ਕੋਟਕਪੂਰਾ/ਫਰੀਦਕੋਟ, 14 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬਾਬਾ ਫਰੀਦ ਲਾਅ ਕਾਲਜ ਫਰੀਦਕੋਟ ਵਿਖੇ ਮਾਨਯੋਗ ਚੇਅਰਮੈਨ ਸਵ. ਸ. ਇੰਦਰਜੀਤ ਸਿੰਘ ਖਾਲਸਾ ਦੀ ਅਗਾਂਹਵਧੂ ਸੋਚ ਨੂੰ ਅੱਗੇ ਵਧਾਉਂਦੇ ਹੋਏ ਸ੍ਰ. ਸਿਮਰਜੀਤ ਸਿੰਘ ਸੇਖੋਂ ਦੀ ਰਹਿਨੁਮਾਈ ਅਤੇ ਪ੍ਰਿੰਸੀਪਲ ਡਾ. ਪੰਕਜ ਕੁਮਾਰ ਗਰਗ ਦੀ ਅਗਵਾਈ ਹੇਠ ਕਾਲਜ ਦੇ ਵਿਦਿਆਰਥੀਆਂ ਨੇ ਵਿਕਸਿਤ ਭਾਰਤ ਯੂਥ ਪਾਰਲੀਮੈਂਟ, ਜਿਸ ਦਾ ਆਯੋਜਨ ਮੇਰਾ ਯੁਵਾ ਭਾਰਤ, ਮਨਿਸਟਰੀ ਆਫ ਯੂਥ ਅਫੇਅਰਜ ਅਤੇ ਸਪੋਰਟਸ, ਭਾਰਤ ਸਰਕਾਰ ਵੱਲੋਂ ਰਾਸ਼ਟਰੀ ਪੱਧਰ ’ਤੇ ਕਰਵਾਇਆ ਜਾ ਰਿਹਾ ਹੈ, ਉਸ ਵਿੱਚ ਭਾਗ ਲਿਆ। ਇਸ ਅਧੀਨ ਜਿਲਾ ਪੱਧਰੀ ਮੁਕਾਬਲਾ 27 ਫਰਵਰੀ, 2026 ਨੂੰ ਕਰਵਾਇਆ ਗਿਆ, ਜਿਸ ਵਿੱਚ ਕਾਲਜ ਦੀ ਵਿਦਿਆਰਥਣ ਨੇਜੀ ਚਾਵਲਾ (ਬੀ.ਏ.ਐਲ.ਐਲ.ਬੀ. ਭਾਗ-ਤੀਜਾ) ਨੇ ਦੂਜਾ ਸਥਾਨ ਅਤੇ ਅੰਜਲੀ (ਬੀ.ਏ.ਐਲ.ਐਲ.ਬੀ. ਭਾਗ-ਦੂਜਾ) ਨੇ ਪੰਜਵਾਂ ਸਥਾਨ ਹਾਸਿਲ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਲਜ ਦੇ ਅਸਿਸਟੈਂਟ ਪ੍ਰੋਫੈਸਰ ਸ਼੍ਰੀਮਤੀ ਪਰਵਿੰਦਰ ਕੌਰ ਨੇ ਦੱਸਿਆ ਕਿ ਹੁਣ ਇਹ ਵਿਦਿਆਰਥਣਾਂ ਰਾਜ ਪੱਧਰੀ ਮੁਕਾਬਲੇ ਵਿੱਚ ਬਾਬਾ ਫਰੀਦ ਲਾਅ ਕਾਲਜ ਦੀ ਨੁਮਾਇੰਦਗੀ ਕਰਨਗੀਆਂ। ਕਾਲਜ ਦੇ ਪ੍ਰਿੰਸੀਪਲ ਡਾ. ਪੰਕਜ ਕੁਮਾਰ ਗਰਗ ਨੇ ਵਿਦਿਆਰਥਣਾਂ ਨੂੰ ਵਧਾਈਆਂ ਦਿੱਤੀਆਂ ਅਤੇ ਉੱਚ ਅਹੁਦਿਆਂ ’ਤੇ ਪਹੁੰਚਣ ਲਈ ਸੁਭਕਾਮਨਾਵਾਂ ਵੀ ਦਿੱਤੀਆਂ। ਉਹਨਾਂ ਕਾਲਜ ਦੀ ਮੈਨੇਜਮੈਂਟ ਕਮੇਟੀ ਦਾ ਵੀ ਧੰਨਵਾਦ ਕੀਤਾ, ਜੋ ਸਿਮਰਜੀਤ ਸਿੰਘ ਸੇਖੋਂ ਦੀ ਅਗਵਾਈ ਵਿੱਚ ਕਾਲਜ ਦੇ ਵਿਦਿਆਰਥੀਆਂ ਨੂੰ ਹਰ ਤਰਾਂ ਦੀ ਸਹੂਲਤ ਮੁਹੱਇਆ ਕਰਵਾ ਰਹੀ ਹੈ। ਉਹਨਾਂ ਨੇ ਵਿਦਿਆਰਥਣਾਂ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਡਾ. ਨਵਜੋਤ ਕੌਰ (ਇੰਚਾਰਜ ਅਕੈਡਮਿਕ), ਡਾ. ਮਨਪ੍ਰੀਤ ਕੌਰ (ਅਸਿਸਟੈਂਟ ਪ੍ਰੋਫੈਸਰ) ਅਤੇ ਸ਼੍ਰੀਮਤੀ ਪਰਵਿੰਦਰ ਕੌਰ (ਅਸਿਸਟੈਂਟ ਪ੍ਰੋਫੈਸਰ) ਵੀ ਮੌਜੂਦ ਸਨ।

