ਕੋਟਕਪੂਰਾ, 30 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਡਾ. ਚੰਦਾ ਸਿੰਘ ਮਰਵਾਹ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਦੀ ਵਿਦਿਆਰਥਣ ਅਮਨਦੀਪ ਕੌਰ ਨੇ ਦਿੱਲੀ ਵਿਖੇ ਹੋਏ ਅੰਡਰ 19 ਸਕੂਲੀ ਰਾਸ਼ਟਰੀ ਗਤਕਾ ਖੇਡ ਮੁਕਾਬਲੇ ਵਿਚ ਗੋਲਡ ਮੈਡਲ ਹਾਸਲ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਪ੍ਰਭਜੋਤ ਸਿੰਘ ਸਹੋਤਾ ਨੇ ਦੱਸਿਆ ਕਿ ਰਾਸ਼ਟਰੀ ਪੱਧਰ ਗੋਲਡ ਮੈਡਲ ਪ੍ਰਾਪਤ ਕਰਨਾ ਇਲਾਕੇ ਲਈ ਮਾਣ ਵਾਲੀ ਗੱਲ ਹੈ। ਸੰਸਥਾ ਦੀਆਂ ਪੰਜ ਵਿਦਿਆਰਥਣਾਂ ਪ੍ਰੀਆ ਕੌਰ, ਏਕਮ ਕੌਰ, ਸੁਨੇਹਾ ਤੇ ਮਨਤ੍ਰਿਪਤ ਕੌਰ ਨੇ ਇਨ੍ਹਾਂ ਖੇਡਾਂ ਵਿੱਚ ਗੁਰਪ੍ਰੀਤ ਸਿੰਘ ਗੱਤਕਾ ਕੋਚ ਦੀ ਅਗਵਾਈ ਵਿੱਚ ਹਿੱਸਾ ਲਿਆ। ਅੱਜ ਸਕੂਲ ਵਿਖੇ ਪਹੁੰਚਣ ‘ਤੇ ਇਨ੍ਹਾਂ ਵਿਦਿਆਰਥਣਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਸ੍ਰ. ਸਹੋਤਾ ਨੇ ਆਪਣੇ ਸੰਬੋਧਨ ਦੌਰਾਨ ਜਿੱਥੇ ਇਨ੍ਹਾਂ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੱਤੀ, ਉੱਥੇ ਵਿਦਿਆਰਥੀਆਂ ਨੂੰ ਖੇਡਾਂ ਵਿਚ ਵੱਧ-ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ। ਉੱਘੇ ਸਮਾਜ ਸੇਵੀ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਵਿਦਿਆਰਥੀਆਂ ਵੱਲੋਂ ਕੀਤੀਆਂ ਗਈਆਂ ਪ੍ਰਾਪਤੀ ਲਈ ਵਿਸ਼ੇਸ਼ ਤੌਰ ‘ਤੇ ਵਧਾਈ ਦਿੰਦਿਆਂ ਚੰਗੇ ਭਵਿੱਖ ਦੀ ਕਾਮਨਾ ਕੀਤੀ। ਇਸ ਤੋਂ ਇਲਾਵਾ ਗੁਰਮੀਤ ਸਿੰਘ ਮੀਤਾ, ਵਰਿੰਦਰ ਸਿੰਘ, ਚੰਦਨ ਕੌਰ ਸੋਢੀ, ਸ਼ਵਿੰਦਰ ਕੌਰ, ਜਸਕਰਨ ਕੌਰ, ਵਿਵੇਕ ਕਪੂਰ, ਬੂਟਾ ਸਿੰਘ ਵਾਕਫ਼, ਸਵਰਨਪਾਲ ਸਿੰਘ, ਚੰਦਨ ਸਿੰਘ ਡੀ.ਪੀ.ਈ., ਹਰਵਿੰਦਰ ਕੌਰ ਡੀ.ਪੀ.ਈ. ਸਮੇਤ ਸਮੁੱਚਾ ਸਟਾਫ਼ ਮੌਜੂਦ ਸੀ।

