ਮਖੌਟੇ ਲੈ ਲਉ
ਮਖੌਟੇ ਲੈ ਲਉ
ਗਲੀ ਵਿਚੋੰ ਫੇਰੀ ਵਾਲਾ
ਜਾ ਰਿਹਾ ਸੀ ਤੇ ਨਾਲ ਹੀ
ਉੱਚੀ ਉੱਚੀ ਹੋਕਾ ਦਿੰਦਾ ਹੋਇਆ
ਮਖੌਟੇ ਲੈ ਲਉ
ਮਖੌਟੇ ਲੈ ਲਉ ।
ਅਵਾਜ਼ ਸੁਣ ਬਾਹਰ ਨਿਕਲ ਦੇਖਿਆ
ਫੇਰੀ ਵਾਲਾ ਹੋਕਾ ਦਿੰਦਾ ਜਾ ਰਿਹਾ ਸੀ
ਹੱਥ ਵਿਚ ਡੰਡਾ ਫੜਿਆ ਹੋਇਆ
ਜਿਵੇਂ ਗੁਬਾਰੇ ਬੰਨੇ ਹੁੰਦੇ ਹਨ
ਗੁਬਾਰੇ ਦੀ ਜਗ੍ਹਾ ਮਖੌਟੇ ਲੱਗੇ ਹੋਏ ਸਨ
ਜ਼ੋਰ ਜ਼ੋਰ ਦੀ ਹੋਕਾ ਦਿੰਦਾ
ਇੱਕੋ ਸਾਹ ਬੋਲੀ ਜਾਏ
ਮਖੌਟੇ ਲੈ ਲਉ
ਮਖੌਟੇ ਲੈ ਲਉ ।
ਹੈਰਾਨ ਹੋ ਮੈਂ ਤੱਕਿਆ ਉਸ ਵੱਲ
ਪੁੱਛਿਆ ਕੀ ਹੈ ਸੱਭ ਇਹ
ਕਹਿੰਦਾ ਮਰੀਆਂ ਜ਼ਮੀਰਾਂ
ਵਾਲਿਆਂ ਦੇ ਮਖੌਟੇ ਨੇ ਤੇ
ਕੀਮਤ ਵੀ ਹਰ ਮਖੌਟੇ ਦੀ
ਅਲੱਗ ਅਲੱਗ ਹੈ
ਹਰ ਮਖੌਟੇ ਦੇ ਗੁਣ ਗਾਇਨ
ਲੱਗਾ ਕਰਨ ਤੇ ਕੀਮਤ ਵੀ ਦੱਸੀ ਜਾਏ ।
ਕਹਿੰਦਾ ਉਹਨਾਂ ਦੇ ਮਖੌਟੇ ਨੇ ਇਹ ਜੋ
ਅੰਦਰੋਂ ਹੋਰ ਤੇ ਬਾਹਰੋਂ ਹੋਰ ਹੁੰਦੇ ਨੇ
ਮੂੰਹ ਵਿਚ ਮਿਠਾਸ ਤੇ ਉਹਨਾਂ ਦੇ
ਅੰਦਰ ਜ਼ਹਿਰ ਭਰਿਆ ਹੁੰਦਾ ਹੈ
ਜਿਹਨਾਂ ਦੀ ਕਹਿਣੀ ਤੇ ਕੱਥਨੀ
ਵਿਚ ਫ਼ਰਕ ਹੁੰਦਾ ਹੈ
ਦੋਸਤੀ ਦੇ ਨਾਮ ਤੇ ਉਹ
ਮਿੱਠੀਆਂ ਛੁਰੀਆਂ ਦਾ
ਕੰਮ ਕਰਦੇ ਹਨ
ਇਕ ਦੂਸਰੇ ਦੇ ਮਨਾਂ ਵਿਚ
ਜ਼ਹਿਰ ਭਰ ਅਲੱਗ ਕਰ
ਉਹਨਾਂ ਨੂੰ ਫਿਰ ਸਾਹ ਲੈਂਦੇ ਨੇ ।
ਕੁਝ ਮਖੌਟੇ ਐਸੇ ਨੇ ਜੋ
ਕਿਸੇ ਦੀ ਤਰੱਕੀ ਦੇਖ
ਖ਼ੁਸ਼ ਨਹੀਂ ਹੁੰਦੇ ਸੋਚਦੇ ਕਿਵੇ
ਇਸ ਵਿੱਚ ਵਿਘਨ ਪਾਇਆ ਜਾਏ
ਕਹਿੰਦਾ ਡਾਲਰ ਡਾਲਰ ਪਿੱਛੇ
ਵਿਕਣ ਵਾਲੇ ਲੋਕਾਂ ਦੇ ਮਖੌਟੇ ਨੇ ਇਹ ।
ਕੁਝ ਮਖੌਟੇ ਐਸੇ ਨੇ ਜੋ
ਹਰ ਮਹਿਫ਼ਲ ਵਿਚ ਪਹੁੰਚ
ਸਟੇਜ ਤੇ ਚੜ੍ਹ ਮਾਇਕ ਹਥਿਆਉਣ
ਦੀ ਕੋਸ਼ਿਸ਼ ਵਿੱਚ ਹੁੰਦੇ ਨੇ ਤੇ
ਬੋਲਣ ਲੱਗੇ ਚੁੱਪ ਹੋਣ ਵਿੱਚ
ਨਹੀਂ ਆਉਂਦੇ ਫਿਰ ।
ਪ੍ਰਬੰਧਕਾਂ ਨਾਲ ਮਿੱਠੀਆਂ ਮਿੱਠੀਆਂ
ਗੱਲਾਂ ਕਰ ਭਰਮਾਉਂਦੇ ਨੇ ਤੇ
ਪਿੱਠ ਪਿੱਛੇ ਬਦਖੋਈਆਂ ਕਰਦੇ ਨੇ
ਉਹਨਾਂ ਦੀਆਂ ਹੀ ਫਿਰ ਇਹ ।
ਕੁਝ ਮਖੌਟੇ ਪੈਸੇ ਦੇ ਬੱਲ
ਮਾਣ ਸਨਮਾਨ ਕਰਾਉਂਦੇ ਹਨ ।
ਸਿਰ ਘੁੰਮ ਗਿਆ ਮੇਰਾ
ਮਖੌਟੇ ਵੇਚਣ ਵਾਲੇ ਦੀਆਂ
ਗੱਲਾਂ ਸੁਣ
ਲੱਗਾ ਹੁਣੇ ਚੱਕਰ ਆ ਜਾਣਾ ਮੈਨੂੰ
ਤੇ ਗਸ਼ ਖਾ ਡਿੱਗ ਜਾਣਾ ਮੈਂ
ਔਹ ਐਨੀ ਹਨੇਰਗਰਦੀ ।
ਬਿਨ ਮਖੌਟਾ ਖ੍ਰੀਦਿਆਂ
ਉਸਨੂੰ ਵਿਦਾ ਕੀਤਾ
ਥਾਏਂ ਖੜੀ ਸੋਚਦੀ ਰਹਿ ਗਈ
ਕੀ ਹੋ ਗਿਆ ਲੋਕਾਂ ਦੀਆਂ
ਜ਼ਮੀਰਾਂ ਨੂੰ ਹਰ ਚੀਜ਼ ਵਿਕਾਊ
ਹੋਕਾ ਦਿੰਦਾ ਤੁਰੀਆ ਜਾਏ
ਮਖੌਟੇ ਲੈ ਲਉ
ਮਖੌਟੇ ਲੈ ਲਉ ।
ਹਰ ਮਖੌਟੇ ਦੀ ਕੀਮਤ ਅਲੱਗ
ਮਖੌਟੇ ਪਿੱਛੇ ਛੁਪੇ ਚਿਹਰਿਆਂ ਦੀ
ਅਸਲੀਅਤ ਨੂੰ ਵੀ ਬਿਆਨ ਕਰ ਗਿਆ
ਵਾਹ ਵੇ ਭਾਈ ਮਖੌਟੇ ਵਾਲਿਆ
ਤੇਰੀ ਸੋਚ ਨੂੰ ਸਿੱਜਦਾ
ਮਖੌਟੇ ਪਿੱਛੇ ਛੁਪੇ ਘਿਣੌਣੇ
ਚਿਹਰਿਆਂ ਦੀ ਸਚਾਈ
ਨੂੰ ਬਿਆਨ ਕਰ ਗਿਆ ।
ਮਖੌਟੇ ਲੈ ਲਉ
ਮਖੌਟੇ ਲੈ ਲਉ
ਅਵਾਕ ਖੜੀ , ਪੱਥਰ ਬਣੀ
ਜਾਂਦੇ ਹੋਏ ਉਸ ਫੇਰੀ
ਵਾਲੇ ਨੂੰ ਦੇਖ ਰਹੀ ਸੀ
ਹੱਥ ਵਿਚ ਡੰਡਾ ਤੇ
ਡੰਡੇ ਤੇ ਮਖੌਟੇ ਬੰਨੇ ਹੋਏ ਸਨ
ਅਲੱਗ ਅਲੱਗ ਰੰਗਾਂ ਵਿਚ
ਰੰਗੇ ਉਹਨਾਂ ਦੀ ਅੰਦਰ ਦੀ
ਅਸਲੀਅਤ ਬਿਆਨ ਕਰ ਗਏ ।
ਮਖੌਟੇ ਲੈ ਲਉ
ਮਖੌਟੇ ਲੈ ਲਉ ।
ਇਸ ਤਰਾਂ ਦਾ ਗਾਣਾ ਯਾਦ ਕਰ
ਗੁਣਗੁਣਾਉਂਦੀ ਹਾਂ , ਸੋਚਦੀ
ਸੱਚ ਹੀ ਤੇ ਹੈ
‘ਇੱਕ ਚਿਹਰੇ ਪੇ ਕਈ ਚਿਹਰੇ ਲਗਾ ਲੈਤੇ ਹੈ ਲੋਕ’
ਰਮਿੰਦਰ ਰੰਮੀ
