਾਂ ਵਰਗੀ ਸੀ ।
ਸਿਵਿਆਂ ਵਿਚੋਂ ਗੱਲਾਂ ਤੁਰ ਕੇ,
ਘਰ ਘਰ ਗਈਆਂ ।
ਦਸ ਦਿਨ ਮਗਰੋਂ ਭੋਗ ਪੈ ਗਿਆ,
ਕਿਣਕਾ ਕਿਣਕਾ ਹੋ ਗਈ,
ਮਾਂ ਦੀ ਕਥਾ-ਕਹਾਣੀ ।
ਜਲ-ਪਰਵਾਹੇ ਫੁੱਲਾਂ ਦੇ ਸੰਗ,
ਕੀਰਤੀਆਂ ਦੇ ਮਾਲ ਖਜ਼ਾਨੇ,
ਰੋੜ੍ਹ ਲੈ ਗਿਆ ਵਗਦਾ ਪਾਣੀ।
ਗੁਰਭਜਨ ਗਿੱਲ

