ਕੋਟਕਪੂਰਾ, 8 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਮਾਂ ਦੇ ਪਿਆਰ, ਤਿਆਗ ਤੇ ਸਤਿਕਾਰ ਨੂੰ ਸਲਾਮ ਕਰਦੇ ਹੋਏ ਬਾਬਾ ਫਰੀਦ ਪਬਲਿਕ ਸਕੂਲ ਦੇ ਕਿੰਡਰਗਾਰਟਨ ਵਿੰਗ ਨੇ ‘ਮਦਰਜ਼ ਡੇ’ ਮੌਕੇ ਬਾਬਾ ਫਰੀਦ ਆਡੀਟੋਰੀਅਮ ਵਿੱਚ ਸ਼ਾਨਦਾਰ ਸਮਾਗਮ ਰਚਾਇਆ। ਇਸ ਮੌਕੇ ਮਿਸਿਜ਼ ਰਾਜਪਾਲ ਕੌਰ ਸੇਖੋਂ ਬਤੌਰ ਮੁੱਖ ਮਹਿਮਾਨ ਅਤੇ ਮਿਸਿਜ਼ ਵੀਨਾ ਰਾਣੀ-ਯੂਰੋਕਿਡਜ਼ ਤੇ ਮਿਸਿਜ਼ ਅੰਨਨਇਆ ਅਰੌੜਾ-ਡਿਜ਼ਨੀ ਵਰਲਡ, ਮਿਸਿਜ਼ ਹਰਲੀਨ ਕੌਰ ਬਤੌਰ ਖਾਸ ਮਹਿਮਾਨ ਸ਼ਾਮਿਲ ਹੋਏ। ਨੰਨ੍ਹੇ ਬੱਚਿਆਂ ਨੇ ਨਾਚ, ਗੀਤ ਤੇ ਭਾਵੁਕ ਪੇਸ਼ਕਾਰੀਆਂ ਨਾਲ ਮਾਵਾਂ ਦੀਆਂ ਅੱਖਾਂ ਨਮ ਕਰ ਦਿੱਤੀਆਂ। ਸਮਾਗਮ ਦਾ ਆਗਾਜ਼ ਯੂ.ਕੇ.ਜੀ. ਰੋਜ਼ ਸੈਕਸ਼ਨ ਦੇ ਬੱਚਿਆ ਦੇ ਮਨਮੋਹਕ ਵੈਲਕਮ ਡਾਂਸ ਨਾਲ ਹੋਇਆ। “ਤੇਰੀ ਉਂਗਲੀ ਪਕੜ ਕੇ ਚੱਲਾ”, “ਜਨਮ ਜਨਮ ਓ ਮਾਂ” ਤੇ “ਐਸੀ ਹੋਤੀ ਹੈ ਮਾਂ” ਵਰਗੀਆਂ ਪੇਸ਼ਕਾਰੀਆਂ ਨੇ ਪੂਰੇ ਆਡੀਟੋਰੀਅਮ ਨੂੰ ਭਾਵਨਾਵਾਂ ਦੇ ਰੰਗ ਵਿੱਚ ਰੰਗ ਦਿੱਤਾ। ਮਾਂ-ਬੱਚੇ ਦੀ ਜੋੜੀ ਵੱਲੋਂ ਰੈਂਪ ਵਾਕ ਤੇ ਖੇਡਾਂ ਨੇ ਮਾਹੌਲ ਨੂੰ ਤਾੜੀਆਂ ਨਾਲ ਗੂੰਜਾ ਦਿੱਤਾ।
ਸਕੂਲ ਵੱਲੋਂ ਬੱਚਿਆਂ ਦੀ 100% ਸ਼ਮੂਲੀਅਤ ਯਕੀਨੀ ਬਣਾਈ ਗਈ, ਜਿਸ ਨਾਲ ਹਰ ਬੱਚੇ ਨੂੰ ਮੰਚ ‘ਤੇ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲਿਆ ਤੇ ਸਮਾਗਮ ਹੋਰ ਵੀ ਪ੍ਰਭਾਵਸ਼ਾਲੀ ਬਣਿਆ। ਅਜਿਹਾ ਉਪਰਾਲਾ ਬੱਚਿਆ ਦੀ ਸਰਵਪੱਖੀ ਸਖਸੀਅਤ ਦੇ ਵਿਕਾਸ ਲਈ ਬਾਬਾ ਫ਼ਰੀਦ ਸਕੂਲ ਦੀ ਖਾਸੀਅਤ ਹੈ। ਕਾ. ਪ੍ਰਿੰਸੀਪਲ ਸੁਖਦੀਪ ਕੌਰ ਨੇ ਕਿਹਾ, “ਮਾਂ ਬੱਚੇ ਦੀ ਪਹਿਲੀ ਅਧਿਆਪਕ ਹੈ। ਮਾਂ ਦਾ ਸਤਿਕਾਰ ਹਰ ਬੱਚੇ ਦਾ ਧਰਮ ਹੈ। ਅਜਿਹੇ ਸਮਾਗਮ ਬੱਚਿਆਂ ਵਿੱਚ ਸੰਸਕਾਰਾਂ ਦਾ ਬੀਜ ਬੀਜਦੇ ਹਨ।” ਕਾ. ਵਾਈਸ ਪ੍ਰਿੰਸੀਪਲ ਹਰਸਿਮਰਨ ਕੌਰ ਨੇ ਕਿਹਾ, “ਮਾਂ ਦੀ ਕੁਰਬਾਨੀ ਨੂੰ ਸ਼ਬਦਾਂ ਵਿੱਚ ਬੰਨ੍ਹਣਾ ਨਾਮੁਮਕਿਨ ਹੈ। ਬੱਚਿਆਂ ਤੇ ਅਧਿਆਪਕਾਂ ਦੀ ਮਿਹਨਤ ਸ਼ਲਾਘਾਯੋਗ ਹੈ।”
ਵੱਡੀ ਗਿਣਤੀ ਵਿੱਚ ਪਹੁੰਚੇ ਮਾਪਿਆਂ ਨੇ ਬੱਚਿਆਂ ਦੀ ਪੇਸ਼ਕਾਰੀ ਨੂੰ ਸਲਾਹਿਆ ਤੇ ਇਸ ਪਲ ਨੂੰ ਕੈਮਰਿਆਂ ਵਿੱਚ ਕੈਦ ਕੀਤਾ।

