ਅਰਸ਼ ਸੱਚਰ ਨੇ ਬਜਟ ਸ਼ੈਸ਼ਨ ਨੂੰ ਧਿਆਨ ’ਚ ਰੱਖਦਿਆਂ ਫਰੀਦਕੋਟ ਹਲਕੇ ਦੇ ਵਿਕਾਸ ਲਈ ਮੰਗਿਆ ਵਿਸ਼ੇਸ਼ ਪੈਕੇਸ
ਕੋਟਕਪੂਰਾ/ਫਰੀਦਕੋਟ, 5 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਫਰੀਦਕੋਟ ਦੇ ਲੋਕਾਂ ਦੀ ਆਵਾਜ਼ ਬਣ ਕੇ ਲਗਾਤਾਰ ਜਨਹਿੱਤ ਦੇ ਮੁੱਦਿਆਂ ਨੂੰ ਉਠਾਉਣ ਵਾਲੇ ਸਮਾਜਸੇਵੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਰਸ਼ ਸੱਚਰ ਨੇ ਪੰਜਾਬ ਬਜਟ ਸੈਸ਼ਨ 2026 ਨੂੰ ਧਿਆਨ ਵਿੱਚ ਰੱਖਦਿਆਂ ਫਰੀਦਕੋਟ ਵਿਧਾਨ ਸਭਾ ਹਲਕੇ ਦੇ ਸਮੂਹਿਕ ਵਿਕਾਸ ਲਈ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਨੂੰ ਇੱਕ ਵਿਸਥਾਰਪੂਰਵਕ ਪੱਤਰ ਭੇਜ ਕੇ ਖਾਸ ਵਿਕਾਸ ਪੈਕੇਜ ਅਤੇ ਵੱਧ ਤੋਂ ਵੱਧ ਬਜਟ ਅਲਾਟਮੈਂਟ ਦੀ ਮੰਗ ਕੀਤੀ ਹੈ। ਆਪਣੇ ਪੱਤਰ ਵਿੱਚ ਉਨ੍ਹਾਂ ਦਰਸਾਇਆ ਕਿ ਫਰੀਦਕੋਟ ਇਤਿਹਾਸਕ, ਸਿੱਖਿਆ ਅਤੇ ਸਿਹਤ ਦੇ ਪੱਖੋਂ ਮਹੱਤਵਪੂਰਨ ਜ਼ਿਲ੍ਹਾ ਹੋਣ ਦੇ ਬਾਵਜੂਦ ਕਈ ਬੁਨਿਆਦੀ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਨਿਵੇਸ਼ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਬਜਟ 2026 ਵਿੱਚ ਫਰੀਦਕੋਟ ਲਈ ਖਾਸ ਤੌਰ ’ਤੇ ਵੱਡਾ ਬਜਟ ਰਾਖਵ ਕੀਤਾ ਜਾਵੇ ਤਾਂ ਇਸ ਹਲਕੇ ਨੂੰ ਵਿਕਾਸ ਦੇ ਮਾਡਲ ਵਜੋਂ ਤਿਆਰ ਕੀਤਾ ਜਾ ਸਕਦਾ ਹੈ। ਅਰਸ਼ ਸੱਚਰ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਬਜਟ ਤਿਆਰ ਕਰਦੇ ਸਮੇਂ ਫਰੀਦਕੋਟ ਲਈ ਇੱਕ ਵਿਸਥਾਰਪੂਰਵਕ ਵਿਕਾਸ ਰੋਡਮੈਪ ਤਿਆਰ ਕਰਕੇ ਸੜਕਾਂ ਅਤੇ ਟਰੈਫਿਕ ਸੁਰੱਖਿਆ, ਸੈਮ ਨਾਲਾ ਪੁੱਲ ਅਤੇ ਹੋਰ ਪੁੱਲੀਆਂ ਦੀ ਮਜ਼ਬੂਤੀ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਵਿੱਚ ਆਧੁਨਿਕ ਸਹੂਲਤਾਂ, ਸ਼ਹਿਰ ਅਤੇ ਪਿੰਡਾਂ ਵਿੱਚ ਪੀਣ ਵਾਲੇ ਪਾਣੀ ਅਤੇ ਸੀਵਰੇਜ ਪ੍ਰਣਾਲੀ ਦਾ ਵਿਸਥਾਰ, ਨੇਹਰੂ ਸਟੇਡੀਅਮ ਦੀ ਆਧੁਨਿਕਤਾ, ਯੁਵਾਂ ਲਈ ਖੇਡ ਸਹੂਲਤਾਂ, ਨਹਿਰ ਕਿਨਾਰੇ ਟੂਰਿਜ਼ਮ ਅਤੇ ਫਿਟਨੈਸ ਕੋਰੀਡੋਰ ਦਾ ਵਿਕਾਸ, ਨਵੀਆਂ ਕਾਲੋਨੀਆਂ ਵਿੱਚ ਬੁਨਿਆਦੀ ਢਾਂਚਾ ਅਤੇ ਸਮਾਰਟ ਸਟਰੀਟ ਲਾਈਟਿੰਗ ਅਤੇ ਕਿਸਾਨਾਂ ਤੇ ਨੌਜਵਾਨਾਂ ਲਈ ਹੁਨਰ ਵਿਕਾਸ ਅਤੇ ਰੋਜ਼ਗਾਰ ਯੋਜਨਾਵਾਂ ਵਰਗੇ ਪ੍ਰੋਜੈਕਟਾਂ ਲਈ ਵੱਡੇ ਪੱਧਰ ’ਤੇ ਬਜਟ ਮੁਹੱਈਆ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਉਹ ਲੰਮੇ ਸਮੇਂ ਤੋਂ ‘ਮਸ਼ਨ 2027 ਫਰੀਦਕੋਟ ਫਰਸਟ’ ਦੇ ਵਿਜ਼ਨ ਨਾਲ ਲੋਕਾਂ ਦੇ ਮੁੱਦੇ ਸਰਕਾਰ ਤੱਕ ਪਹੁੰਚਾ ਰਹੇ ਹਨ ਅਤੇ ਇਹ ਮੰਗ ਵੀ ਉਸੇ ਲੜੀ ਦਾ ਹਿੱਸਾ ਹੈ। ਅਰਸ਼ ਸੱਚਰ ਨੇ ਕਿਹਾ ਕਿ ਜੇਕਰ ਸਰਕਾਰ ਬਜਟ ਸੈਸ਼ਨ 2026 ਵਿੱਚ ਫਰੀਦਕੋਟ ਲਈ ਖਾਸ ਤਰਜੀਹ ਦੇ ਕੇ ਵੱਡਾ ਵਿਕਾਸ ਪੈਕੇਜ ਐਲਾਨ ਕਰਦੀ ਹੈ ਤਾਂ ਇਸ ਨਾਲ ਇਲਾਕੇ ਦੀ ਤਰੱਕੀ ਤੇਜ਼ ਹੋਵੇਗੀ ਅਤੇ ਲੋਕਾਂ ਦਾ ਸਰਕਾਰ ’ਤੇ ਭਰੋਸਾ ਹੋਰ ਮਜ਼ਬੂਤ ਹੋਵੇਗਾ। ਉਨ੍ਹਾਂ ਅੰਤ ਵਿੱਚ ਕਿਹਾ ਕਿ ਉਹ ਹਮੇਸ਼ਾ ਦੀ ਤਰ੍ਹਾਂ ਲੋਕਾਂ ਦੀ ਆਵਾਜ਼ ਬਣ ਕੇ ਹਰ ਮੰਚ ’ਤੇ ਫਰੀਦਕੋਟ ਦੇ ਹੱਕ ਅਤੇ ਵਿਕਾਸ ਲਈ ਲੜਦੇ ਰਹਿਣਗੇ ਅਤੇ ਜਨਹਿੱਤ ਦੇ ਮੁੱਦਿਆਂ ‘ਤੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।

Leave a Reply