
ਫ਼ਰੀਦਕੋਟ 8 ਮਈ (ਸ਼ਿਵਨਾਥ /ਵਰਲਡ ਪੰਜਾਬੀ ਟਾਈਮਜ਼)
ਨਰੇਗਾ ਰੁਜ਼ਗਾਰ ਪ੍ਰਾਪਤ ਮਜਦੂਰ ਯੂਨੀਅਨ ਵੱਲੋਂ ਹਰੇਕ ਨਰੇਗਾ ਵਰਕਰਾਂ ਨੂੰ ਕੰਮ ਦਵਾਉਣ ਦੀ ਮੁਹਿੰਮ ਤਹਿਤ ਅੱਜ ਬਲਾਕ ਫਰੀਦਕੋਟ ਦੇ ਪਿੰਡ ਪਹਿਲੂਵਾਲਾ ਵਿਖੇ ਨਰੇਗਾ ਵਰਕਰਾਂ ਦੀ ਮੀਟਿੰਗ ਕੀਤੀ। ਨਰੇਗਾ ਵਰਕਰਾਂ ਦੀਆਂ ਮੁਸ਼ਕਿਲਾਂ ਸੁਣਨ ਲਈ ਯੂਨੀਅਨ ਦੇ ਜ਼ਿਲਾ ਸਕੱਤਰ ਕਾਮਰੇਡ ਗੋਰਾ ਸਿੰਘ ਪਿਪਲੀ ਵਿਸ਼ੇਸ਼ ਤੌਰ ਤੇ ਪਹੁੰਚੇ। ਇਕੱਠੇ ਹੋਏ ਨਰੇਗਾ ਵਰਕਰਾਂ ਨੇ ਦੱਸਿਆ ਕਿ ਪਿੰਡ ਪਹਿਲੂ ਵਾਲਾ ਵਿਖੇ ਕੁਝ ਕੁ ਚਹੇਤੇ ਮਜ਼ਦੂਰਾਂ ਨੂੰ ਕੰਮ ਦਿੱਤਾ ਜਾ ਰਿਹਾ ਹੈ , ਬਾਕੀ ਮਜ਼ਦੂਰ ਵਿਹਲੇ ਦਿਨਾਂ ਵਿੱਚ ਫਾਕੇ ਕੱਟ ਰਹੇ ਹਨ। ਪਿਛਲੇ ਕੀਤੇ ਕੰਮਾਂ ਦੇ ਪੈਸੇ ਨਹੀਂ ਮਿਲ ਰਹੇ। ਸਿਰਫ 10 ਕੁ ਮਜ਼ਦੂਰਾਂ ਨੂੰ ਕੰਮ ਦਿੱਤਾ ਜਾ ਰਿਹਾ ਹੈ , ਬਾਕੀ ਸੈਂਕੜੇ ਮਜ਼ਦੂਰ ਵਿਹਲੇ ਬੈਠੇ ਹਨ। ਵਰਕਰਾਂ ਦੀਆਂ ਮੁਸ਼ਕਿਲਾਂ ਸੁਣਨ ਤੋਂ ਬਾਅਦ ਨਰੇਗਾ ਕਾਨੂੰਨ ਬਾਰੇ ਜਾਣਕਾਰੀ ਦਿੰਦਿਆਂ ਕਾਮਰੇਡ ਗੋਰਾ ਸਿੰਘ ਪਿਪਲੀ ਨੇ ਕਿਹਾ ਕਿ ਪਿੰਡਾਂ ਵਿੱਚ ਨਰੇਗਾ ਬੰਦ ਹੋਣ ਦਾ ਬੇਬੁਨਿਆਦ ਪ੍ਰਚਾਰ ਕੀਤਾ ਜਾ ਰਿਹਾ ਹੈ, ਜਦੋਂ ਕਿ ਅਸਲ ਸੱਚਾਈ ਇਹ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਨਰੇਗਾ ਦੀ ਥਾਂ ਤੇ ਇੱਕ ਨਵਾਂ ਕਾਨੂੰਨ ਵਿਕਸਿਤ ਭਾਰਤ ਗ੍ਰਾਮ ਰੁਜ਼ਗਾਰ ਐਂਡ ਅਜੀਵਕਾ ਮਿਸ਼ਨ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ. ਜਿੰਨਾ ਚਿਰ ਇਹ ਨਵਾਂ ਕਾਨੂੰਨ ਲਾਗੂ ਨਹੀਂ ਹੁੰਦਾ ਉਨੀ ਦੇਰ ਨਰੇਗਾ ਨੂੰ ਬੰਦ ਨਹੀਂ ਕੀਤਾ ਜਾ ਸਕਦਾ, ਉਹਨਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਪਿਛਲੇ ਨਰੇਗਾ ਕਾਨੂੰਨ ਦੇ ਮੁਤਾਬਿਕ ਅਰਜੀਆਂ ਭਰ ਕੇ ਦਫਤਰ ਵਿੱਚ ਦਿੱਤੀਆਂ ਜਾਣ 15 ਦਿਨਾਂ ਦੇ ਵਿੱਚ ਵਿੱਚ ਕੰਮ ਮਿਲੇਗਾ ਜੇਕਰ ਕੰਮ ਨਹੀਂ ਤਾਂ ਬੇਰੁਜ਼ਗਾਰੀ ਭੱਤਾ ਲਾਗੂ ਹੋ ਜਾਂਦਾ ਹੈ। ਉਹਨਾਂ ਵਰਕਰਾਂ ਨੂੰ ਸੰਬੋਧਨ ਕਰਦਿਆਂ ਸਰਕਾਰ ਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਤੇ ਬਿਨਾਂ ਵਿਤਕਰੇ ਨਰੇਗਾ ਮਜ਼ਦੂਰਾਂ ਨੂੰ ਕੰਮ ਦਿੱਤਾ ਜਾਵੇ।ਜੇਕਰ ਕੰਮ ਨਾ ਦਿੱਤਾ ਗਿਆ ਆਉਣ ਵਾਲੇ ਦਿਨਾਂ ਵਿੱਚ ਮਜ਼ਦੂਰ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਸਮੇਂ ਮਜ਼ਦੂਰਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਸਮੇਂ ਹੀਰਾ ਸਿੰਘ,ਫੀਰਾ ਸਿੰਘ ਪਾਲੋ ਕੌਰ ਅਤੇ ਹੋਰ ਨਰੇਗਾ ਵਰਕਰ ਆਗੂ ਹਾਜਰ ਸਨ।

