ਕੋਟਕਪੂਰਾ, 11 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਭਾਰਤੀ ਕਮਿਊਨਿਸਟ ਪਾਰਟੀ ਵੱਲੋਂ 1 ਸਤੰਬਰ ਨੂੰ ਰਾਮ ਲੀਲ੍ਹਾ ਮੈਦਾਨ ਨਵੀਂ ਦਿੱਲੀ ਵਿਖੇ ਬਦਲਾਅ ਜ਼ਰੂਰੀ ਹੈ, ਦੇ ਨਾਅਰੇ ਨੂੰ ਮੁੱਖ ਰੱਖਦਿਆਂ ਕੌਮੀ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ ਦੀ ਤਿਆਰੀ ਵਾਸਤੇ ਪਿੰਡਾਂ ਵਿੱਚ ਜਨ ਸੰਪਰਕ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਗਿਆ ਸੀ। ਪਾਰਟੀ ਵਲੋਂ ਉਲੀਕੇ ਗਏ ਪ੍ਰੋਗਰਾਮ ਨੂੰ ਲਾਗੂ ਕਰਦੇ ਹੋਏ ਅੱਜ ਇਸ ਦੀ ਸ਼ੁਰੂਆਤ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਔਲਖ ਵਿਖੇ ਸ਼ਹੀਦ ਕਾਮਰੇਡ ਅਮੋਲਕ ਸਿੰਘ ਔਲਖ ਦੀ ਯਾਦਗਾਰ ਤੋਂ ਕੀਤੀ ਗਈ। ਇਸ ਤੋਂ ਬਾਅਦ ਨੇੜਲੇ ਪਿੰਡ ਜੀਵਨਵਾਲਾ ਅਤੇ ਘਣੀਏਵਾਲਾ ਵਿਖੇ ਵੀ ਲੋਕਾਂ ਦੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜ਼ਿਲ੍ਹਾ ਕਾਰਜਕਾਰੀ ਸਕੱਤਰ ਪ੍ਰੇਮ ਚਾਵਲਾ, ਵਿੱਤ ਸਕੱਤਰ ਗੁਰਚਰਨ ਸਿੰਘ ਮਾਨ, ਕੁੱਲ ਹਿੰਦ ਕਿਸਾਨ ਸਭਾ ਜ਼ਿਲ੍ਹਾ ਫਰੀਦਕੋਟ ਦੇ ਪ੍ਰਧਾਨ ਸੁਖਜਿੰਦਰ ਸਿੰਘ ਤੂੰਬੜਭੰਨ, ਨਰੇਗ ਰੁਜ਼ਗਰ ਪ੍ਰਾਪਤੀ ਮਜ਼ਦੂਰ ਯੂਨੀਅਨ ਜ਼ਿਲ੍ਹਾ ਫਰੀਦਕੋਟ ਦੇ ਸਕੱਤਰ ਕਾਮਰੇਡ ਗੋਰਾ ਪਿਪਲੀ, ਪਿੰਡ ਔਲਖ ਦੇ ਆਗੂ ਬੋਹੜ ਸਿੰਘ ਔਲਖ ਅਤੇ ਜਸਵੰਤ ਸਿੰਘ ਨਿੱਕਾ ਔਲਖ ਨੇ ਆਪੋ-ਆਪਣੇ ਸੰਬੋਧਨ ਵਿੱਚ ਦੇਸ਼ ਦੇ ਮੌਜੂਦਾ ਹਾਲਤਾਂ ਬਾਰੇ ਵਿਚਾਰ ਪੇਸ਼ ਕੀਤੇ। ਆਗੂਆਂ ਨੇ ਦੋਸ਼ ਲਾਇਆ ਕਿ ਪਿਛਲੇ 12 ਸਾਲਾਂ ਦੇ ਰਾਜ ਭਾਗ ਦੌਰਾਨ ਕੇਂਦਰੀ ਹੁਕਮਰਾਨ ਮੋਦੀ ਸਰਕਾਰ ਨੇ ਕਾਰਪਰੇਟ ਘਰਾਣਿਆਂ ਦੀ ਦਬਾਅ ਹੇਠ ਲਗਾਤਾਰ ਮਜ਼ਦੂਰ ਵਿਰੋਧੀ ਨੀਤੀਆਂ ਨੂੰ ਲਾਗੂ ਕੀਤਾ ਹੈ। ਇਸ ਸਰਕਾਰ ਨੇ 29 ਕਿਰਤ ਕਾਨੂੰਨ ਖਤਮ ਕਰਕੇ ਚਾਰ ਲੇਬਰ ਕੋਡ ਲਾਗੂ ਕਰਕੇ ਕਾਰਪੋਰੇਟਾਂ ਦੇ ਹਿੱਤਾਂ ਦੀ ਪੂਰਤੀ ਕੀਤੀ ਹੈ। ਨਰੇਗਾ ਕਾਨੂੰਨ ਖਤਮ ਕਰਕੇ ਨਵਾਂ ਵੀ ਬੀ ਜੀ ਰਾਮ ਜੀ ਕਾਨੂੰਨ ਲਾਗੂ ਕਰ ਦਿੱਤਾ ਹੈ ਅਤੇ ਨਰੇਗਾ ਕਾਮਿਆਂ ਨੂੰ 125 ਦਿਨ ਕੰਮ ਦੇਣ ਦਾ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ, ਜਦਕਿ ਅਸਲ ਵਿੱਚ ਕੰਮ ਮਿਲਣ ਦੇ ਦਿਨ 35—40 ਦਿਨਾਂ ਤੋਂ ਵੱਧ ਨਹੀਂ ਹਨ। ਇਸ ਤੋਂ ਇਲਾਵਾ ਦੇਸ਼ ਵਿੱਚ ਫਿਰਕਾ ਪ੍ਰਸਤੀ ਜਾਤ-ਪਾਤ ਅਤੇ ਨਫਰਤ ਦੀ ਰਾਜਨੀਤੀ ਲਾਗੂ ਕੀਤੀ ਜਾ ਰਹੀ ਹੈ। ਸਾਡੇ ਦੇਸ਼ ਦੇ ਧਰਮ ਨਿਰਪੱਖ ਸੰਵਿਧਾਨ ਨੂੰ ਖਤਰਾ ਪੈਦਾ ਹੋ ਗਿਆ ਹੈ। ਵੱਖ ਵੱਖ ਵਿਭਾਗਾਂ ਦਾ ਤੇਜ਼ੀ ਨਾਲ ਨਿੱਜੀਕਰਨ ਕੀਤਾ ਜਾ ਰਿਹਾ ਹੈ। ਬੇਰੁਜ਼ਗਾਰੀ ਅਤੇ ਮਹਿੰਗਾਈ ਦਿਨੋ ਦਿਨ ਵੱਧ ਰਹੀ ਹੈ।ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਵੱਖ-ਵੱਖ ਫ਼ਸਲਾਂ *ਤੇ ਐਮ ਐਸ ਪੀ ਦੀ ਗਰੰਟੀ ਦਾ ਕਾਨੂੰਨੀ ਪਾਸ ਕਰਨ, ਬਨੇਗਾ ਦਾ ਕਾਨੂੰਨ ਪਾਰਲੀਮੈਂਟ ਵਿੱਚ ਪਾਸ ਕਰਨ ਤੋਂ ਸਰਕਾਰ ਮੁਨਕਰ ਹੋ ਗਈ ਹੈ।ਕਿਸਾਨਾਂ ਅਤੇ ਮਜ਼ਦੂਰਾਂ ਦੇ ਕਰਜ਼ੇ ਮਾਫ ਕਰਨ ਦੀ ਬਜਾਏ ਵੱਡੇ ਘਰਾਣਿਆਂ ਦੇ ਕਰਜ਼ੇ ਮਾਫ ਕੀਤੇ ਜਾ ਰਹੇ ਹਨ।ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਅਤੇ ਵਿਦਿਆਰਥੀਆਂ ਦੇ ਅੰਦੋਲਨਾਂ ਨੂੰ ਡੰਡੇ ਦੇ ਜ਼ੋਰ ਨਾਲ ਦਬਾਇਆ ਜਾ ਰਿਹਾ ਹੈ।ਆਗੂਆਂ ਨੇ ਅੱਗੇ ਕਿਹਾ ਕਿ 1 ਸਤੰਬਰ ਦੀ ਕੌਮੀ ਰੈਲੀ ਮੋਦੀ ਸਰਕਾਰ ਨੂੰ ਲੋਕਪੱਖੀ ਫੈਸਲੇ ਲੈਣ ਲਈ ਮਜਬੂਰ ਕਰਨ ਵਾਸਤੇ ਕੀਤੀ ਜਾ ਰਹੀ ਹੈ। ਆਗੂਆਂ ਨੇ ਐਲਾਨ ਕੀਤਾ ਕਿ 1 ਸਤੰਬਰ 2026 ਨੂੰ ਰਾਮ ਲੀਲਾ ਮੈਦਾਨ ਵਿਖੇ ਹੋ ਰਹੀ ਕੌਮੀ ਰੈਲੀ ਵਿੱਚ ਸ਼ਾਮਿਲ ਹੋਣ ਲਈ ਫਰੀਦਕੋਟ ਤੋਂ ਇੱਕ ਵੱਡਾ ਜੱਥਾ ਦਿੱਲੀ ਰੈਲੀ ਵਿੱਚ ਸ਼ਾਮਿਲ ਹੋਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰੇਸ਼ਮ ਸਿੰਘ ਜਿਉਣਵਾਲਾ, ਸੁਖਦਰਸ਼ਨ ਰਾਮ ਸ਼ਰਮਾ, ਸ਼ਿਵ ਕੁਮਾਰ ਸ਼ਰਮਾ ਔਲਖ, ਕੁਲਵੰਤ ਸਿੰਘ, ਬੂਟਾ ਸਿੰਘ ਡੀ ਸੀ, ਰੁਪਿੰਦਰ ਕੌਰ ਔਲਖ, ਪੈਨਸ਼ਨਰ ਆਗੂ ਕੁਲਵੰਤ ਸਿੰਘ ਚਾਨੀ, ਸੋਮਨਾਥ ਅਰੋੜਾ ਅਤੇ ਗੁਰਦੀਪ ਭੋਲਾ ਪੀ ਆਰ ਟੀ ਸੀ ਆਦਿ ਵੀ ਹਾਜ਼ਰ ਸਨ।

