ਕੋਟਕਪੂਰਾ, 7 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਭਾਰਤੀ ਥਲ ਸੈਨਾ ਦੇ ਸਿੱਖ ਲਾਈ ਰੈਜੀਮੈਂਟ ਸੈਂਟਰ ਫਤਹਿਗੜ (ਯੂ.ਪੀ.) ਦੇ ਨੌਜਵਾਨ ਹੋਲਦਾਰ ਕੁਲਵੰਤ ਸਿੰਘ ਵਾਸੀ ਠੱਠੀ ਭਾਈ ਆਪਣੀ 20 ਸਾਲ ਦੀ ਫੋਜ਼ ਵਿੱਚ ਸੇਵਾ ਨਿਭਾਉਣ ਤੋਂ ਬਾਅਦ ਆਪਣੇ ਪਿੰਡ ਵਾਪਸ ਪੁੱਜੇ। ਉਹਨਾ ਦਾ ਪਿੰਡ ਵਾਸੀਆਂ ਵੱਲੋਂ ਸ਼ਾਨਦਾਰ ਢੰਗ ਨਾਲ ਸੁਆਗਤ ਕੀਤਾ ਗਿਆ। ਪਿੰਡ ਵਾਸੀਆਂ ਮੁਤਾਬਿਕ ਕੁਲਵੰਤ ਸਿੰਘ ਫੋਜ਼ੀ ਇਕ ਮਜਦੂਰ ਪਰਿਵਾਰ ਨਾਲ ਸਬੰਧ ਰੱਖਦੇ ਹਨ, ਉਹ ਪਰਿਵਾਰ ਵਿੱਚ ਪੰਜ ਭਰਾ ਅਤੇ 2 ਭੈਣਾ ਹਨ। ਪਿੰਡ ਵਾਸੀਆਂ ਅਤੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੁਲਵੰਤ ਸਿੰਘ ਨੇ ਦੱਸਿਆ ਕਿ ਉਸਨੂੰ ਇਸ ਮੁਕਾਮ ’ਤੇ ਪਹੁੰਚਣ ਲਈ ਬੜੀਆਂ ਤੰਗੀਆਂ-ਤੁਰਸ਼ੀਆਂ ਅਤੇ ਅੋਕੜਾਂ ਦਾ ਸਾਹਮਣਾ ਕਰਨਾ ਪਿਆ। ਉਹਨਾ ਨੇ ਦੇਸ਼ ਦੀਆਂ ਵੱਖ ਵੱਖ ਥਾਵਾਂ ’ਤੇ ਡਿਊਟੀ ਨਿਭਾਈ, ਜਿੰਨਾ ਵਿੱਚ ਸ਼੍ਰੀਨਗਰ, ਗੁਹਾਟੀ, ਆਸਾਮ, ਸਿਕਮ, ਮਊ (ਮੱਧ ਪ੍ਰਦੇਸ਼), ਦਿੱਲੀ, ਜੰਮੂ ਆਦਿ ਦੀ ਸ਼ਾਮਲ ਹਨ। ਪਿੰਡ ਪਹੁੰਚਣ ਉਪਰੰਤ ਸਭ ਤੋਂ ਪਹਿਲਾਂ ਉਹਨਾਂ ਗੁਰਦਵਾਰਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕੀਤਾ। ਪਿੰਡ ਵਾਸੀਆਂ ਨੇ ਕੁਲਵੰਤ ਸਿੰਘ ਦੇ ਚੰਗੇਰੇ ਭਵਿੱਖ ਅਤੇ ਸਿਹਤ ਤੰਦਰੁਸਤੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਸਮੁੱਚੀ ਗ੍ਰਾਮ ਪੰਚਾਇਤ ਅਤੇ ਇਲਾਕੇ ਦੀਆਂ ਉੱਘੀਆਂ ਸ਼ਖਸ਼ੀਅਤਾਂ ਦੀ ਹਾਜਰੀ ਵਿੱਚ ਹੋਲਦਾਰ ਕੁਲਵੰਤ ਸਿੰਘ ਦੇ ਪਿਤਾ ਸ. ਬਲਵਿੰਦਰ ਸਿੰਘ ਨੇ ਸਮੁੱਚੀ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦਾ ਸਤਿਕਾਰ ਦੇਣ ਬਦਲੇ ਧੰਨਵਾਦ ਕੀਤਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸਰਪੰਚ ਪ੍ਰਦੀਪ ਸਿੰਘ, ਬਲਾਕ ਸੰਮਤੀ ਮੈਂਬਰ ਵੀਰਪਾਲ ਕੌਰ, ਸਰਪੰਚ ਖੁਸ਼ਚਰਨ ਸਿੰਘ, ਪੰਚ ਜਗਸੀਰ ਸਿੰਘ, ਮਾ ਬੋਹੜ ਸਿੰਘ, ਸਵਰਨ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।

