ਬੁੱਧ ਵਿਹਾਰ ਦੀ ਉਸਾਰੀ, ਸਿੱਖਿਆ ਅਤੇ ਸੰਕੀਸਾ ਮੇਲੇ ਸਬੰਧੀ ਹੋਈਆਂ ਅਹਿਮ ਵਿਚਾਰਾਂ
ਕੋਟਕਪੂਰਾ, 30 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬੁੱਧ ਸ਼ਾਕਿਆ ਸਮਿਤੀ, ਕੋਟਕਪੂਰਾ ਦੀ ਇਕ ਮਹੱਤਵਪੂਰਨ ਮੀਟਿੰਗ ਸਮਿਤੀ ਦੀ ਜਰੂਰੀ ਮੀਟਿੰਗ ਜਿਲ੍ਹਾ ਪ੍ਰਧਾਨ ਪਰਮਪਾਲ ਸ਼ਾਕਯ ਦੀ ਅਗਵਾਈ ਪ੍ਰਧਾਨ ਸ਼੍ਰੀ ਸ਼ਿਆਮਬੀਰ ਸ਼ਾਕਯ ਦੀ ਯੋਗ ਅਗਵਾਈ ਹੇਠ ਉਹਨਾਂ ਦੀ ਨਿਜੀ ਰਿਹਾਇਸ਼ ਵਿਖੇ ਅਮਨ-ਅਮਾਨ ਅਤੇ ਉਤਸ਼ਾਹਪੂਰਵਕ ਮਾਹੌਲ ਵਿੱਚ ਸੰਪੰਨ ਹੋਈ। ਇਸ ਮੀਟਿੰਗ ਦਰਮਿਆਨ ਸਮਾਜ ਦੇ ਵਿਕਾਸ ਅਤੇ ਭਲਾਈ ਨਾਲ ਜੁੜੇ ਕਈ ਅਹਿਮ ਮੁੱਦਿਆਂ ‘ਤੇ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦਾ ਮੁੱਖ ਮੰਤਵ ਭਾਈਚਾਰੇ ਵਿੱਚ ਆਪਣੇ ਅਮੀਰ ਇਤਿਹਾਸ ਅਤੇ ਵਿਰਸੇ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ। ਇਸ ਮੌਕੇ ਜਿਲ੍ਹਾ ਪ੍ਰਧਾਨ ਪਰਮਪਾਲ ਸ਼ਾਕਯ ਅਤੇ ਸ਼ਿਆਮਬੀਰ ਸ਼ਾਕਯ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਉੱਚ ਅਤੇ ਮਿਆਰੀ ਸਿੱਖਿਆ ਦਿਵਾਉਣਾ ਸਮੇਂ ਦੀ ਮੁੱਖ ਲੋੜ ਹੈ, ਤਾਂ ਜੋ ਉਹ ਸਿੱਖਿਅਤ ਹੋ ਕੇ ਆਪਣੇ ਉੱਜਵਲ ਭਵਿੱਖ ਦੀ ਸਿਰਜਣਾ ਕਰ ਸਕਣ ਅਤੇ ਸਮਾਜ ਵਿੱਚ ਸਤਿਕਾਰਯੋਗ ਸਥਾਨ ਹਾਸਲ ਕਰ ਸਕਣ। ਇਸ ਤੋਂ ਇਲਾਵਾ ਮੀਟਿੰਗ ਵਿੱਚ ਸਮਾਜ ਦੇ ਲੋਕਾਂ ਨੂੰ ਉੱਤਰ ਪ੍ਰਦੇਸ਼ ਦੇ ਇਤਿਹਾਸਕ ਅਸਥਾਨ ਸੰਕੀਸਾ ਵਿਖੇ ਆਯੋਜਿਤ ਕੀਤੇ ਜਾ ਰਹੇ ਕਟਕੀ ਪੂਰਨਿਮਾ ਮੇਲੇ ਵਿੱਚ ਵਧ-ਚੜ੍ਹ ਕੇ ਸਰਗਰਮੀ ਨਾਲ ਹਿੱਸਾ ਲੈਣ ਲਈ ਵੀ ਪ੍ਰੇਰਿਤ ਕੀਤਾ ਗਿਆ। ਮੀਟਿੰਗ ਦੌਰਾਨ ਕੋਟਕਪੂਰਾ ਸ਼ਹਿਰ ਵਿੱਚ ਬੁੱਧ ਵਿਹਾਰ ਦੀ ਇਮਾਰਤ ਦੀ ਉਸਾਰੀ ਦੇ ਕਾਰਜ ਨੂੰ ਜਲਦ ਤੋਂ ਜਲਦ ਨੇਪਰੇ ਚਾੜ੍ਹਨ ਅਤੇ ਇਸ ਦੀ ਯੋਜਨਾਬੰਦੀ ‘ਤੇ ਵੀ ਵਿਸ਼ੇਸ਼ ਚਰਚਾ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਹੁਦੇਦਾਰਾਂ ਅਤੇ ਮੈਂਬਰਾਂ ਵਿੱਚ ਸਕੱਤਰ ਰਜਿੰਦਰ ਕੁਮਾਰ, ਖਜ਼ਾਨਚੀ ਸੁਰੇਸ਼ ਕੁਮਾਰ, ਯਸ਼ਵੀਰ ਸਿੰਘ, ਰਾਜਵੀਰ ਸਿੰਘ, ਭੂਰੇ ਸਿੰਘ, ਰਾਏਸ ਪਾਲ, ਰਾਮ ਪ੍ਰਕਾਸ਼, ਹਰਿੰਦਰ ਕੁਮਾਰ, ਦੇਵ ਦੱਤ, ਸਰਬਣ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸਮਿਤੀ ਦੇ ਹੋਰ ਮੈਂਬਰ ਵੀ ਹਾਜ਼ਰ ਸਨ।

