ਉਹ ਮਲੋਟ ਤੋਂ ਜਦ ਵੀ ਮੇਰੇ ਕੋਲ ਜਗਰਾਉਂ ਜਾਂ ਲੁਧਿਆਣੇ ਆਉਂਦਾ, ਬਹੁਤ ਵਾਰ ਉਸ ਨਾਲ ਗੁਰਮੀਤ ਮੀਤ ਹੁੰਦਾ। ਇੱਕ ਵਾਰ ਨਾਨਕ ਨੀਰ ਵੀ।
ਮੰਗਲ ਦੇ ਜਾਣ ਮਗਰੋਂ ਮੀਤ ਤੇ ਨਾਨਕ ਕਦੇ ਨਹੀਂ ਮਿਲੇ।
ਉਸ ਦੇ ਲਿਖੇ ਗੀਤਾਂ ਨੂੰ ਨਿਰਮਲਜੀਤ ਨਿੰਮਾ ਨੇ “ਛਾਵਾਂ ਠੰਢੀਆਂ ਨੇ ਬੇਹੜ ਦੀਆਂ” ਵਿੱਚ ਵੀ ਗਾਇਆ। ਨਿਰਮਲਜੀਤ ਨੇ “ਪੁੱਤ ਜੱਟਾਂ ਦੇ” ਫ਼ਿਲਮ ਵਿੱਚ ਵੀ ਬਹੁਤ ਮਿੱਠਾ ਗਾਇਆ ਸੀ ਉਦੋਂ। ਨਿੰਮਾ ਵੀਰ ਹੁਣ ਫਰਿਜ਼ਨੋ ਵੱਸਦਾ ਹੈ। ਕਦੇ ਕਦੇ ਮੰਗਲ ਨੂੰ ਗੱਲਾਂ ਵਿੱਚ ਯਾਦ ਕਰ ਲੈਂਦੇ ਹਾਂ ਅਸੀਂ।
ਅੱਜ ਮੰਗਲ ਦੇ ਬੇਟੇ ਪ੍ਰੋ. ਰਿਸ਼ੀ ਹਿਰਦੇਪਾਲ ਨੇ ਲਿਖ ਕੇ ਚੇਤਾ ਕਰਵਾਇਆ ਹੈ ਕਿ ਅੱਜ ਪਿਆਰੇ ਵੀਰ ਦਾ ਜਨਮ ਦਿਹਾੜਾ ਹੈ।
ਫੋਨ ਤੇ ਮਦਾਨ ਟਾਈਪ ਕੰਨ ਲੱਗਾ ਤਾਂ ਸਾਹਮਣੇ ਆਪਣੇ ਆਪ ਸ਼ਬਦ ਨਾਦਾਨ ਆ ਗਿਆ, ਉਹ ਕੱਟਿਆ ਤਾਂ ਵਦਾਨ ਆ ਗਿਆ।
ਸੋਚਿਆ ਕਿ ਸ਼ਬਦ ਕੀ ਬੁਝਾਰਤ ਪਾ ਰਹੇ ਨੇ।
ਸ਼ਬਦ ਸੱਚੇ ਸਨ। ਮੰਗਲ ਮਦਾਨ ਨਾਦਾਨ ਵੀ ਸੀ ਤੇ ਵਦਾਨ ਵੀ। ਸ਼ਾਇਰੀ ਵਿਚ ਮਾਸੂਮ ਤੇ ਦੁਨੀਆਦਾਰੀ ਤੋਂ ਨਾਦਾਨ ਪਰ ਸਮਾਜਿਕ ਨਾ ਬਰਾਬਰੀ ਖਿਲਾਫ਼ ਵਦਾਨ ਬਣ ਵਾਰ ਕਰਦਾ ਸੀ।
ਉਸ ਨੇ ਦੋ ਹੀ ਕਾਵਿ ਪੁਸਤਕਾਂ ਲਿਖੀਆਂ “ਇੱਲਤਾਂ ਕਰਦਾ ਸੂਰਜ” ਤੇ “ਸ਼ਬਦ ਮੰਗਲ”।
ਪਹਿਲੀ ਉਹ ਆਪ ਛਾਪ ਗਿਆ ਤੇ ਦੂਜੀ ਪੁੱਤਰ ਨੇ ਉਸ ਦੇ ਜਾਣ ਮਗਰੋਂ ਛਪਵਾਈ।
ਮੈਨੂੰ ਮਾਣ ਹੈ ਕਿ ਦੂਜੀ ਕਿਤਾਬ ਦਾ ਨਾਮਕਰਨ ਵੀ ਰਿਂਸੀ ਹਿਰਦੇਪਾਲ ਨੇ ਮੈਥੋਂ ਕਰਵਾਇਆ। ਉਸ ਵਿੱਚ ਕੁਝ ਪੰਨੇ ਮੰਗਲ ਬਾਰੇ ਮੈਂ ਵੀ ਲਿਖੇ ਸਨ ਉਦੋਂ।
ਪਿਆਰੇ ਬੇਲੀ ਦੀ ਯਾਦ ਵਿੱਚ ਉਸ ਦੀਆਂ ਦੋ ਲਿਖਤਾਂ ਪੜ੍ਹੋ।
1.
ਕੀ ਸੂਰਜ ਤੇ ਕੀ ਚੰਨ ਤਾਰੇ
ਕੀ ਸੂਰਜ ਤੇ ਕੀ ਚੰਨ ਤਾਰੇ
ਕੀ ਰੁੱਤਾਂ ਤੇ ਕੀ ਨਜ਼ਾਰੇ
ਸੁਹਣਿਆਂ ਤੋਂ ਡਰਦੇ ਨੇ ਸਭ ਬਈ
ਗੱਲ ਸੱਚ ਪਿਆ ਆਖਦਾਂ
ਸੁਹਣਿਆ ਤੋਂ ਡਰਦਾ ਹੈ ਰੱਬ ਬਈ, ਗੱਲ ਸੱਚ ਪਿਆ ਆਖਦਾਂ
ਅਪਣੀ ਆਈ ਤੇ ਜਦੋਂ ਸੁਹਣੇ ਆ ਜਾਂਦੇ ਨੇ
ਫੁੱਲਾਂ ਜਿਹੇ ਅੱਗ ਬਣ ਅੱਗ ਵਰਸਾਉਂਦੇ ਨੇ
ਗੱਲ ਜਾਣਦਾ ਹੈ ਇਹ ਸਾਰਾ ਜੱਗ ਬਈ, ਗੱਲ ਸੱਚ ਪਿਆ…
ਸੁਹਣਿਆ ਨੂੰ ਕੋਈ ਕੁਝ ਆਖ ਨਹੀਓ ਸਕਦਾ
ਇਹਨਾਂ ਦੀ ਹਵਾ ਵੰਨੀ ਝਾਕ ਨਹੀਓ ਸਕਦਾ
ਸੀਨੇ ਕਾਤਿਲ ਅਦਾਵਾਂ ਲਾਉਣ ਅੱਗ ਬਈ, ਗੱਲ ਸੱਚ ਪਿਆ…
ਮੁਹੱਬਤਾਂ ਦਾ ਦਮ ਸੁਹਣੇ ਭਰਦੇ ਜ਼ਰੂਰ ਨੇ
ਪਵੇ ਹਿੱਕ ਤਾਣ ਖੜਨਾ ਤਾਂ ਡਰਦੇ ਹਜ਼ੂਰ ਨੇ
ਪੈਂਦੇ ਇਸ਼ਕੇ ਨੂੰ ਨਿੱਤ ਨਵੇਂ ਯੱਬ ਬਈ, ਗੱਲ ਸੱਚ ਪਿਆ…
ਸੁਹਣਿਆਂ ਦੇ ਪੱਟੇ ਕਦੇ ਰਾਸ ਨਹੀਓ ਆਉਂਦੇ ਨੇ
ਮੰਗਲ ਨੂੰ ਬਹਿ ਬਹਿ ਉਦੇ ਯਾਰ ਸਮਝਾਉਂਦੇ ਨੇ
ਦਿਨ ਖੜ੍ਹੇ ਹੀ ਇਹ ਲੁਟਦੇ ਨੇ ਠੱਗ ਬਈ, ਗੱਲ ਸੱਚ ਪਿਆ…..
2.
ਗੱਲਾਂ ਗੱਲਾਂ ਵਿਚ ਗੱਲ ਕਹਿਣ ਦੀ ਅਦਾ
ਗੱਲਾਂ ਗੱਲਾਂ ਵਿਚ ਗੱਲ ਕਹਿਣ ਦੀ ਅਦਾ
ਸੁਹਣਿਆਂ ਤੋਂ ਸਿਖ ਲੈ ਤੂੰ ਸਿਖ ਲੈ ਦਿਲਾ
ਟੁਰੇ ਜਾਂਦੇ ਦਿਲ ਲੁਟ ਲੈਣ ਦੀ ਅਦਾ
ਸੁਹਣਿਆ ਤੋਂ ਸਿਖ ਲੈ ਤੂੰ ਸਿਖ ਲੈ ਦਿਲਾ
ਬੁਲ੍ਹੀਆਂ ਦੀ ਥਾਂ ਤੇ ਅੱਖਾਂ ਨਾਲ ਹਸਣਾ
ਨੇੜੇ ਨੇੜੇ ਆਉਣਾ ਨਾਲੇ ਪਾਸੇ ਵਟਣਾ
ਐਂਵੇ ਝੂਠੀ-ਮੂਠੀ ਰੁਸ ਬਹਿਣ ਦੀ ਅਦਾ
ਆਪ ਹੀ ਵਕੀਲ ਨਾਲੇ ਜੱਜ ਆਪ ਨੇ
ਸੁਹਣਿਆਂ ਨੂੰ ਤਾਂ ਹੁੰਦੇ ਸੌ ਖੂਨ ਮਾਫ਼ ਨੇ
ਸਭ ਲੁੱਟ-ਪੁੱਟ ਪਾਸਾ ਵੱਟ ਲੈਣ ਦੀ ਅਦਾ
ਦੱਸੀਏ ਕੀ ਇਹਨਾਂ ਜੋ ਕਮਾਲ ਕੀਤੇ ਨੇ
ਮੰਗਲ ਜਿਹੇ ਲੱਖਾਂ ਹੀ ਕੰਗਾਲ ਕੀਤੇ ਨੇ
ਉਤੋਂ ਭੋਲੇ ਭਾਲੇ ਬਣੇ ਰਹਿਣ ਦੀ ਅਦਾ
ਜ਼ੁਲਫ਼ਾਂ ਦੇ ਕਿੰਝ ਸੱਪ ਉਡਣੇ ਬਣਾਉਣੇ ਨੇ
ਉਡਦੇ ਪੰਛੀ ਕਿੰਝ ਅੰਬਰਾਂ ‘ਚੋਂ ਲਾਹੁਣੇ ਨੇ
ਜ਼ੁਲਫ਼ਾਂ ਤੋਂ ਨਾਗ ਬਣਾ ਲੈਣ ਦੀ ਅਦਾ
ਸੁਹਣਿਆਂ ਤੋਂ ਸਿੱਖ ਲੈ ਤੂੰ ਸਿੱਖ ਲੈ ਦਿਲਾ
🔳ਗੁਰਭਜਨ ਗਿੱਲ

