ਪੰਜਾਬ ਭਵਨ ਸੱਰੀ(ਕੈਨੇਡਾ) ਦਾ ਦਸਵਾਂ ਸਾਲ “ਨਵੀਆਂ ਕਲਮਾਂ ਨਵੀਂ ਉਡਾਣ” ਸੁਪਨੇ ਤੋਂ ਹਕੀਕਤ ਦੀ ਭਰਪੂਰ ਫ਼ਸਲ

ਪੰਜਾਬ ਭਵਨ ਸੱਰੀ(ਕੈਨੇਡਾ) ਦਾ ਦਸਵਾਂ ਸਾਲ “ਨਵੀਆਂ ਕਲਮਾਂ ਨਵੀਂ ਉਡਾਣ” ਸੁਪਨੇ ਤੋਂ ਹਕੀਕਤ ਦੀ ਭਰਪੂਰ ਫ਼ਸਲ

ਕੱਲ੍ਹ ਪੰਜਾਬ ਭਵਨ ਸੱਰੀ(ਕੈਨੇਡਾ) ਦੇ ਸੰਸਥਾਪਕ ਸੁੱਖੀ ਬਾਠ ਵੱਲੋਂ ਕਰਵਾਏ ਦੂਸਰੇ ਸਾਲਾਨਾ “ਨਵੀਆਂ ਕਲਮਾਂ ਨਵੀਂ ਉਡਾਨ” ਪ੍ਰਾਜੈਕਟ ਅਧੀਨ ਫਗਵਾੜਾ ਦੇ ਕੈਂਬਰਿਜ ਸਕੂਲ ਵਿੱਚ ਕਰਵਾਏ ਰਾਜ ਪੱਧਰੀ ਸਮਾਗਮ ਵਿੱਚ ਜਾਣ ਦਾ ਸੁਭਾਗ ਮਿਲਿਆ।
ਲੁਧਿਆਣਿਓਂ ਤ੍ਰੈਲੋਚਨ ਲੋਚੀ ਤੇ ਕੌਮੀ ਪੁਰਸਕਾਰ ਵਿਜੇਤਾ ਅਧਿਆਪਕ ਤੇ ਬਾਲ ਸਾਹਿੱਤ ਲੇਖਕ ਕਰਮਜੀਤ ਗਰੇਵਾਲ ਇਕੱਠੇ ਗਏ।
ਬਹੁਕ ਖ਼ੂਬਸੂਰਤ ਕੈਂਪਸ ਵਿੱਚ ਰੌਣਕਾਂ ਦਾ ਆਲਮ ਨਿਵੇਕਲਾ ਸੀ। ਜੰਗਲ ਕਿਤੇ ਨਹੀਂ ਸੀ, ਮੰਗਲ ਹੀ ਮੰਗਲ ਸੀ। ਢੋਲ ਦੀ ਥਾਪ, ਗੁਲਦਸਤੇ ਤੇ ਫੇਟੋਬਾਜ਼ੀ ਨੇ ਸਾਡਾ ਸੁਆਗਤ ਕੀਤਾ, ਪਰ ਅਜੀਬ ਲੱਗ ਰਿਹਾ ਸੀ ਕਿਉਂਕਿ ਇਹ ਮਾਣ ਲੈ ਕੇ ਮਹਿਸੂਸ ਰੁੰਦਾ ਹੈ ਕਿ ਅਸੀਂ ਬਾਕੀ ਸੰਗਤ ਤੋਂ ਵੱਖਰੇ ਹਾਂ। ਇਹ ਵਖਰੇਵਾਂ ਮਿਟਾਉਣਾ ਹੀ ਤਾਂ ਸਿਰਜਣਸ਼ੀਲਤਾ ਹੈ। ਬੱਚਿਆਂ ਅੰਦਰ ਸਿਰਜਣਾ ਦੇ ਬੀਜ ਹੁਣ ਬੂਟੇ ਬਣ ਕੇ ਹਾਲ ਵਿੱਚ ਮਹਿਕ ਰਹੇ ਸਨ। ਮੰਚ ਤੇ ਬੱਚਿਆਂ ਦਾ ਆਤਮ ਵਿਸ਼ਵਾਸ ਵੇਖ ਕੇ, ਮੁੜ ਜੰਮ ਕੇ ਇਨ੍ਹਾਂ ਅਧਿਆਪਕਾਂ ਕੋਲੋਂ ਸਕੂਲ ਵਰਦੀ ਪਾ ਕੇ ਪੜ੍ਹਨ ਨੂੰ ਜੀ ਕਰ ਆਇਆ।
ਕਵਿਤਾਵਾਂ , ਗੀਤ ਤੇ ਨਾਟਕ ਪੇਸ਼ਕਾਰੀਆਂ ਕਮਾਲੋ ਕਮਾਲ ਸਨ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ , ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਸ ਪ ਸਿੰਘ, ਅਕਾਲ ਵਿੱਦਿਅਕ ਸੰਸਥਾਵਾਂ ਮਸਤੂਆਣਾ ਸਾਹਿਬ( ਸੰਗਰੂਰ) ਦੇ ਸਕੱਤਰ ਸ, ਜਸਵੰਤ ਸਿੰਘ ਖਹਿਰਾ, ਸੁਖਵਿੰਦਰ ਸਿੰਘ ਫੁੱਲ ਸਟਾਫ ਰੀਪੋਰਟਰ ਅਜੀਤ ਸੰਗਰੂਰ, ਬਾਲ ਸਾਹਿੱਤ ਸਿਰਜਕ ਕਮਲਜੀਤ ਨੀਲੋਂ, ਡਾ. ਦਰਸ਼ਨ ਸਿੰਘ ਆਸ਼ਟ, ਮਨਮੋਹਨ ਸਿੰਘ ਦਾਊਂ,ਗੁਰਮੀਤ ਪਲਾਹੀ, ਤ੍ਰੈਲੋਚਨ ਲੋਚੀ, ਕਰਮਜੀਤ ਗਰੇਵਾਲ ਸਮੇਤ ਕਈ ਹੋਰ ਸੱਜਣ ਪਿਆਰੇ ਬੱਚਿਆਂ ਦੀਆਂ ਪੇਸ਼ਕਾਰੀਆਂ ਨੂੰ ਤਾੜੀਆਂ ਮਾਰ ਮਾਰ ਸਲਾਹ ਰਹੇ ਸਾਂ।
ਪੂਰਾ ਪੰਜਾਬ ਏਥੇ ਹਾਜ਼ਰ ਸੀ। ਮਾਝਾ, ਮਾਲਵਾ, ਦੋਆਬਾ ਤੇ ਪੁਆਧ। ਸੁੱਖੀ ਬਾਠ ਹਰ ਕਿਸੇ ਬਾਲ -ਬੱਚੇ ਨੂੰ ਦੁਲਾਰ, ਵੱਡਿਆਂ ਤੇ ਹਾਣੀਆਂ ਨੂੰ ਪਿਆਰ ਸਤਿਕਾਰ ਵੰਡ ਰਿਹਾ ਸੀ। ਗਿਦੜਬਾਹਾ ਤੋਂ ਆਏ ਅਧਿਆਪਕ ਵੀਰ ਬਿੱਕਰ ਸਿੰਘ ਮਾਣਕ ਦੀ ਬਾਲ ਸਾਹਿਤ “ਮੰਮੀ ਦੇ ਨਾਲ ਗਏ ਨਾਨਕੀਂ”ਪੁਸਤਕ ਵੀ ਇੱਥੋਂ ਪ੍ਰਾਪਤ ਹੋਈ। ਡਾ. ਸੁਖਪਾਲ ਕੌਰ ਸਮਰਾਲਾ ਦੀ ਵੱਡੇ ਅਰਥਾਂ ਵਾਲੀਆਂ ਨਿੱਕੀਆਂ ਕਵਿਤਾਵਾਂ ਦੀ ਕਿਤਾਬ “ਬੇਪਰਵਾਹੀਆਂ”ਵੀ ਮਿਲੀ।
ਡਾ. ਅਮਰਪਾਲ ਸਿੰਘ ਦਾ ਸੁਨੇਹਾ ਕਮਾਲ ਸੀ ਕਿ ਬੱਚਿਆਂ ਦੀ ਮਾਸੂਮੀਅਤ ਨਾ ਗੁਆਚਣ ਦਿਉ। ਸਿਆਣੀਆਂ ਗੱਲਾਂ ਨਾ ਸਿਖਾਉ,ਸਿੱਖਣ ਦੀ ਜਾਚ ਸਿਖਾਉ। ਮੇਰਾ ਸਿਰ ਮਾਣ ਨਾਲ ਉੱਚਾ ਹੋ ਗਿਆ ਕਿ ਜਿਸ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿੱਚ ਮੈਂ ਤੀਹ ਸਾਲ ਪੜ੍ਹਾਇਆ ਹੈ, ਡਾ.ਅਮਰਪਾਲ ਸਿੰਘ ਉਥੇ ਹੀ ਪੜ੍ਹਿਆ ਹੈ। ਸੁਪਨੇ ਬੀਜਣ, ਪਾਲਣ ਤੇ ਨੇਕੀ ਦੇ ਬੀਜ ਵੰਡਣ ਦੀ ਧਰਤੀ ਦਾ ਜਾਇਆ।
ਮੈਨੂੰ ਯਾਦ ਆ ਰਿਹਾ ਸੀ ਕਿ ਕਿਵੇਂ ਦਸ ਸਾਲ ਪਹਿਲਾਂ ਰੇਡੀਉ ਰੈੱਡ ਐੱਫ ਐੱਮ ਤੇ ਹਰਜਿੰਦਰ ਥਿੰਦ ਨਾਲ ਮੇਰੀ ਮੁਲਾਕਾਤ ਸੁਣ ਕੇ ਸੁੱਖੀ ਬਾਠ ਨੇ ਮੇਰੇ ਸਹਿਪਾਠੀ ਮੋਹਨ ਗਿੱਲ ਨੂੰ ਫੋਨ ਕਰਕੇ ਮੈਨੂੰ ਮਿਲਣ ਦੀ ਤਾਂਘ ਦੱਸੀ ਸੀ। ਕੈਲੇਨਾ(ਕੈਨੇਡਾ) ਤੋਂ ਪਰਤਦਿਆਂ
ਮੋਹਨ ਨੇ ਸੁੱਖੀ ਨਾਲ ਇਕਰਾਰ ਕੀਤਾ ਕਿ ਕੱਲ੍ਹ ਆਵਾਂਗੇ। ਪਰਤ ਕੇ ਉਹ ਰਾਤੀਂ ਮੋਹਨ ਬੀਮਾਰ ਹੋ ਗਿਆ ਤੇ ਪਿਆਰੇ ਮਿੱਤਰ ਕੁਲਦੀਪ ਗਿੱਲ ਦੇ ਨਾਲ ਮੈਂ, ਡਾ, ਗੁਲਜ਼ਾਰ ਵਿਲਿੰਗ ਤੇ ਪੰਜਾਬੋਂ ਕੈਨੇਡਾ ਗਏ ਹੋਏ ਮੇਰੇ ਵੱਡੇ ਵੀਰ ਤੇ ਯੂਨੀਵਰਸਿਟੀ ਸਹਿਕਰਮੀ ਡਾ. ਸਰਜੀਤ ਸਿੰਘ ਗਿੱਲ ਸੁੱਖੀ ਬਾਠ ਮੋਟਰਜ਼ ਤੇ ਸੁੱਖੀ ਨੂੰ ਜਾ ਮਿਲੇ। ਕਾਰੋਬਾਰ ਦਾ ਆਕਾਰ ਵਿਸ਼ਾਲ ਸੀ ਪਰ ਸੁੱਖੀ ਦਾ ਮਨ ਕੁਝ ਵੱਧ ਕਰਨ ਦੀ ਇੱਛਾ ਵਿਖਾ ਰਿਹਾ ਸੀ। ਉਦੋਂ ਉਹ ਸਟੁਡੀਉ 7 ਦੇ ਨਾਮ ਹੇਠ ਕੰਮ ਕਰ ਕਰਵਾ ਰਿਹਾ ਸੀ।
ਮੈਂ ਸੁਝਾਅ ਦਿੱਤਾ ਕਿ ਕੈਨਵਸ ਵੱਡਾ ਕਰੋ, ਰੰਗ ਤਾਂ ਹੀ ਨਿੱਖਰਨਗੇ। ਇਸ ਵਿੱਚੋਂ ਹੀ ਪੰਜਾਬ ਭਵਨ ਦਾ ਸੰਕਲਪ ਨਿਕਲਿਆ। ਸੁੱਖੀ ਬਾਠ ਪਰਿਵਾਰ ਨੂੰ ਬਾਬਲ ਸ. ਅਰਜਨ ਸਿੰਘ ਤੇ ਮਾਤਾ ਦੀ ਗੁੜ੍ਹਤੀ ਹੀ ਸ਼ਕਤੀ ਦੇ ਰਹੀ ਹੈ। ਉਸ ਦੀ ਜੀਵਨ ਸਾਥਣ ਭੈਣ ਜੀ ਸੁਖਵਿੰਦਰ, ਪੁੱਤਰ ਲਾਲੀ, ਨੂੰਹ, ਧੀ, ਦਾਮਾਦ, ਪੋਤਰੀਆਂ, ਪੋਤਰਾ ਵੀਰ ਅਰਜਨ, ਭਾਣਜਾ ਅੰਮ੍ਰਿਤਪਾਲ ਸਿੰਘ ਮਾਨ ਤੇ ਉਸ ਦਾ ਪਰਿਵਾਰ ਇਸ ਮਹਾਂ ਯੱਗ ਵਿੱਚ ਨਿਰੰਤਰ ਸ਼ਾਮਲ ਹੈ। ਹੁਣ ਸੁੱਖੀ ਬਾਠ ਗਲੋਬਲ ਪੰਜਾਬੀ ਭਾਸ਼ਾ ਚੇਤਨਾ ਦਾ ਰਾਜਦੂਤ ਹੈ, ਟੋਰੰਟੋ ਵਾਲੇ ਵੀਰ ਡਾ. ਦਲਬੀਰ ਸਿੰਘ ਕਥੂਰੀਆ, ਚੇਅਰਮੈਨ ਵਿਸ਼ਵ ਪੰਜਾਬੀ ਸਭਾ ਤੇ ਸੰਸਥਾਪਕ ਵਿਸ਼ਵ ਪੰਜਾਬੀ ਭਵਨ ਟੋਰੰਟੋ (ਕੈਨੇਡਾ) ਵਾਂਗ ਹੀ। ਦਲਬੀਰ ਮਗਰੋ ਚੇਲ ਕੇ ਤੇਜ਼ ਤੁਰ ਰਿਹਾ ਹੈ।
ਹਰ ਦੋ ਫਰਾਲਾ (ਜਲੰਧਰ)ਪਿੰਡ ਦੀ ਮਿੱਟੀ ਨੂੰ ਸਲਾਮ! ਕਦੇ ਏਥੇ ਕੌਈ ਨਹੀਂ ਸੀ ਜਾਣਦਾ, ਹੁਣ ਸੁੱਖੀ ਬਾਠ, ਬਲਦੇਵ ਬਾਠ, ਡਾ. ਕੁਲਵਿੰਦਰ ਬਾਠ ਤੇ ਇਸ ਪਿੰਡ ਦਾ ਪੁਰਾਣਾ ਸਰਪੰਚ ਤੇ ਅਮਰੀਕਾ ਵੱਸਦਾ ਪੰਜਾਬੀ ਕਵੀ ਰਵਿੰਦਰ ਸਹਿਰਾਅ ਮੇਰਾ ਵਿਸ਼ਾਲ ਪਰਿਵਾਰ ਹੈ। ਪਿਛਲੇ ਮਹੀਨੇ ਵਿੱਛੜੇ ਮੇਰੇ ਕਵੀ ਮਿੱਤਰ ਮੰਗਾ ਸਿੰਘ ਬਾਸੀ ਦਾ ਨਾਨਕਾ ਪਿੰਡ ਹਰ ਦੋ ਫਰਾਲਾ। ਇਸ ਮਿੱਟੀ ਨੂੰ ਸਲਾਮ।


ਗੁਰਭਜਨ ਗਿੱਲ

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.