ਰੱਖੜੀ ਦਾ ਪਵਿੱਤਰ ਤਿਉਹਾਰ ਹਰ ਸਾਲ ਭਾਦਰੋਂ ਮਹੀਨੇ ਦੀ ਪੂਰਨਮਾਸ਼ੀ ਨੂੰ ਪੂਰੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਤਿਉਹਾਰ ਨੂੰ ਭੈਣ-ਭਰਾ ਦੇ ਪਵਿੱਤਰ ਪ੍ਰੇਮ ਅਤੇ ਅਟੁੱਟ ਵਿਸ਼ਵਾਸ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
ਇਤਿਹਾਸ ਦੇ ਪੰਨਿਆਂ ਵੱਲ ਝਾਤ ਮਾਰੀਏ ਤਾਂ ਸਾਨੂੰ ਇਸ ਤਿਉਹਾਰ ਦੀ ਆਰੰਭਤਾ ਦਾ ਜਿਕਰ ਦੁਆਪਰ ਯੁੱਗ ਦੇ ਸੁਨਹਿਰੀ ਪੰਨੇ ਉਪਰ ਵਿਸਮਾਦਮਈ ਦ੍ਰਿਸ਼ ਵਿਚ ਮਿਲਦਾ ਹੈ ਅਤੇ ਉਸ ਘਟਨਾ ਨੂੰ ਸ਼ਬਦਾਂ ਵਿਚ ਬਿਆਨ ਕਰਨਾ ਬਹੁਤ ਕਠਿਨ ਜਾਪਦਾ ਹੈ।
ਖੈਰ! ਦੁਆਪਰ ਯੁੱਗ ਦੇ ਅਵਤਾਰ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਆਪਣੇ ਸੁਦਰਸ਼ਨ ਚੱਕਰ ਨਾਲ ਜਦੋਂ ਸ਼ਿਸ਼ੂਪਾਲ ਦਾ ਸਿਰ ਧੜ ਤੋਂ ਅਲੱਗ ਕੀਤਾ ਤਾਂ ਸੁਦਰਸ਼ਨ ਚੱਕਰ ਆਪਣੀ ਵਾਪਸੀ ਦੌਰਾਨ ਭਗਵਾਨ ਦੀ ਉਂਗਲੀ ਨੂੰ ਹਲਕਾ ਜਿਹਾ ਕੱਟ ਕਰ ਗਿਆ। ਸ਼੍ਰੀ ਕ੍ਰਿਸ਼ਨ ਜੀ ਦੀ ਉਂਗਲੀ ਵਿਚੋਂ ਖੂਨ ਸਿੰਮਣਾ ਸ਼ੁਰੂ ਹੋ ਗਿਆ। ਖੂਨ ਦੀਆਂ ਟਪਕਦਿਆਂ ਬੂੰਦਾਂ ਨੂੰ ਦੇਖ ਕੇ ਦ੍ਰੋਪਤੀ ਨੇ ਤੇਜ਼ੀ ਨਾਲ ਆਪਣੀ ਸਾੜੀ ਦਾ ਪੱਲੂ ਪਾੜਿਆ ਅਤੇ ਭਗਵਾਨ ਦੀ ਉੱਗਲੀ ਉੱਪਰ ਕੱਸ ਕੇ ਬੰਨ ਦਿੱਤਾ ਤਾਂ ਜੋ ਖੂਨ ਟਪਕਣਾ ਬੰਦ ਹੋ ਜਾਵੇ। ਆਪਣੀ ਸਖੀ ਅਤੇ ਮੂੰਹ ਬੋਲੀ ਭੈਣ ਦਾ ਅਟੁੱਟ ਪਿਆਰ ਦੇਖ ਕੇ ਸ਼੍ਰੀ ਕ੍ਰਿਸ਼ਨ ਜੀ ਨੇ ਖੁਸ਼ ਹੋ ਕੇ ਦ੍ਰੋਪਤੀ ਨੂੰ ਵਚਨ ਦਿੱਤਾ ਕਿ ਉਹ ਹਮੇਸ਼ਾਂ ਉਸ ਦੀ ਰਖਿਆ ਕਰਨਗੇ।
ਇੱਕ ਦਿਨ ਅਜਿਹਾ ਸਮਾਂ ਆਇਆ ਕਿ ਦ੍ਰੋਪਤੀ ਤੇ ਕਹਿਰ ਢਹਿ ਪਿਆ। ਇਸ ਭਿਆਨਕ ਸਮੇਂ ਵਿਚ ਦ੍ਰੋਪਤੀ ਦੇ ਬੇਅੰਤ ਸਹਾਰੇ ਹੁੰਦੇ ਹੋਏ ਵੀ ਉਹ ਇੱਕਲੀ ਰਹਿ ਗਈ। ਅੱਜ ਹਸਤਾਨਾਪੁਰ ਦੀ ਮਹਾਰਾਣੀ ਜਿਸ ਦੇ ਪੰਜ ਪਤੀ ਪਰਮੇਸ਼ਵਰ ਸਮੇਤ ਰਾਜਾ ਧ੍ਰਿਦਰਾਸ਼ਟਰ, ਭੀਸ਼ਮ ਪੀਤਾਮਾ, ਗੁਰੂ ਦਰੋਣਾਚਾਰੀਆ ਅਤੇ ਹੋਰ ਮਹਾਨ ਸਖਸ਼ੀਅਤ ਕੋਲ ਹੁੰਦਿਆਂ ਉਹ ਆਪਣੇ ਮਹੱਲਾ ਵਿਚ ਕੇਸਾਂ ਤੋਂ ਫੜ ਕੇ ਧਰੂਹੀ ਗਈ। ਉਸ ਨੂੰ ਭਰੀ ਹੋਈ ਸਭਾ ਵਿਚ ਨਗਨ ਕੀਤਾ ਜਾ ਰਿਹਾ ਸੀ। ਉਸ ਨੂੰ ਆਸ ਸੀ ਕਿ ਕੋਈ ਉਸ ਨੂੰ ਬਚਾਉਣ ਜਰੂਰ ਆਵੇਗਾ। ਉਸ ਨੇ ਵਾਰੋ-ਵਾਰੀ ਸਭ ਦੇ ਪੈਰ ਫੜੇ ਪਰੰਤੂ ਕੋਈ ਵੀ ਉਸ ਨੂੰ ਬਚਾਉਣ ਨਹੀਂ ਆਇਆ। ਉਹ ਰੋਂਦੀ ਰਹੀ ਕਰਲਉਂਦੀ ਰਹੀ ਲੇਕਿਨ ਸਭ ਵਿਅਰਥ। ਅੱਜ ਅਪਣੇ ਹੀ ਉਸ ਦੇ ਦੁਸ਼ਮਣ ਬਣ ਚੁੱਕੇ ਸੀ। ਦ੍ਰੋਪਤੀ ਥੱਕ ਹਾਰ ਗਈ। ਹੁਣ ਕੋਈ ਸਹਾਰਾ ਨਹੀਂ ਰਿਹਾ। ਕੇਵਲ ਇੱਕੋ ਸਹਾਰਾ ਬਚਿਆ ਸੀ ਉਸ ਨੇ ਆਪਣੇ ਮਨ ਵਿਚ ਯਾਦ ਕੀਤਾ, “ਗੋਵਿੰਦ ਮੇਰੀ ਰਖਿਆ ਕਰੋ।” ਏਨਾ ਕਹਿਣ ਦੀ ਦੇਰ ਸੀ ਕਿ ਸਮੇਂ ਦੇ ਅਵਤਾਰ ਦ੍ਰੋਪਤੀ ਦਾ ਮੂੰਹ ਬੋਲਿਆ ਭਾਈ ਜਿਸ ਨੂੰ ਉਹ ਹਮੇਸ਼ਾਂ ਸਖੀ ਕਹਿ ਕੇ ਬੁਲਾਉਂਦਾ ਸੀ ਨੇ ਅਜਿਹਾ ਕੌਤਕ ਵਰਤਾਇਆ ਕਿ ਕੱਪੜੇ ਦੇ ਢੇਰ ਲੱਗ ਗਏ ਦ੍ਰੋਪਤੀ ਦੀ ਲਾਜ ਰੱਖੀ ਗਈ। ਇਸ ਨੂੰ ਕਹਿੰਦੇ ਹਨ ਸੱਚਾ ਪ੍ਰੇਮ ਪਿਆਰ। ਬਾਅਦ ਵਿਚ ਦ੍ਰੋਪਤੀ ਨੇ ਇਕਵਾਰ ਸ਼੍ਰੀ ਕ੍ਰਿਸ਼ਨ ਜੀ ਨੂੰ ਰੋਹ ਵਿਚ ਪੁੱਛਿਆ, “ਗੋਵਿੰਦ ਤੁਸੀਂ ਪਹਿਲਾਂ ਕਿਉਂ ਨਹੀਂ ਆਏ।” ਹੱਸ ਕਿ ਸ਼੍ਰੀ ਕ੍ਰਿਸ਼ਨ ਜੀ ਬੋਲੇ, “ਸਖੀ, ਪਹਿਲਾਂ ਮਾਣ ਹੀ ਤੈਨੂੰ ਆਪਣੇ ਪੰਜ ਪਤੀਆਂ ਉੱਪਰ ਸੀ। ਮੈਂ ਤਾਂ ਪਹਿਲਾਂ ਹੀ ਆ ਜਾਂਦਾ ਪਰ ਮੈਨੂੰ ਤੂੰ ਯਾਦ ਹੀ ਸਭ ਤੋਂ ਬਾਅਦ ਵਿਚ ਕੀਤਾ। ਇਸ ਘਟਨਾ ਦੀ ਜਾਣਕਾਰੀ ਸਾਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੀ ਮਿਲਦੀ ਹੈ।
ਪੰਚਾਲੀ ਕਉ ਰਾਜ ਸਭਾ ਮਹਿ ਰਾਮ ਨਾਮ ਸੁਧਿ ਆਈ।।
ਤਾ ਕੋ ਦੂਖ ਰਹਿਓ ਕਰੁਣਾ ਮੈ ਆਪਣੀ ਪੈਜ ਬਢਾਈ।।
ਗੁਰਮਤਿ ਅਨੁਸਾਰ ਇਹ ਰੁਹਾਨੀਅਤ ਰਸ ਦੇ ਉਹ ਪਲ ਹਨ ਜਿਹਨਾਂ ਨੂੰ ਜੀਵ ਇਸਤਰੀਆਂ ਉਸ ਅਵਸਥਾ ਵਿਚ ਜਾ ਕੇ ਮਾਣ ਸਕਦੇ ਹਨ। ਇਹ ਵਿਸਮਾਦ ਅਨੰਦ ਦੀਆਂ ਘੜੀਆਂ ਨੂੰ ਪੂਰੀ ਜ਼ਿੰਦਗੀ ਤਾਂ ਕੀ ਕਈ ਯੁੱਗ ਵੀ ਬੀਤ ਜਾਣ ਤਾਂ ਵੀ ਅੰਮ੍ਰਿਤਮਈ ਅਨੰਦ ਦਾ ਇਹ ਖਜਾਨਾ ਕਦੇ ਨਹੀਂ ਮੁੱਕਣਾ। ਜੀਵ ਇਸਤਰੀ ਨੂੰ ਪਰਮਾਤਮਾ ਦੇ ਪ੍ਰੇਮ ਅਤੇ ਅਟੁੱਟ ਵਿਸ਼ਵਾਸ ਵਿਚੋਂ ਹੀ ਆਖਿਰ ਰੱਖੜੀ ਦਾ ਤਿਉਹਾਰ ਉੱਭਰ ਕੇ ਸਾਡੇ ਸਾਹਮਣੇ ਆਇਆ ਹੈ। ਇਹ ਤਿਉਹਾਰ ਹਰ ਸਾਲ ਸਾਡੇ ਲਈ ਇੱਕ ਸੁਨੇਹਾ ਲੈ ਕੇ ਆਉਂਦਾ ਹੈ, “ਹੇ ਜੀਵ ਇਸਤਰੀ ਇਸ ਤਿਉਹਾਰ ਦੀ ਆਰੰਭਤਾ ਦੇ ਬੀਜ ਦਾ ਕੋਈ ਕਿਣਕਾ ਮਾਤਰ ਗਿਆਨ ਹੀ ਕਿਤੇ ਤੇਰੇ ਹਿਰਦੇ ਵਿਚ ਵੱਸ ਜਾਵੇ ਤਾਂ ਤੂੰ ਇਸ ਭਵਸਾਗਰ ਤੋਂ ਪਾਰ ਹੋ ਸਕਦੀ ਹੈ। ਆਓ! ਇਸ ਪਵਿੱਤਰ ਤਿਉਹਾਰ ਨੂੰ ਮਨਾਉਂਦੇ ਹੋਏ ਪਰਮਾਤਮਾ ਦੀ ਪ੍ਰੀਤ ਦਾ ਅਨੰਦ ਮਾਣੀਏ।
ਕਰਮਜੀਤ ਕੌਰ ਮੁਕਤਸਰ
ਮੋ: 8968594379
