(ਪ੍ਰੋ: ਜਸਪਾਲ ਸਿੰਘ ਅਤੇ ਆਰਤੀ ਬਕਸ਼ੀ ਦੁਆਰਾ ਪੜ੍ਹੇ ਗਏ ਪਰਚੇ ,ਹਾਜ਼ਰ ਕਵੀਆਂ ਵੱਲੋਂ ਕੀਤਾ ਗਿਆ ਕਵਿਤਾ ਪਾਠ )
ਫਿਉਰਨਸੌਲਾ – ਇਟਲੀ 23 ਜੁਲਾਈ (ਵਰਲਡ ਪੰਜਾਬੀ ਟਾਈਮਜ਼)
ਪਿਛਲੇ ਦਿਨੀਂ ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਪ੍ਰਧਾਨ ਮੇਜ਼ਰ ਸਿੰਘ ਖੱਖ ਦੀ ਪ੍ਰਧਾਨਗੀ ਵਿੱਚ ਫਿਉਰਨਸੌਲਾ ਸ਼ਹਿਰ ਵਿੱਚ ਇਟਲੀ ਦੇ ਮੰਨੇ ਪ੍ਰਮੰਨੇ ਪ੍ਰਸਿੱਧ ਗ਼ਜ਼ਲਗੋ ਪ੍ਰੇਮ ਪਾਲ ਸਿੰਘ ਦੇ ਪਲੇਠੇ ਗ਼ਜ਼ਲ ਸੰਗ੍ਰਹਿ “ਅਧੂਰੇ ਖ਼ਾਬ” ਨੂੰ ਲੋਕ ਅਰਪਣ ਕੀਤਾ ਗਿਆ ਅਤੇ ਇਸ ਉੱਪਰ ਸੁਚਾਰੂ ਵਿਚਾਰ ਚਰਚਾ ਵੀ ਕਰਵਾਈ ਗਈ। ਇਸ ਸਮਾਗਮ ਵਿੱਚ ਲੇਖਕਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਆਰੰਭ ਵਿੱਚ ਮੇਜਰ ਸਿੰਘ ਖੱਖ ਨੇ ਸਭ ਨੂੰ ਜੀ ਆਇਆਂ ਆਖਿਆ। ਗ਼ਜ਼ਲ ਸੰਗ੍ਰਹਿ ਅਧੂਰੇ ਖ਼ਾਬ ਉੱਤੇ ਪ੍ਰੋ:ਜਸਪਾਲ ਸਿੰਘ ਅਤੇ ਆਰਤੀ ਬਕਸ਼ੀ ਆਰੂ ਨੇ ਬਹੁਤ ਹੀ ਮਿਆਰੀ ਪਰਚੇ ਪੜ੍ਹੇ ਅਤੇ ਹਾਜ਼ਰ ਕਲਮਕਾਰਾਂ ਨਾਲ਼ ਵਿਚਾਰ ਚਰਚਾ ਕੀਤੀ। ਸਟੇਜ ਸਕੱਤਰ ਦਲਜਿੰਦਰ ਰਹਿਲ ਵੱਲੋਂ ਸਰਦਾਰ ਬਲਵਿੰਦਰ ਸਿੰਘ ਚਾਹਲ ਯੂ ਕੇ ,ਕੁਲਵਿੰਦਰ ਸਿੰਘ ਬਾਠ ਯੂ ਐਸ ਏ, ਪ੍ਰੋ ਬਲਦੇਵ ਸਿੰਘ ਧਾਲੀਵਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ, ਪ੍ਰੋਫੈਸਰ ਦਿਆ ਸਿੰਘ ਖਾਲਸਾ ਕਾਲਜ ਅੰਮ੍ਰਿਤਸਰ ਅਤੇ ਹਰਮੀਤ ਸਿੰਘ ਅਟਵਾਲ ਜਲੰਧਰ ਵਲੋਂ ਕਿਤਾਬ ਅਧੂਰੇ ਖ਼ਾਬ ਲਈ ਪ੍ਰੇਮ ਪਾਲ ਸਿੰਘ ਨੂੰ ਭੇਜੇ ਵਧਾਈ ਸੰਦੇਸ਼ ਪੜ੍ਹ ਕੇ ਸੁਣਾਏ। ਇਸ ਮੌਕੇ ਅਧੂਰੇ ਖ਼ਾਬ ਤੋਂ ਇਲਾਵਾ ਰਾਜਸਥਾਨ ਤੋਂ ਛੱਪਦੇ ਤਰੈ ਮਾਸਿਕ ਮੈਗਜ਼ੀਨ ਪੈੜਾਂ ਦੇ ਵਿਸ਼ੇਸ਼ ਪਰਵਾਸ ਅੰਕ , ਮੈਗਜ਼ੀਨ ਰਾਗ , ਆਤਮਜੀਤ ਅਤੇ ਪ੍ਰੋ ਗੁਰਭਜਨ ਸਿੰਘ ਗਿੱਲ ਦੁਆਰਾ ਸੰਪਾਦਿਤ ਪੁਸਤਕ “ਪੰਜਾਬੀ ਬੋਲੀ ਰਮਜ਼ਾਂ, ਰੁਕਾਵਟਾਂ ਤੇ ਰਾਹ ਅਤੇ ਡਾ ਐਸ ਪੀ ਸਿੰਘ ਦੀ ਦਿਸ਼ਾ ਨਿਰਦੇਸ਼ ਵਿੱਚ ਡਾ ਮਨਦੀਪ ਕੌਰ ਦੁਆਰਾ ਸੰਪਾਦਿਤ ਪੁਸਤਕ ਗੁਜਰਾਂਵਾਲਾ ਵੀ ਯੂਰਪੀ ਪੰਜਾਬੀ ਪਾਠਕਾਂ ਲਈ ਲੋਕ ਅਰਪਣ ਕੀਤੀਆਂ ਗਈਆਂ।
ਦੂਸਰੇ ਸੈਸ਼ਨ ਵਿੱਚ ਹਾਜ਼ਰ ਕਵੀਆਂ ਵਿੱਚ ਪ੍ਰੇਮ ਪਾਲ ਸਿੰਘ,ਮੇਜਰ ਸਿੰਘ ਖੱਖ, ਪ੍ਰੋ ਜਸਪਾਲ ਸਿੰਘ,ਆਰਤੀ ਬਕਸ਼ੀ ਆਰੂ, ਜੱਸੀ ਬੰਗਾ ,ਜਗਦੀਸ਼ ਸਿੰਘ ਮਹਿਮੀ ,ਜਗਤਾਰ ਸਿੰਘ ਸਹੋਤਾ , ਜਗਰੂਪ ਸਿੰਘ ਭੁੱਲਰ,ਸਿੱਕੀ ਝੱਜੀ ਪਿੰਡ ਵਾਲਾ,ਨਰਿੰਦਰ ਸਿੰਘ ਪੰਨੂ, ਮਨਵੀਰ ਸਿੰਘ ਅਤੇ ਦਲਜਿੰਦਰ ਰਹਿਲ ਨੇ ਆਪਣੀਆਂ ਕਵਿਤਾਵਾਂ ਅਤੇ ਗੀਤ, ਗ਼ਜ਼ਲਾਂ ਰਾਹੀਂ ਸਮਾਂ ਬੰਨ੍ਹ ਦਿੱਤਾ। ਅੰਤ ਵਿੱਚ ਪ੍ਰੇਮ ਪਾਲ ਸਿੰਘ ਨੇ ਗ਼ਜ਼ਲ ਸੰਗ੍ਰਹਿ ਤੇ ਹੋਈ ਵਿਚਾਰ ਚਰਚਾ ਤੇ ਤਸੱਲੀ ਪ੍ਰਗਟਾਉਂਦਿਆਂ ਸੱਭ ਦਾ ਧੰਨਵਾਦ ਕੀਤਾ ।
