
ਐਡਮਿੰਟਨ 20 ਸਤੰਬਰ (ਬਲਵਿੰਦਰ ਬਾਲਮ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਯੂਨਾਈਟਿਡ ਕਲਚਰਲ ਕਲੱਬ ਐਡਮਿੰਟਨ ਵੱਲੋਂ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੁਹਿੰਮ ਵਿੱਚ ਕਲੱਬ ਦੇ ਮੈਂਬਰਾਂ ਦੇ ਨਾਲ-ਨਾਲ ਸੀਨੀਅਰ ਸਿਟੀਜ਼ਨਾਂ ਅਤੇ ਸਹਿਯੋਗੀ ਵਲੰਟੀਅਰਾਂ ਨੇ ਵੀ ਉਤਸ਼ਾਹ ਨਾਲ ਹਿੱਸਾ ਲਿਆ।
ਐਡਮਿੰਟਨ ਪਬਲਿਕ ਲਾਇਬ੍ਰੇਰੀ ਦੇ ਆਲੇ-ਦੁਆਲੇ ਵਲੰਟੀਅਰਾਂ ਨੇ ਖਿੱਲਰਿਆ ਹੋਇਆ ਕੂੜਾ ਅਤੇ ਹੋਰ ਬੇਕਾਰ ਵਸਤੂਆਂ ਇਕੱਠੀਆਂ ਕਰਕੇ ਲਿਫ਼ਾਫ਼ਿਆਂ ਵਿੱਚ ਪਾਈਆਂ ਅਤੇ ਕੂੜੇਦਾਨਾਂ ਵਿੱਚ ਸੁੱਟੀਆਂ। ਵਾਤਾਵਰਨ ਦੀ ਰੱਖਿਆ, ਸਫ਼ਾਈ ਪ੍ਰਤੀ ਜਾਗਰੂਕਤਾ ਅਤੇ ਭਾਈਚਾਰਕ ਸਾਂਝ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਇਹ ਵਿਸ਼ੇਸ਼ ਮੁਹਿੰਮ ਆਰੰਭੀ ਗਈ।
ਕਲੱਬ ਦੇ ਅਹੁਦੇਦਾਰਾਂ ਨੇ ਕਿਹਾ ਕਿ ਇਸ ਪਹਿਲਕਦਮੀ ਦਾ ਮੁੱਖ ਉਦੇਸ਼ ਲੋਕਾਂ ਨੂੰ ਆਪਣੇ ਆਲੇ-ਦੁਆਲੇ ਦੀ ਸਫ਼ਾਈ ਬਣਾਈ ਰੱਖਣ ਅਤੇ ਵਾਤਾਵਰਨ ਦੀ ਸੰਭਾਲ ਵਿੱਚ ਸਰਗਰਮ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਨਾ ਹੈ। ਸਿਹਤਮੰਦ, ਹਰਿਆ-ਭਰਿਆ ਅਤੇ ਟਿਕਾਊ ਸਮਾਜ ਸਿਰਜਣ ਵਿੱਚ ਸਫ਼ਾਈ ਦਾ ਬਹੁਤ ਮਹੱਤਵਪੂਰਨ ਯੋਗਦਾਨ ਹੁੰਦਾ ਹੈ।
ਵਲੰਟੀਅਰਾਂ ਨੇ ਕਿਹਾ ਕਿ ਕੈਨੇਡਾ ਆਪਣੀ ਸਾਫ਼-ਸੁਥਰੀ ਹਵਾ, ਪਾਣੀ ਅਤੇ ਸੁੰਦਰ ਲੈਂਡਸਕੇਪਿੰਗ ਕਰਕੇ ਦੁਨੀਆ ਭਰ ਵਿੱਚ ਜਾਣਿਆ ਜਾਂਦਾ ਹੈ। ਇੱਥੇ ਵੱਸਦੇ ਭਾਰਤੀਆਂ ਅਤੇ ਪੰਜਾਬੀਆਂ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਕੈਨੇਡਾ ਨੂੰ ਆਪਣਾ ਦੂਜਾ ਘਰ ਸਮਝਦਿਆਂ ਇਸ ਦੇ ਵਾਤਾਵਰਨ ਨੂੰ ਸਾਫ਼-ਸੁਥਰਾ ਅਤੇ ਉੱਤਮ ਬਣਾਈ ਰੱਖਣ ਵਿੱਚ ਯੋਗਦਾਨ ਪਾਉਣ। ਉਨ੍ਹਾਂ ਭਵਿੱਖ ਵਿੱਚ ਵੀ ਇਸ ਮੁਹਿੰਮ ਨੂੰ ਨਿਰੰਤਰ ਜਾਰੀ ਰੱਖਣ ਦਾ ਭਰੋਸਾ ਦਿੱਤਾ।
ਉਨ੍ਹਾਂ ਕਿਹਾ ਕਿ ਰੈਕ ਸੈਂਟਰ ਵਿੱਚ ਤਾਸ਼ ਖੇਡਣਾ ਕੇਵਲ ਮਨੋਰੰਜਨ ਦਾ ਇੱਕ ਜ਼ਰੀਆ ਹੈ। ਮਨੋਰੰਜਨ ਦੇ ਨਾਲ-ਨਾਲ ਜੇਕਰ ਸਮਾਜ-ਸੇਵਾ ਅਤੇ ਸਫ਼ਾਈ ਵੱਲ ਵੀ ਧਿਆਨ ਦਿੱਤਾ ਜਾਵੇ ਤਾਂ ਇਹ ਸਮੇਂ ਅਤੇ ਸਮਰੱਥਾ ਦੀ ਸੁਚੱਜੀ ਵਰਤੋਂ ਹੋਵੇਗੀ। ਅਜਿਹੇ ਕਾਰਜਾਂ ਨਾਲ ਭਾਈਚਾਰੇ ਦੀ ਚੰਗੀ ਪਛਾਣ ਬਣਦੀ ਹੈ ਅਤੇ ਸਾਂਝੀਵਾਲਤਾ ਦਾ ਸੰਦੇਸ਼ ਫੈਲਦਾ ਹੈ।
ਇਸ ਸਫ਼ਾਈ ਮੁਹਿੰਮ ਵਿੱਚ ਗੁਰਿੰਦਰ ਸਿੰਘ ਸਿੱਧੂ, ਜੰਗ ਪਹਿਲਵਾਨ, ਚਰਨਜੀਤ ਦਿਓਲ, ਸੁਰਜੀਤ ਸਿੰਘ ਸਿੱਧੂ, ਭਜਨ ਗਿੱਲ, ਕੁਲਵਿੰਦਰ ਸਿੰਘ ਸਿੱਧੂ, ਦੰਗਲ ਸਿੰਘ, ਸੁਰਜੀਤ ਸਿੰਘ, ਸੁਖਦੇਵ ਕੁਲਾਰ, ਪ੍ਰਦੁਮਣ ਸਿੰਘ ਅੰਤਰਰਾਸ਼ਟਰੀ ਖਿਡਾਰੀ, ਪ੍ਰਗਟ ਸਿੰਘ, ਰਾਜੂ ਤੂਰ, ਭੁਪਿੰਦਰ ਸਿੰਘ, ਅਵਤਾਰ ਸਿੰਘ, ਰਾਜੂ ਸਰਪੰਚ, ਕੁਲਦੀਪ ਸਿੰਘ, ਸਰਬਜੀਤ ਗਰੇਵਾਲ, ਬਲਦੇਵ ਸਿੰਘ ਗਿੱਲ, ਪ੍ਰੇਮ ਸਿੰਘ ਬਾਵਾ, ਨਿਰਮਲ ਸਿੰਘ ਸਮੇਤ ਕਲੱਬ ਦੇ ਅਹੁਦੇਦਾਰਾਂ ਅਤੇ ਹੋਰ ਸਹਿਯੋਗੀ ਵਲੰਟੀਅਰਾਂ ਨੇ ਭਾਗ ਲਿਆ।

