

ਮਸਤੂਆਣਾ ਸਾਹਿਬ 7 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼)
ਮਸਤੂਆਣਾ ਸਾਹਿਬ ਵਿਖੇ ਸਥਿਤ ਅਕਾਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਵਿੱਚ ਅੱਜ ਸ਼ੂਟਿੰਗ ਰੇਂਜ ਅਕੈਡਮੀ ਦਾ ਸ਼ਾਨਦਾਰ ਉਦਘਾਟਨ ਕੀਤਾ ਗਿਆ। ਇਸ ਮੌਕੇ ਉੱਘੇ ਵਿਦਵਾਨ ਡਾ. ਭੁਪਿੰਦਰ ਸਿੰਘ ਪੂਨੀਆ ਮੁੱਖ ਮਹਿਮਾਨ ਵਜੋਂ ਪਹੁੰਚੇ, ਜਿਨ੍ਹਾਂ ਦੇ ਨਾਲ ਅਕਾਲ ਕਾਲਜ ਕੌਂਸਲ ਦੇ ਸਕੱਤਰ ਸ. ਜਸਵੰਤ ਸਿੰਘ ਖਹਿਰਾ, ਸੀਨੀਅਰ ਕੌਂਸਲ ਮੈਂਬਰ ਸ. ਮਨਜੀਤ ਸਿੰਘ ਬਾਲੀਆ, ਪ੍ਰਿੰਸੀਪਲ ਡਾ. ਗੀਤਾ ਠਾਕੁਰ ਅਤੇ ਹੋਰ ਪ੍ਰਬੰਧਕ ਮੈਂਬਰ ਅਤੇ ਫਿਜ਼ੀਕਲ ਸਟਾਫ਼ ਹਾਜ਼ਰ ਸਨ।ਇਸ ਮੌਕੇ ਸੰਬੋਧਨ ਕਰਦਿਆਂ ਡਾ. ਭੁਪਿੰਦਰ ਸਿੰਘ ਪੂਨੀਆ ਨੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸ਼ੂਟਿੰਗ ਰੇਂਜ ਵਰਗੀ ਖੇਡ ਵਿੱਚ ਅੱਗੇ ਵੱਧ ਕੇ ਵਿਦਿਆਰਥੀ ਵੱਧ ਤੋਂ ਵੱਧ ਮੈਡਲ ਜਿੱਤਣ ਅਤੇ ਸੰਸਥਾ ਦਾ ਨਾਮ ਰੌਸ਼ਨ ਕਰਨ।
ਪ੍ਰਿੰਸੀਪਲ ਡਾ. ਗੀਤਾ ਠਾਕੁਰ ਨੇ ਵੀ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਅਕੈਡਮੀ ਨਾਲ ਵਿਦਿਆਰਥੀਆਂ ਨੂੰ ਉੱਚ ਪੱਧਰੀ ਸਹੂਲਤਾਂ ਆਪਣੇ ਹੀ ਕੈਂਪਸ ਵਿੱਚ ਉਪਲਬਧ ਹੋਣਗੀਆਂ, ਜਿਸ ਨਾਲ ਉਹ ਖੇਡ ਖੇਤਰ ਵਿੱਚ ਨਵੀਆਂ ਉੱਚਾਈਆਂ ਹਾਸਲ ਕਰਨਗੇ।
ਅਕਾਲ ਕਾਲਜ ਕੌਂਸਲ ਦੇ ਸਕੱਤਰ ਸ. ਜਸਵੰਤ ਸਿੰਘ ਖਹਿਰਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਦਿਨ ਸੰਸਥਾ ਲਈ ਬਹੁਤ ਹੀ ਮਹੱਤਵਪੂਰਨ ਹੈ, ਕਿਉਂਕਿ ਕਈ ਸਾਲਾਂ ਦੀ ਕੋਸ਼ਿਸ਼ ਤੋਂ ਬਾਅਦ ਸ਼ੂਟਿੰਗ ਰੇਂਜ ਅਕੈਡਮੀ ਦਾ ਸੁਪਨਾ ਸਾਕਾਰ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸੰਗਰੂਰ ਜ਼ਿਲ੍ਹੇ ਵਿੱਚ ਹੁਣ ਇਹ ਤੀਜੀ ਸ਼ੂਟਿੰਗ ਰੇਂਜ ਅਕੈਡਮੀ ਬਣੀ ਹੈ।
ਉਨ੍ਹਾਂ ਨੇ ਘੋਸ਼ਣਾ ਕੀਤੀ ਕਿ ਮਸਤੂਆਣਾ ਸਾਹਿਬ ਦੇ ਵਿਦਿਆਰਥੀਆਂ ਲਈ ਅਕੈਡਮੀ ਦੀ ਫੀਸ ਕੇਵਲ 1000 ਰੁਪਏ ਪ੍ਰਤੀ ਮਹੀਨਾ ਰੱਖੀ ਗਈ ਹੈ, ਜਦਕਿ ਬਾਹਰੀ ਵਿਦਿਆਰਥੀਆਂ ਲਈ ਫੀਸ 2500 ਰੁਪਏ ਤੋਂ ਘਟਾ ਕੇ 2000 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸੰਸਥਾ ਦਾ ਮੁੱਖ ਉਦੇਸ਼ ਵੱਧ ਤੋਂ ਵੱਧ ਖਿਡਾਰੀਆਂ ਨੂੰ ਮੌਕਾ ਦੇਣਾ ਹੈ ਤਾਂ ਜੋ ਆਰਥਿਕ ਪਾਬੰਦੀਆਂ ਕਰਕੇ ਕੋਈ ਵੀ ਵਿਦਿਆਰਥੀ ਖੇਡਾਂ ਤੋਂ ਵਾਂਝਾ ਨਾ ਰਹੇ।
ਉਨ੍ਹਾਂ ਨੇ ਹੋਰ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਸੰਸਥਾ ਵਿੱਚ ਹੋਰ ਇਨਡੋਰ ਖੇਡਾਂ ਦੀਆਂ ਸਹੂਲਤਾਂ ਵੀ ਉਪਲਬਧ ਕਰਵਾਈਆਂ ਜਾਣਗੀਆਂ।
ਇਸ ਮੌਕੇ ਡਾਇਰੈਕਟਰ ਜਨਰਲ ਐਡਮਨਿਸਟਰੇਟਰਸਨ ਡਾ. ਨਿਰਪਜੀਤ ਸਿੰਘ, ਸਪੋਰਟ ਡਾਇਰੈਕਟਰ ਜਤਿੰਦਰ ਦੇਵ, ਡਾ. ਵਿਜੇ ਪਲਾਹਾ (ਸੰਤ ਅਤਰ ਸਿੰਘ ਅਕਾਲ ਅਕੈਡਮੀ), ਪ੍ਰਿੰਸੀਪਲ ਡਾ. ਰਜਿੰਦਰ ਸਿੰਘ (ਬਹਾਦਰਪੁਰ ਸਕੂਲ), ਡਾ. ਹਰਜਿੰਦਰ ਸਿੰਘ, ਪ੍ਰੋ. ਰਣਧੀਰ ਸ਼ਰਮਾ. ਸੋਹਣਦੀਪ ਸਿੰਘ ਜੁਗਨੂੰ, ਪ੍ਰੋ. ਲਖਵਿੰਦਰ ਸਿੰਘ, , ਪ੍ਰੋ. ਰਜਨੀ, ਪ੍ਰੋ. ਹਰਪ੍ਰੀਤ ਕੌਰ, ਪ੍ਰੋ ਸੁਖਜੀਤ ਸਿੰਘ ਸੁੱਖੀ ਸਮੇਤ ਸਮੂਹ ਫਿਜ਼ੀਕਲ ਸਟਾਫ਼ ਅਤੇ ਮੈਨੇਜਮੈਂਟ ਮੈਂਬਰ ਮੌਜੂਦ ਸਨ।
ਅਕੈਡਮੀ ਦੇ ਖੁਲ੍ਹਣ ਨਾਲ ਵਿਦਿਆਰਥੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਉਨ੍ਹਾਂ ਨੂੰ ਹੁਣ ਘੱਟ ਫੀਸ ਵਿੱਚ ਉੱਚ ਪੱਧਰੀ ਖੇਡ ਸਹੂਲਤਾਂ ਪ੍ਰਾਪਤ ਹੋਣਗੀਆਂ।
