ਇਹ ਗੀਤ ਪ੍ਰਸਿੱਧ ਪੰਜਾਬੀ ਲੋਕ ਗਾਇਕ ਤੇ ਮਾਝੇ ਦੇ ਪ੍ਰਸਿੱਧ ਕਲਾ -ਧਰਮੀ ਅਮਰਜੀਤ ਗੁਰਦਾਸਪੁਰੀ ਜੀ ਦੇ ਮੂੰਹੋਂ ਸੁਣਦੇ ਰਹੇ। ਲਗਪਗ ਸੱਠ ਪੈਂਹਠ ਸਾਲ ਪਹਿਲਾਂ।
ਉਨ੍ਹਾਂ ਦਾ ਪਿੰਡ ਸਾਡੇ ਪਿੰਡ ਬਸੰਤਕੋਟ ਨੇੜੇ ਉੱਦੋਵਾਲੀ ਖੁਰਦ ਸੀ। ਤਿੰਨ ਕੁ ਕਿਲੋਮੀਟਰ ਹੱਦ ਚਾਰ। ਗੁਰਦਾਸਪੁਰੀ ਦੇ ਡੇਰੇ ਸਾਈਕਲ ਤੇ ਜਾਂਦਿਆਂ ਸਾਨੂੰ ਞੀਹ ਪੰਝੀ ਮਿੰਟ ਲੱਗਦੇ। ਨਖਾਸੂ ਨਾਲੇ ਦੇ ਕੰਢੇ ਪੈਲ਼ੀਆਂ ਵਿੱਚ ਹੀ ਉਸ ਦਾ ਡੇਰਾ ਸੀ। ਨਾ ਘਰ ਦੁਆਲੇ ਚਾਰ ਦੀਵਾਰੀ, ਨਾ ਰੂਹ ਦੁਆਲੇ। ਖੁੱਲ੍ਹਾ ਖਲਾਸ। ਜ਼ੈਲਦਾਰ ਦਾ ਪੁੱਤ ਪੋਤਰਾ ਹੋਣ ਦੇ ਬਾਵਜੂਦ ਨਿੱਕੀ ਉਮਰੇ ਸੁਰਖ ਸੋਚ ਵਿੱਚ ਰੰਗਿਆ ਗਿਆ। ਇਪਟਾ ਦੇ ਪੰਜਾਬ ਵਿੱਚ ਮੋਢੀਆਂ ਵਿੱਚੋਂ ਸੀ ਉਹ। ਤੇਰਾ ਸਿੰਘ ਚੰਨ, ਜੋਗਿੰਦਰ ਬਾਹਰਲਾ, ਨਹਿੰਦਰ ਦੋਸਾਂਝ, ਜਸਵੰਤ ਸਿੰਘ ਰਾਹੀ, ਪੰਜਾਬ ਦੀ ਕੋਇਲ ਸੁਰਿੰਦਰ ਕੌਰ, ਪ੍ਰੋ. ਨਿਰੰਜਨ ਸਿੰਘ ਮਾਨ ਦਾ ਸਾਥੀ।
1962-63 ਵਿੱਚ ਹੀ ਉਸਨੂੰ ਰੇਡੀਉ ਤੋਂ ਗਾਉਣ ਦਾ ਮੌਕਾ ਮਿਲ ਗਿਆ। ਇਹ ਗੀਤ ਰੇਡੀਓ ਤੋਂ ਅਨੇਕ ਵਾਰੀ ਪ੍ਰਸਾਰਤ ਹੋਇਆ।
ਇੱਕ ਵਾਰ ਮੈਂ ਗੁਰਦਾਸਪੁਰੀ ਜੀ ਨੂੰ ਪੁੱਛਿਆ ਕਿ ਇਹ ਗੀਤ ਕਿਸ ਸ਼ਾਇਰ ਨੇ ਲਿਖਿਐ?
ਉਨ੍ਹਾਂ ਦੱਸਿਆ ਕਿ ਬਾਬਾ ਬਕਾਲਾ ਸਾਹਿਬ ਵਿਖੇ ਸਾਡਾ ਇੱਕ ਸਨੇਹੀ ਪਰਿਵਾਰ ਸੀ। ਉਨ੍ਹਾਂ ਦਾ ਪਹਾੜੀਆ ਸੇਵਾਦਾਰ ਇਹ ਗੀਤ ਗੁਣਗੁਣਾ ਰਿਹਾ ਸੀ। ਬੋਲ ਕੁਝ ਵੱਖਰੇ ਸਨ ਪਰ ਤਰਜ਼ ਕਮਾਲ ਦੀ।
ਮੈਂ ਇਹ ਬੋਲ ਕਾਪੀ ਤੇ ਉਤਾਰ ਲਏ ਤੇ ਸਿੱਧਾ ਅੰਮ੍ਰਿਤਸਰ “ਕਵਿਤਾ “ ਮੈਗਜ਼ੀਨ ਦੇ ਸੰਪਾਦਕ ਕਰਤਾਰ ਸਿੰਘ ਬਲੱਗਣ ਜੀ ਕੋਲ ਜਾ ਵੱਜਾ।
ਗੀਤ ਸੁਣਾਇਆ ਤੇ ਉਹ ਅਸ਼ ਅਸ਼ ਕਰ ਉੱਠੇ ਤਰਜ਼ ਸੁਣ ਕੇ।
ਕੁਝ ਦਿਨਾਂ ਬਾਦ ਉਸ ਗੀਤ ਵਿੱਚ ਕਈ ਸੋਧਾਂ ਤੇ ਸੇਧਾਂ ਕਰਕੇ ਮੈਨੂੰ ਡਾਕ ਵਿੱਚ ਭੇਜ ਦਿੱਤਾ।
ਗੀਤ ਪੜ੍ਹ ਕੇ ਮੈਨੂੰ ਚੈਨ ਨਾ ਆਇਆ। ਸਾਰੀ ਰਾਤ ਗੀਤ ਚੇਤੇ ਕਰਦਾ ਰਿਹਾ ਤੇ ਸਵੇਰੇ ਧਿਆਨਪੁਰੋਂ ਪਹਿਲੀ ਬੱਸ ਫੜ ਕੇ ਦਸ ਵੱਜਦੇ ਨੂੰ ਬਲੱਗਣ ਜੀ ਦੇ ਜਾ ਪੈਰ ਫੜੇ। ਇਕਤਾਰਾ ਮੇਰੇ ਬੈਗ ਵਿੱਚ ਸੀ। ਸੁਰ ਕਰਕੇ ਜਦ ਉਨ੍ਹਾ ਨੂੰ ਸੁਣਾਇਆ ਤਾਂ ਉਨ੍ਹਾਂ ਮੇਰਾ ਮੱਥਾ ਚੁੰਮਿਆ ਤੇ ਕਿਹਾ, ਜਾਹ, ਇਸ ਗੀਤ ਨਾਲ ਤੂੰ ਦੁਨੀਆ ਭਰ ਵਿੱਚ ਜਾਣਿਆਂ ਤੇ ਪਛਾਣਿਆ ਜਾਵੇਗਾ।
ਓਹੀ ਗੱਲ ਹੋਈ। ਮੈਂ ਇਹ ਗੀਤ ਰੇਡੀਉ ਤੇ ਗਾਇਆ ਤੇ ਘਰ ਘਰ ਪਹੁੰਚ ਗਿਆ। ਪੰਜਾਬੀ ਨਾਵਲਕਾਰ ਜਸਵੰਤ ਸਿੰਘ ਕੰਵਲ ਮੈਨੂੰ ਜਦ ਵੀ ਮੈਨੂੰ ਮਿਲਦੇ ਤਾਂ ਇਹ ਗੀਤ ਜ਼ਰੂਰ ਸੁਣਦੇ।
ਮੈਨੂੰ ਯਾਦ ਆਇਆ, ਸੱਚੀਂ 25 ਦਸੰਬਰ 1978 ਨੂੰ ਜਦ ਮੈਂ ਕਿਲ੍ਹਾ ਰਾਏਪੁਰ(ਲੁਧਿਆਣਾ) ਵਿੱਚ ਵਿਆਹੁਣ ਗਿਆ ਤਾਂ ਲਾਵਾਂ ਫੇਰਿਆ ਮਗਰੋਂ ਧੁੱਪ ਸੇਕਦਿਆਂ ਮੇਰੈ ਬਾਰਾਤੀ ਸ. ਜਸਵੰਤ ਸਿੰਘ ਕੰਵਲ, ਸ. ਸੂਬਾ ਸਿੰਘ, ਸਰਵਣ ਸਿੰਘ,ਸ਼ਮਸ਼ੇਰ ਸਿੰਘ ਸੰਧੂ, ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ, ਹਰਭਜਨ ਸਿੰਘ ਬਾਜਵਾ ਨੇ ਇਹ ਗੀਤ ਕੰਵਲ ਜੀ ਨੇ ਉਚੇਚਾ ਸੁਣਿਆ ਸੀ।
ਉਹ ਵਜਦ ਵਿੱਚ ਆ ਕੇ ਨਾਲ ਨਾਲ ਝੂਮ ਰਹੇ ਸਨ। ਵੱਖਰਾ ਆਲਮ ਤਾਰੀ ਸੀ।
ਅੱਜ ਗੁਰਦਾਸਪੁਰੀ, ਕੰਵਲ, ਬਲੱਗਣ ਜੀ ਧਰਤੀ ਤੇ ਨਹੀਂ ਹਨ ਪਰ ਇਹ ਗੀਤ ਮੇਰੇ ਸਿਰ ਤੇ ਘਣਛਾਵਾਂ ਬਿਰਖ ਬਣ ਕੇ ਖੜ੍ਹਾ ਹੈ।
ਆਕਾਸ਼ਵਾਣੀ ਜਲੰਧਰ ਨੇ ਇਸ ਨੂੰ ਯੂ ਟਿਊਬ ਤੇ ਪਾ ਦਿੱਤਾ ਹੈ। ਉਥੋਂ ਸੁਣ ਕੇ ਹੀ ਇਸ ਦੀ ਪੜ੍ਹਤ ਤੁਹਾਡੇ ਲਈ ਲਿਖ ਕੇ ਸੰਭਾਲੀ ਹੈ।
ਇਸ ਗੀਤ ਦੀ ਖੂਬਸੂਰਤੀ ਇਹ ਵੀ ਹੈ ਕਿ ਅਮਰਜੀਤ ਗੁਰਦਾਸਪੁਰੀ ਜੀ ਤੋਂ ਬਿਨਾ ਕਿਸੇ ਹੋਰ ਗਾਇਕ ਤੋਂ ਨਹੀਂ ਸੁਣਿਆ।
ਨਾ ਹੀ ਕਰਤਾਰ ਸਿੰਘ ਬਲੱਗਣ ਜੀ ਦੀ ਕਿਸੇ ਕਿਤਾਬ ਵਿੱਚੋਂ ਮਿਲ਼ਿਆ ਹੈ।
ਤੁਹਾਡੀ ਸੇਵਾ ਵਿੱਚ ਇਹ ਗੀਤ ਹਾਜ਼ਰ ਹੈ।
ਚਿੱਟੀ ਚਿੱਟੀ ਪਗੜੀ
▪️ਕਰਤਾਰ ਸਿੰਘ ਬਲੱਗਣ
ਚਿੱਟੀ ਚਿੱਟੀ ਪਗੜੀ ਤੇ ਘੁੱਟ ਘੁੱਟ ਬੰਨ੍ਹ ਵੇ,
ਭਲਾ ਵੇ ਮੈਨੂੰ ਤੇਰੀ ਸਹੁੰ ਈ,
ਵਿੱਚ ਵੇ ਗੁਲਾਬੀ ਫੁੱਲ ਟੰਗਿਆ ਕਰ।
ਤੇਰੇ ਪੈਰੀਂ ਜੁੱਤੀ ਚਾਨਣੀ ਤੇ ਰੁਮਾਲ ਹੱਥ ਲਾਲ ਸੂਹਾ,
ਵੇ ਭਲਾ ਮੈਨੂੰ ਤੇਰੀ ਸਹੁੰ ਈ,
ਸਾਡੀ ਵੀ ਗਲ਼ੀ ‘ਚੋਂ ਕਦੇ ਲੱਘਿਆ ਕਰ।
ਤੇਰੇ ਨੀ ਅੱਗੇ ਚਰਖ਼ੀ ਤੇ ਪਿੱਛੇ ਪੀੜ੍ਹਾ ਲਾਲ,
ਭਲਾ ਨੀ ਮੈਨੂੰ ਤੇਰੀ ਸਹੁੰ ਈ,
ਬਹਿ ਕੇ ਪਰਛਾਵੇ ਨੀ ਤੂੰ ਕੱਤਿਆ ਕਰ।
ਨਿੱਕੀਆਂ ਨਿੱਕੀਆਂ ਉਂਗਲੀਆਂ ਵਿੱਚ ਛੱਲੇ ਛਾਪਾ ਮੁੰਦਰੀਆਂ,
ਭਲਾ ਨੀ ਮੈਨੂੰ ਤੇਰੀ ਸਹੁੰ ਈ,
ਚੀਚੀ ਦੇ ਹੁਲਾਰੇ ਤੰਦ ਸੁੱਟਿਆ ਕਰ।
ਵੇ ਬਾਗਾਂ ਦਿਆ ਭੌਰਿਆਂ ਨੂੰ ਚੁੱਪ ਚੰਗੀ ਫੱਬਦੀ ਨਹੀਂ,
ਭਲਾ ਵੇ ਮੈਨੂੰ ਤੇਰੀ ਸਹੁੰ ਈ,
ਫੁੱਲਾਂ ਵੱਲ ਵੇਖ ਕੇ ਤਾਂ ਹੱਸਿਆ ਕਰ।
ਤੂੰ ਨੀਵੀਂ ਪਾਈ ਰੱਖਦਾ ਏ ਨਿੱਤ ਸ਼ਰਮਾਕਲਾ ਵੇ,
ਭਲਾ ਵੇ ਮੈਨੂੰ ਤੇਰੀ ਸਹੁੰ ਈ,
ਸਾਡੇ ਵੀ ਬਨੇਰੇ ਵੱਲ ਤੱਕਿਆ ਕਰ।
ਜੇ ਭੁੱਲ ਜਾਵੇ ਰਾਣੀਏ ਨੀ ਕੋਈ ਤੇਰੀ ਗਲ਼ੀ ਵਿੱਚ,
ਭਲਾ ਨੀ ਮੈਨੂੰ ਤੇਰੀ ਸਹੁੰ ਈ,
ਰਾਹ ਭੁੱਲ੍ਹੈ ਰਾਹੀਆਂ ਨੂੰ ਤੂੰ ਦੱਸਿਆ ਕਰ।
ਤੇਹ ਲੱਗ ਜਾਂਦੀ ਨੀ ਤੇਰੇ ਰੂਪ ਦੀ ਦੁਪਹਿਰ ਵਿੱਚ,
ਭਲਾ ਨੀ ਮੈਨੂੰ ਤੇਰੀ ਸਹੁੰ ਈ,
ਪਾਣੀ ਦਾ ਵੀ ਘੁੱਟ ਕਦੇ
ਪੁੱਛਿਆ ਕਰ।
ਗੁਰਭਜਨ ਗਿੱਲ

