ਸਮਾਜਸੇਵੀਆਂ ਨੇ ਮੌਕੇ ’ਤੇ ਪਹੁੰਚ ਕੇ ਕੀਤਾ ਪਰਦਾਫਾਸ਼, ਕਾਰਵਾਈ ਦੀ ਮੰਗ
ਕੋਟਕਪੂਰਾ, 24 ਮਾਰਚ (ਟਿੰਕੂ ਕੁਮਾਰ’/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਸ਼ਹਿਰ ਵਿੱਚੋਂ ਲੰਘਦੀਆਂ ਨਹਿਰਾਂ ’ਤੇ ਨਜਾਇਜ਼ ਮਾਈਨਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਰਾਜਸਥਾਨ ਅਤੇ ਸਰਹਿੰਦ ਨਹਿਰ ਦੀ ਪਟੜੀ ’ਤੇ ਇਹ ਖੇਡ ਪਿਛਲੇ ਕਈ ਸਾਲਾਂ ਤੋਂ ਚੱਲ ਰਹੀ ਹੈ। ਸ਼ਨੀਵਾਰ ਅੱਧੀ ਰਾਤ ਨੂੰ ‘ਜਲ ਜੀਵਨ ਬਚਾਓ ਮੋਰਚਾ’ ਦੀ ਅਗਵਾਈ ਹੇਠ ਸਮਾਜ ਸੇਵੀਆਂ ਨੇ ਮੌਕੇ ’ਤੇ ਪਹੁੰਚ ਕੇ ਇਸ ਮਾਮਲੇ ਦਾ ਖੁਲਾਸਾ ਕੀਤਾ। ਇਸ ਤੋਂ ਬਾਅਦ ਪੁਲਿਸ ਨੇ ਮੌਕੇ ਤੋਂ ਮਿੱਟੀ ਨਾਲ ਭਰੇ ਦੋ ਟਿੱਪਰ, ਇੱਕ ਪੋਕਲੇਨ ਮਸ਼ੀਨ ਅਤੇ ਹੋਰ ਸਾਮਾਨ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੋਰਚੇ ਦੇ ਮੈਂਬਰਾਂ ਨੂੰ ਇਲਾਕਾ ਵਾਸੀਆਂ ਨੇ ਸੂਚਨਾ ਦਿੱਤੀ ਸੀ ਕਿ ਜੌੜੀਆਂ ਨਹਿਰਾਂ ਦੀ ਪਟੜੀ ’ਤੇ ਰਾਤ ਦੇ ਸਮੇਂ ਨਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ। ਇਸ ’ਤੇ ਮੋਰਚਾ ਦੇ ਕਨਵੀਨਰ ਸ਼ੰਕਰ ਸ਼ਰਮਾ, ਸ਼ਰਨਜੀਤ ਸਿੰਘ ਸਰਾਂ ਅਤੇ ‘ਆਪ’ ਆਗੂ ਜਗਜੀਤ ਸਿੰਘ ਜੱਗੀ ਆਪਣੇ ਸਾਥੀਆਂ ਸਮੇਤ ਰਾਤ ਮੌਕੇ ’ਤੇ ਪਹੁੰਚੇ। ਉੱਥੇ ਉਨ੍ਹਾਂ ਦੇਖਿਆ ਕਿ ਟਿੱਪਰਾਂ ਵਿੱਚ ਮਿੱਟੀ ਭਰੀ ਜਾ ਰਹੀ ਸੀ, ਜਿਸ ਨੂੰ ਕੋਟਕਪੂਰਾ ਦੀ ਕਿਸੇ ਕਲੋਨੀ ਵਿੱਚ ਭਰਤ ਪਾਉਣ ਲਈ ਲਿਜਾਇਆ ਜਾ ਰਿਹਾ ਸੀ। ਜਦੋਂ ਟਿੱਪਰ ਚਾਲਕਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਾ ਕਿ ਉਨ੍ਹਾਂ ਕੋਲ ਮਿੱਟੀ ਕੱਢਣ ਸਬੰਧੀ ਕੋਈ ਇਜਾਜ਼ਤ ਨਹੀਂ ਸੀ ਅਤੇ ਨਾ ਹੀ ਕਿਸੇ ਸਰਕਾਰੀ ਵਿਭਾਗ ਤੋਂ ਮਨਜ਼ੂਰੀ ਲਈ ਗਈ ਸੀ। ਉਹਨਾਂ ਦੋਸ਼ ਲਾਇਆ ਕਿ ਮਾਈਨਿੰਗ ਦੌਰਾਨ ਕਈ ਦਰੱਖਤਾਂ ਨੂੰ ਪੁੱਟ ਦਿੱਤਾ ਗਿਆ ਹੈ ਅਤੇ ਕੁਝ ਨੂੰ ਅੱਗ ਵੀ ਲਾਈ ਗਈ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

