ਜੂਨ ਚੁਰਾਸੀ ਦੀ ਅਸਾਵੀਂ ਜੰਗ ਵਿਚੋਂ ਜਿਉਂਦੇ ਬਚ ਗਏ ਇੱਕ ਸਿੰਘ ਜੀ ਦੱਸ ਰਹੇ ਸਨ..ਸਾਨੂੰ ਕਾਠੀਆਂ ਵਾਲੇ ਬਜਾਰ ਦੀ ਇੱਕ ਭੀੜੀ ਜਿਹੀ ਗਲੀ ਵਿਚ ਢਾਈ ਸੌ ਦੇ ਕਰੀਬ ਲੋਕਾਂ ਨਾਲ ਭੁੰਝੇ ਬਿਠਾਇਆ ਹੋਇਆ ਸੀ..!
ਇੱਕ ਗੱਡੀ ਦਵਾਲੇ ਅਖਬਾਰ ਲਾਈ ਹੋਈ..ਅੰਦਰੋਂ ਮੋਰੀਆਂ ਥਣੀ ਹਰੇਕ ਲੰਘਦੇ ਹੋਏ ਨੂੰ ਵੇਖ ਰਹੀਆਂ ਦੋ ਅੱਖੀਆਂ ਨੇ ਸਾਨੂੰ ਸੋਲਾਂ ਸਿੰਘਾਂ ਨੂੰ ਵੱਖਰਾ ਕਰ ਲਿਆ..!
ਫੇਰ ਇਹਨਾਂ ਚੋ ਸਭ ਤੋਂ ਪਹਿਲੋਂ ਭਾਈ ਸੁਖਦੇਵ ਸਿੰਘ ਭੱਠਲ ਅਤੇ ਅਮਰੀਕ ਸਿੰਘ ਹਰਦੋ ਛੰਨੀ ਨੂੰ ਪੰਜਾਹ ਫੁੱਟ ਦੂਰ ਖੜ ਗੋਲੀ ਮਾਰ ਦਿੱਤੀ..!
ਫੇਰ ਸਾਡੇ ਵਿਚੋਂ ਦੋ ਸਿੰਘ ਹੋਰ ਮਾਰੇ..ਫੇਰ ਸ਼ਹੀਦ ਦੇ ਨਾ ਨਾਲ ਜਾਣਿਆਂ ਜਾਂਦਾ ਭਾਈ ਗੋਪਾਲ ਸਿੰਘ..ਉਸਨੂੰ ਖੜਿਆ ਤਾਂ ਜਰੂਰ ਪਰ ਜਿਉਂਦਾ ਮੋੜ ਲਿਆਏ..ਪਤਾ ਨੀ ਕਿਓਂ..ਅਜੇ ਵੀ ਅਮਰੀਕਾ ਵਿਚ ਹੈ!
ਫੇਰ ਮੈਨੂੰ ਅਤੇ ਮੇਹਰਬਾਨ ਸਿੰਘ ਪੁਤਲੀ ਘਰ ਨੂੰ ਉਠਾ ਲਿਆ..ਅਜੇ ਕਰਨ ਹੀ ਲੱਗੇ ਸਨ ਕੇ ਅਚਾਨਕ ਦੋ ਅਫਸਰ ਆ ਗਏ..ਇੱਕ ਦਸਤਾਰ ਧਾਰੀ ਤੇ ਦੂਜਾ ਮੁਸਲਿਮ..ਗੁੱਟ ਦੇ ਚੌੜੇ ਕੜੇ ਤੇ ਕੁਰਾਨ ਦੀਆਂ ਆਇਤਾਂ..ਉਸਨੇ ਝਾੜਾਂ ਪਾਈਆਂ..ਫੜ ਕੇ ਕਿਓਂ ਮਾਰਦੇ ਓ..ਲਿਸਟਾਂ ਬਣਾਓ ਅਤੇ ਆਰਮੀ ਕੈਂਪਾਂ ਵਿਚ ਡੱਕੋ..ਪਰ ਦਸਤਾਰਧਾਰੀ ਚੁੱਪ ਰਿਹਾ!
ਅਜੇ ਵੀ ਜ਼ਿਹਨ ਵਿਚ ਨੱਚਦੇ ਦੋ ਅਣਸੁਲਝੇ ਸਵਾਲ..ਉਸ ਦਿਨ ਦੋ ਮਘੋਰਿਆਂ ਥਣੀ ਸ਼ਨਾਖਤ ਕਰਦੀਆਂ ਦੋ ਅੱਖੀਆਂ ਭਲਾ ਕਿਸਦੀਆਂ ਹੋ ਸਕਦੀਆਂ..?
ਅਤੇ ਦੂਜਾ..ਜਦੋਂ ਦੂਜੇ ਧਰਮ ਦਾ ਇਨਸਾਨ ਸਾਡੇ ਲਈ ਹਾਅ ਦਾ ਨਾਅਰਾ ਮਾਰ ਸਕਦਾ ਹੈ ਤਾਂ ਇਨ੍ਹਾਂ ਮੌਕਿਆਂ ਤੇ ਦਸਤਾਰਧਾਰੀ ਅਫਸਰ ਅਕਸਰ ਹੀ ਚੁੱਪ ਕਿਓਂ ਰਹਿ ਜਾਂਦੇ..?
ਦੂਜੇ ਸਵਾਲ ਦਾ ਜੁਆਬ ਤੇ ਸ਼ਾਇਦ ਓਹੀ ਬਦਕਿਸਮਤ ਦੇ ਸਕਦੇ ਸਨ ਜਿਹਨਾਂ ਨੂੰ ਨਵੰਬਰ ਚੁਰਾਸੀ ਦੀ ਪਹਿਲੀ ਤਰੀਕ ਨੂੰ ਇਸ ਗੱਲ ਦਾ ਪੂਰਾ ਮਾਣ ਸੀ ਕੇ ਉਹ ਤੇ ਵਰਦੀ ਧਾਰੀ ਦੇਸ਼ ਭਗਤ ਨੇ..ਹਿੰਸਕ ਭੀੜ ਨੇ ਕੀ ਆਖਣਾ..ਪਰ ਤਾਂ ਵੀ ਸਣੇ ਵਰਦੀ ਦਿੱਲੀ ਦੇ ਨੱਕ ਹੇਠਾਂ ਜਿਉਂਦੇ ਜੀ ਲੂਹ ਦਿੱਤੇ ਗਏ!
ਪਰ ਪਹਿਲੇ ਸਵਾਲ ਦਾ ਜੁਆਬ ਅੱਜ ਹਰ ਰੋਜ ਹਰ ਪਲ ਹਰ ਘੜੀ ਓਦੋਂ ਮਿਲਦਾ ਮਹਿਸੂਸ ਹੁੰਦਾ ਜਦੋਂ ਕਿੰਨੀਆਂ ਸਾਰੀਆਂ ਜਾਣੀਆਂ ਪਹਿਚਾਣੀਆਂ ਪੰਥਿਕ ਤੌਰ ਤੇ ਪਰਪੱਕ ਲੱਗਦੀਆ ਸਖਸ਼ੀਅਤਾਂ ਹਰ ਥਾਂ ਹਰ ਮਾਧਿਅਮ ਹਰ ਪੱਖ ਤੋਂ ਕੱਲੇ ਕੱਲੇ ਨੂੰ ਵੇਖ ਜਾਂਚ ਪਰਖ ਅਤੇ ਪੜਚੋਲ ਰਹੀਆਂ ਹੁੰਦੀਆਂ ਤਾਂ ਕੇ ਪਤਾ ਲੱਗ ਸਕੇ ਕੇ ਇਹ ਬੰਦਾ ਕਦੋਂ ਕੀ ਕਿੱਦਾਂ ਅਤੇ ਕਿਸਦੇ ਬਾਰੇ ਲਿਖਦਾ ਪੜਦਾ ਬੋਲਦਾ ਅਤੇ ਪ੍ਰਚਾਰਦਾ ਹੈ..ਇਸਦਾ ਝੁਕਾਓ ਲਹਿਜਾ ਅਤੇ ਵਤੀਰਾ ਕਿਸ ਧੜੇ ਵਲ ਨੂੰ ਜਿਆਦਾ ਹੈ..!
ਜਮਾਨਾ ਤਰੱਕੀ ਕਰ ਗਿਆ..ਹੁਣ ਨਾ ਤੇ ਆਪਣੀ ਪਛਾਣ ਲੁਕੋਣ ਦੀ ਹੀ ਲੋੜ ਹੈ ਤੇ ਨਾ ਹੀ ਗੱਡੀ ਦਵਾਲੇ ਲਪੇਟੀ ਹੋਈ ਦੋ ਮੋਰੀਆਂ ਵਾਲੀ ਅਖਬਾਰ ਦੀ..ਅੱਜ ਕੱਲ ਇਸ਼ਕ ਹੋਵੇ ਜਾਂ ਮੁਖਬਰੀ..ਸਭ ਕੁਝ ਸ਼ਰੇਆਮ ਅਤੇ ਖੁੱਲੇਆਮ ਹੁੰਦਾ!
ਹਰਪ੍ਰੀਤ ਸਿੰਘ ਜਵੰਦਾ