ਕੈਬਨਿਟ ਮੰਤਰੀ ਸ਼੍ਰੀ. ਅਮਨ ਅਰੋੜਾ ਅਤੇ ਡਾ. ਬਲਜੀਤ ਕੌਰ ਨੇ ਆਧੁਨਿਕ ਸਿਮੂਲੇਸ਼ਨ ਸਹੂਲਤਾਂ ਦਾ ਕੀਤਾ ਉਦਘਾਟਨ; ਦੇਸ਼ ਭਰ ਦੇ ਉੱਘੇ ਮੈਡੀਕਲ ਮਾਹਿਰਾਂ ਦੀ ਸ਼ਮੂਲੀਅਤ
ਫ਼ਰੀਦਕੋਟ, 6 ਜੁਲਾਈ (ਵਰਲਡ ਪੰਜਾਬੀ ਟਾਈਮਜ਼)
ਪੰਜਾਬ ਵਿੱਚ ਮੈਡੀਕਲ ਸਿੱਖਿਆ ਅਤੇ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ (ਬੀ.ਐਫ.ਯੂ.ਐਚ.ਐਸ.), ਫ਼ਰੀਦਕੋਟ ਵਿਖੇ ਅੱਜ “ਸਿਮੂਵਰਸ 2026” ਨਾਮਕ ਤਿੰਨ ਰੋਜ਼ਾ ਰਾਸ਼ਟਰੀ ਕਾਨਫਰੰਸ ਦੀ ਸ਼ੁਰੂਆਤ ਹੋਈ। ਇਸ ਕਾਨਫਰੰਸ ਦਾ ਉਦੇਸ਼ ਡਾਕਟਰਾਂ, ਪੋਸਟ ਗ੍ਰੈਜੂਏਟ ਵਿਦਿਆਰਥੀਆਂ, ਨਰਸਿੰਗ ਅਤੇ ਅਲਾਈਡ ਹੈਲਥ ਸਾਇੰਸਿਜ਼ ਦੇ ਵਿਦਿਆਰਥੀਆਂ ਨੂੰ ਆਧੁਨਿਕ ਸਿਮੂਲੇਸ਼ਨ ਤਕਨੀਕ ਰਾਹੀਂ ਵਿਹਾਰਕ ਸਿਖਲਾਈ ਦੇ ਕੇ ਮਰੀਜ਼ਾਂ ਨੂੰ ਹੋਰ ਸੁਰੱਖਿਅਤ ਅਤੇ ਗੁਣਵੱਤਾ ਭਰੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ।
ਇਸ ਕਾਨਫਰੰਸ ਦਾ ਉਦਘਾਟਨ ਪੰਜਾਬ ਦੇ ਮਾਨਯੋਗ ਕੈਬਨਿਟ ਮੰਤਰੀ (ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ) ਸ਼੍ਰੀ. ਅਮਨ ਅਰੋੜਾ ਜੀ ਅਤੇ ਪੰਜਾਬ ਦੇ ਮਾਨਯੋਗ ਕੈਬਨਿਟ ਮੰਤਰੀ (ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ) ਡਾ. ਬਲਜੀਤ ਕੌਰ ਜੀ ਨੇ ਕੀਤਾ। ਇਸ ਮੌਕੇ ਸ. ਗੁਰਦਿੱਤ ਸਿੰਘ ਸੇਖੋਂ, ਵਿਧਾਇਕ ਅਤੇ ਮੈਂਬਰ, ਬੋਰਡ ਆਫ ਮੈਨੇਜਮੈਂਟ, ਬੀ.ਐਫ.ਯੂ.ਐਚ.ਐਸ., ਪ੍ਰੋ. (ਡਾ.) ਰਾਜੀਵ ਸੂਦ, ਵਾਈਸ ਚਾਂਸਲਰ, ਬੀ.ਐਫ.ਯੂ.ਐਚ.ਐਸ., ਸ਼੍ਰੀ ਅਰਵਿੰਦ ਕੁਮਾਰ, ਰਜਿਸਟਰਾਰ, ਡਾ. ਦੀਪਕ ਜੌਨ ਭੱਟੀ, ਡੀਨ ਕਾਲਜ ਡਿਵੈਲਪਮੈਂਟ, ਡਾ. ਰਾਜੀਵ ਸ਼ਰਮਾ, ਕੰਟਰੋਲਰ ਪ੍ਰੀਖਿਆਵਾਂ, ਡਾ. ਸੀਮਾ ਗਰੋਵਰ ਭੱਟੀ, ਪ੍ਰਿੰਸੀਪਲ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ, ਡਾ. ਨੀਤੂ ਕੁੱਕੜ, ਮੈਡੀਕਲ ਸੁਪਰਡੈਂਟ, ਡਾ. ਜਸਬੀਰ ਕੌਰ, ਪ੍ਰਿੰਸੀਪਲ, ਯੂਨੀਵਰਸਿਟੀ ਕਾਲਜ ਆਫ ਅਲਾਈਡ ਹੈਲਥ ਸਾਇੰਸਿਜ਼ ਅਤੇ ਡਾ. ਸ਼ੌਰਭ ਸਿਨ੍ਹਾ, ਆਰਗੇਨਾਈਜ਼ਿੰਗ ਸੈਕਟਰੀ, ਸਿਮੂਵਰਸ 2026 ਸਮੇਤ ਵੱਡੀ ਗਿਣਤੀ ਵਿੱਚ ਫੈਕਲਟੀ ਮੈਂਬਰ, ਡਾਕਟਰ ਅਤੇ ਵਿਦਿਆਰਥੀ ਹਾਜ਼ਰ ਸਨ।
ਇਸ ਮੌਕੇ ਮਾਨਯੋਗ ਮਹਿਮਾਨਾਂ ਵੱਲੋਂ ਜੇਰੀਆਟ੍ਰਿਕ ਕੇਅਰ ਪ੍ਰੋਵਾਈਡਰ ਲੈਬ, ਐਮਰਜੈਂਸੀ ਮੈਡੀਕਲ ਟੈਕਨੀਸ਼ੀਅਨ ਲੈਬ, ਐਡਵਾਂਸਡ ਸਰਜੀਕਲ ਸਿਮੂਲੇਸ਼ਨ ਸੈਂਟਰ, ਮਲਟੀਡਿਸ਼ਪਲਿਨਰੀ ਐਡਵਾਂਸਡ ਸਰਜੀਕਲ ਐਨਾਟੋਮੀ ਐਂਡ ਇਮੇਜਿੰਗ ਲੈਬ ਅਤੇ ਅਪਗ੍ਰੇਡ ਕੀਤੀ ਗਈ ਆਫਥੈਲਮੋਲੋਜੀ ਡਾਇਗਨੋਸਟਿਕ ਐਂਡ ਲੇਜ਼ਰ ਟ੍ਰੀਟਮੈਂਟ ਲੈਬ ਦਾ ਵੀ ਉਦਘਾਟਨ ਕੀਤਾ ਗਿਆ। ਇਹ ਆਧੁਨਿਕ ਸਹੂਲਤਾਂ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਨੂੰ ਅਸਲ ਮਰੀਜ਼ਾਂ ‘ਤੇ ਇਲਾਜ ਕਰਨ ਤੋਂ ਪਹਿਲਾਂ ਸੁਰੱਖਿਅਤ ਮਾਹੌਲ ਵਿੱਚ ਅਭਿਆਸ ਕਰਨ ਦਾ ਮੌਕਾ ਪ੍ਰਦਾਨ ਕਰਨਗੀਆਂ।
ਸਵਾਗਤੀ ਭਾਸ਼ਣ ਦੌਰਾਨ ਪ੍ਰੋ. (ਡਾ.) ਰਾਜੀਵ ਸੂਦ, ਵਾਈਸ ਚਾਂਸਲਰ, ਬੀ.ਐਫ.ਯੂ.ਐਚ.ਐਸ. ਨੇ ਕਿਹਾ ਕਿ ਸਿਮੂਵਰਸ 2026 ਪੰਜਾਬ ਨੂੰ ਸਿਮੂਲੇਸ਼ਨ ਆਧਾਰਿਤ ਮੈਡੀਕਲ ਸਿੱਖਿਆ ਦਾ ਪ੍ਰਮੁੱਖ ਕੇਂਦਰ ਬਣਾਉਣ ਵੱਲ ਇੱਕ ਮਹੱਤਵਪੂਰਨ ਪਹਿਲ ਹੈ। ਉਨ੍ਹਾਂ ਦੱਸਿਆ ਕਿ ਤਿੰਨ ਦਿਨਾਂ ਦੌਰਾਨ ਭਾਗੀਦਾਰਾਂ ਨੂੰ ਲੈਪਰੋਸਕੋਪਿਕ ਸਰਜਰੀ, ਰੋਬੋਟਿਕ ਸਰਜਰੀ, ਐਂਡੋਯੂਰੋਲੋਜੀ, ਰੀਪ੍ਰੋਡਕਟਿਵ ਮੈਡੀਸਨ, ਆਰਥਰੋਸਕੋਪੀ, ਇੰਟਰਵੈਨਸ਼ਨਲ ਕਾਰਡੀਓਲੋਜੀ, ਨਿਊਰੋਸਰਜਰੀ, ਅਲਟਰਾਸਾਊਂਡ ਆਧਾਰਿਤ ਪ੍ਰੋਸੀਜਰ ਅਤੇ ਹੋਰ ਕਈ ਆਧੁਨਿਕ ਤਕਨੀਕਾਂ ਦੀ ਵਿਹਾਰਕ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਜਿਹੀਆਂ ਸਿਖਲਾਈਆਂ ਦਾ ਸਿੱਧਾ ਲਾਭ ਆਮ ਲੋਕਾਂ ਨੂੰ ਬਿਹਤਰ ਅਤੇ ਵਧੇਰੇ ਸੁਰੱਖਿਅਤ ਸਿਹਤ ਸੇਵਾਵਾਂ ਦੇ ਰੂਪ ਵਿੱਚ ਮਿਲੇਗਾ।
ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੀ. ਅਮਨ ਅਰੋੜਾ ਨੇ ਬੀ.ਐਫ.ਯੂ.ਐਚ.ਐਸ. ਵੱਲੋਂ ਸਥਾਪਿਤ ਕੀਤੀਆਂ ਗਈਆਂ ਆਧੁਨਿਕ ਸਿਮੂਲੇਸ਼ਨ ਸਹੂਲਤਾਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪ੍ਰੋ. (ਡਾ.) ਰਾਜੀਵ ਸੂਦ ਦੀ ਅਗਵਾਈ ਹੇਠ ਯੂਨੀਵਰਸਿਟੀ ਨੇ ਮੈਡੀਕਲ ਸਿੱਖਿਆ ਵਿੱਚ ਨਵੀਆਂ ਉਚਾਈਆਂ ਹਾਸਲ ਕੀਤੀਆਂ ਹਨ ਅਤੇ ਇਸ ਦਾ ਕੰਮ ਆਪ ਹੀ ਇਸ ਦੀ ਪਹਿਚਾਣ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਸਿਰਫ਼ ਡਿਗਰੀ ਹੀ ਨਹੀਂ, ਸਗੋਂ ਉੱਚ ਪੱਧਰੀ ਹੁਨਰ ਵੀ ਬਹੁਤ ਜ਼ਰੂਰੀ ਹਨ। ਸਿਮੂਲੇਸ਼ਨ ਆਧਾਰਿਤ ਸਿਖਲਾਈ ਨਾਲ ਡਾਕਟਰਾਂ ਦਾ ਆਤਮ-ਵਿਸ਼ਵਾਸ ਵਧਦਾ ਹੈ ਅਤੇ ਮਰੀਜ਼ਾਂ ਦੀ ਸੁਰੱਖਿਆ ਯਕੀਨੀ ਬਣਦੀ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਪੰਜਾਬ ਭਵਿੱਖ ਵਿੱਚ ਮੈਡੀਕਲ ਸਿੱਖਿਆ ਅਤੇ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣੇਗਾ।
ਡਾ. ਬਲਜੀਤ ਕੌਰ ਨੇ ਬੀ.ਐਫ.ਯੂ.ਐਚ.ਐਸ. ਵੱਲੋਂ ਪਿਛਲੇ ਕੁਝ ਸਾਲਾਂ ਦੌਰਾਨ ਕੀਤੇ ਗਏ ਵਿਕਾਸ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਲੰਮੇ ਸਮੇਂ ਤੋਂ ਇਸ ਯੂਨੀਵਰਸਿਟੀ ਨਾਲ ਜੁੜੇ ਰਹੇ ਹਨ ਅਤੇ ਅੱਜ ਇਸ ਨੂੰ ਰਾਸ਼ਟਰੀ ਪੱਧਰ ਦੀਆਂ ਕਾਨਫਰੰਸਾਂ ਦੀ ਮੇਜ਼ਬਾਨੀ ਕਰਦਿਆਂ ਦੇਖਣਾ ਮਾਣ ਵਾਲੀ ਗੱਲ ਹੈ। ਉਨ੍ਹਾਂ ਵਾਈਸ ਚਾਂਸਲਰ ਅਤੇ ਸਮੁੱਚੀ ਟੀਮ ਨੂੰ ਆਧੁਨਿਕ ਸਹੂਲਤਾਂ ਵਿਕਸਿਤ ਕਰਨ ਅਤੇ ਮੈਡੀਕਲ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਵਧਾਈ ਦਿੱਤੀ।
ਸ. ਗੁਰਦਿੱਤ ਸਿੰਘ ਸੇਖੋਂ, ਵਿਧਾਇਕ ਅਤੇ ਮੈਂਬਰ, ਬੋਰਡ ਆਫ ਮੈਨੇਜਮੈਂਟ ਨੇ ਕਿਹਾ ਕਿ ਵਾਈਸ ਚਾਂਸਲਰ ਪ੍ਰੋ. (ਡਾ.) ਰਾਜੀਵ ਸੂਦ ਦੀ ਅਗਵਾਈ ਹੇਠ ਯੂਨੀਵਰਸਿਟੀ ਅਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੀ ਟੀਮ ਜਿਸ ਤੇਜ਼ੀ ਨਾਲ ਤਰੱਕੀ ਕਰ ਰਹੀ ਹੈ, ਉਹ ਸ਼ਲਾਘਾਯੋਗ ਹੈ।
ਕਾਨਫਰੰਸ ਵਿੱਚ ਦੇਸ਼ ਦੀਆਂ ਪ੍ਰਮੁੱਖ ਮੈਡੀਕਲ ਸੰਸਥਾਵਾਂ ਤੋਂ ਆਏ ਪ੍ਰਸਿੱਧ ਮਾਹਿਰਾਂ ਪ੍ਰੋ. (ਡਾ.) ਸੁਧੀਰ ਕੁਮਾਰ ਰਾਵਲ, ਪ੍ਰੋ. (ਡਾ.) ਅਨੂਪ ਕੁਮਾਰ, ਪ੍ਰੋ. (ਡਾ.) ਪੀ.ਪੀ. ਸਿੰਘ, ਪ੍ਰੋ. (ਡਾ.) ਰਿਸ਼ੀ ਨੱਯਰ ਅਤੇ ਪ੍ਰੋ. (ਡਾ.) ਅਨਿਲ ਵਰਸ਼ਨੇ ਨੇ ਵੀ ਸ਼ਮੂਲੀਅਤ ਕੀਤੀ। ਯੂਨੀਵਰਸਿਟੀ ਵੱਲੋਂ ਸਾਰੇ ਵਿਸ਼ੇਸ਼ ਮਹਿਮਾਨਾਂ ਅਤੇ ਮਾਹਿਰਾਂ ਦਾ ਸਨਮਾਨ ਕੀਤਾ ਗਿਆ।
ਤਿੰਨ ਦਿਨਾਂ ਤੱਕ ਚੱਲਣ ਵਾਲੀ ਇਸ ਕਾਨਫਰੰਸ ਵਿੱਚ ਦੇਸ਼ ਭਰ ਤੋਂ ਆਏ ਸੀਨੀਅਰ ਫੈਕਲਟੀ ਮੈਂਬਰ, ਕਨਸਲਟੈਂਟ, ਸੀਨੀਅਰ ਰੈਜ਼ੀਡੈਂਟ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀ ਵੱਖ-ਵੱਖ ਵਿਗਿਆਨਕ ਸੈਸ਼ਨਾਂ, ਹੈਂਡਜ਼-ਆਨ ਵਰਕਸ਼ਾਪਾਂ, ਲਾਈਵ ਡੈਮੋ ਅਤੇ ਸਿਮੂਲੇਸ਼ਨ ਆਧਾਰਿਤ ਸਿਖਲਾਈ ਵਿੱਚ ਭਾਗ ਲੈਣਗੇ।
ਸਮਾਗਮ ਦੇ ਅੰਤ ਵਿੱਚ ਮਾਨਯੋਗ ਮਹਿਮਾਨਾਂ ਅਤੇ ਵਿਸ਼ੇਸ਼ ਫੈਕਲਟੀ ਦਾ ਸਨਮਾਨ ਕੀਤਾ ਗਿਆ। ਭਾਗੀਦਾਰਾਂ ਨੇ ਯੂਨੀਵਰਸਿਟੀ ਵਿੱਚ ਵਿਕਸਿਤ ਕੀਤੀਆਂ ਆਧੁਨਿਕ ਸਿਮੂਲੇਸ਼ਨ ਸਹੂਲਤਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ “ਸਿਮੂਵਰਸ 2026” ਮੈਡੀਕਲ ਸਿੱਖਿਆ ਨੂੰ ਨਵੀਂ ਦਿਸ਼ਾ ਦੇਣ ਦੇ ਨਾਲ-ਨਾਲ ਪੰਜਾਬ ਵਿੱਚ ਸਿਹਤ ਸੇਵਾਵਾਂ ਦੀ ਗੁਣਵੱਤਾ ਨੂੰ ਹੋਰ ਬਿਹਤਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ।
