ਫਰੀਦਕੋਟ ਹਲਕੇ ਵਿੱਚ ਲੋਕਾਂ ਦੀ ਸੁਵਿਧਾ ਲਈ ਤਹਿਸੀਲ ਮੈਪਿੰਗ ਸੁਧਾਰ ਅਤੇ ‘ਨਜ਼ਦੀਕੀ ਤਹਿਸੀਲ ਸੇਵਾ ਪ੍ਰਣਾਲੀ’ ਲਾਗੂ ਕਰਨ ਦੀ ਮੰਗ
ਕੋਟਕਪੂਰਾ, 24 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਲੋਕਾਂ ਦੀ ਰੋਜ਼ਾਨਾ ਸਰਕਾਰੀ ਦਫ਼ਤਰੀ ਸਹੂਲਤਾਂ ਨੂੰ ਆਸਾਨ ਬਣਾਉਣ ਲਈ ਅਰਸ਼ ਸੱਚਰ– ਸੋਸ਼ਲ ਵਰਕਰ ਅਤੇ ਸੀਨੀਅਰ ਲੀਡਰ, ਆਮ ਆਦਮੀ ਪਾਰਟੀ, ਫਰੀਦਕੋਟ ਵੱਲੋਂ ਮਾਣਯੋਗ ਮੁੱਖ ਮੰਤਰੀ ਪੰਜਾਬ ਨੂੰ ਇੱਕ ਮਹੱਤਵਪੂਰਨ ਜਨਹਿਤ ਪ੍ਰਸਤਾਵ ਭੇਜਿਆ ਗਿਆ ਹੈ। ਇਸ ਪ੍ਰਸਤਾਵ ਵਿੱਚ ਵਿਧਾਨ ਸਭਾ ਹਲਕਾ ਫਰੀਦਕੋਟ ਦੇ ਉਹਨਾਂ ਪਿੰਡਾਂ ਦੀ ਮੈਦਾਨੀ ਹਕੀਕਤ ਦਰਸਾਈ ਗਈ ਹੈ, ਜੋ ਭੂਗੋਲਿਕ ਤੌਰ ‘ਤੇ ਸਾਦਿਕ ਸਬ-ਤਹਿਸੀਲ ਦੇ ਬਹੁਤ ਨੇੜੇ ਹਨ, ਪਰ ਪ੍ਰਸ਼ਾਸਨਿਕ ਤੌਰ ’ਤੇ ਫਰੀਦਕੋਟ ਤਹਿਸੀਲ ਨਾਲ ਜੋੜੇ ਹੋਏ ਹਨ। ਇਸ ਕਾਰਨ ਲੋਕਾਂ ਨੂੰ ਆਪਣੇ ਸਰਕਾਰੀ ਕੰਮਾਂ ਲਈ ਬਿਨਾਂ ਲੋੜ ਦੇ ਵੱਧ ਦੂਰੀ ਤੈਅ ਕਰਨੀ ਪੈਂਦੀ ਹੈ। ਅਰਸ਼ ਸੱਚਰ ਨੇ ਦੱਸਿਆ ਕਿ ਪਿੰਡ ਜਨੇਰੀਆਂ, ਝੋਟੀਵਾਲਾ, ਬੀਹਲੇਵਾਲਾ, ਢਾਬ ਸ਼ੇਰ ਸਿੰਘ ਵਾਲਾ, ਸ਼ੇਰ ਸਿੰਘ ਵਾਲਾ, ਡੋਡ ਅਤੇ ਸਿਮਰੇਵਾਲਾ ਦੇ ਵਸਨੀਕਾਂ ਨੂੰ ਸਾਦਿਕ ਦੀ ਥਾਂ ਫਰੀਦਕੋਟ ਜਾਣਾ ਪੈਂਦਾ ਹੈ, ਜਿਸ ਨਾਲ ਔਸਤਨ 5 ਤੋਂ 11 ਕਿ.ਮੀ. ਵੱਧ ਦੂਰੀ ਤੈਅ ਕਰਨੀ ਪੈਂਦੀ ਹੈ। ਇਸ ਨਾਲ ਨਾ ਸਿਰਫ ਸਮੇਂ ਅਤੇ ਪੈਸੇ ਦੀ ਬਰਬਾਦੀ ਹੁੰਦੀ ਹੈ, ਸਗੋਂ ਬਜ਼ੁਰਗਾਂ, ਮਹਿਲਾਵਾਂ ਅਤੇ ਆਮ ਵਰਗ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਪ੍ਰਣਾਲੀ ਹੱਦਾਂ ਅਨੁਸਾਰ ਚੱਲ ਰਹੀ ਹੈ, ਜਦਕਿ ਸਮੇਂ ਦੀ ਲੋੜ ਹੈ ਕਿ ਪ੍ਰਣਾਲੀ ਨੂੰ ਲੋਕਾਂ ਦੀ ਸੁਵਿਧਾ ਅਨੁਸਾਰ ਬਣਾਇਆ ਜਾਵੇ, ਤਾਂ ਜੋ ਹਰ ਨਾਗਰਿਕ ਨੂੰ ਸਰਕਾਰੀ ਸੇਵਾਵਾਂ ਆਸਾਨੀ ਨਾਲ ਮਿਲ ਸਕਣ। ਇਸ ਸਬੰਧ ਵਿੱਚ ਉਨ੍ਹਾਂ ਵੱਲੋਂ ਦੋ ਮੁੱਖ ਸੁਝਾਅ ਦਿੱਤੇ ਗਏ ਹਨ ੍ਹ ਉਕਤ ਪਿੰਡਾਂ ਦੀ ਪ੍ਰਸ਼ਾਸਨਿਕ ਮੈਪਿੰਗ ਦਾ ਪੁਨਰਵਿਚਾਰ ਕਰਕੇ ਉਨ੍ਹਾਂ ਨੂੰ ਸਾਦਿਕ ਸਬ-ਤਹਿਸੀਲ ਨਾਲ ਜੋੜਿਆ ਜਾਵੇ। ਨਜ਼ਦੀਕੀ ਤਹਿਸੀਲ ਸੇਵਾ ਪ੍ਰਣਾਲੀ ਲਾਗੂ ਕੀਤੀ ਜਾਵੇ, ਜਿਸ ਅਧੀਨ ਨਾਗਰਿਕ ਆਪਣੇ ਸਭ ਤੋਂ ਨੇੜਲੇ ਤਹਿਸੀਲ ਜਾਂ ਸਬ-ਤਹਿਸੀਲ ਵਿੱਚ ਸਰਕਾਰੀ ਸੇਵਾਵਾਂ ਲੈ ਸਕਣ। ਅਰਸ਼ ਸੱਚਰ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਮਸਲਾ ਸਿਰਫ ਕੁਝ ਪਿੰਡਾਂ ਤੱਕ ਸੀਮਿਤ ਨਹੀਂ, ਸਗੋਂ ਪੂਰੇ ਪੰਜਾਬ ਵਿੱਚ ਲਾਗੂ ਹੋ ਸਕਣ ਵਾਲਾ ਇੱਕ ਮਾਡਲ ਬਣ ਸਕਦਾ ਹੈ, ਜੋ ਲੋਕ-ਕੇਂਦਰਿਤ ਸ਼ਾਸਨ ਨੂੰ ਹੋਰ ਮਜ਼ਬੂਤ ਕਰੇਗਾ। ਅੰਤ ਵਿੱਚ ਉਨ੍ਹਾਂ ਨੇ ਮਾਣਯੋਗ ਮੁੱਖ ਮੰਤਰੀ ਜੀ ਤੋਂ ਬੇਨਤੀ ਕੀਤੀ ਕਿ ਇਸ ਪ੍ਰਸਤਾਵ ਨੂੰ ਜ਼ਿਲ੍ਹਾ ਫਰੀਦਕੋਟ ਵਿੱਚ ਪਾਇਲਟ ਪ੍ਰੋਜੈਕਟ ਵਜੋਂ ਲਾਗੂ ਕਰਕੇ ਪੂਰੇ ਪੰਜਾਬ ਵਿੱਚ ਵਿਸਤਾਰ ਕੀਤਾ ਜਾਵੇ। ਜੇ ਸਿਸਟਮ ਲੋਕਾਂ ਤੱਕ ਆਸਾਨੀ ਨਾਲ ਨਹੀਂ ਪਹੁੰਚਦਾ, ਤਾਂ ਸ਼ਾਸਨ ਅਧੂਰਾ ਰਹਿ ਜਾਂਦਾ ਹੈ, ਇਸ ਲਈ ਸਿਸਟਮ ਨੂੰ ਲੋਕਾਂ ਦੀ ਸੁਵਿਧਾ ਅਨੁਸਾਰ ਬਣਾਉਣਾ ਸਮੇਂ ਦੀ ਲੋੜ ਹੈ।

