ਕੁਝ ਲੋਕਾਂ ਦੇ ਬੋਲ ਤੁਹਾਡੇ ਕੋਲ ਪਹਿਲਾਂ ਪਹੁੰਚਦੇ ਨੇ ਤੇ ਵਿਅਕਤੀ ਬਾਅਦ ਵਿੱਚ। ਇਹ ਦੋਵੇਂ ਸ਼ਾਇਰ ਟਿਊਬ ਰਾਹੀਂ ਮੇਰੇ ਕੋਲ ਪਹਿਲਾਂ ਪਹੁੰਚੇ ਪਰ ਮਿਲੇ 2018 ਵਿੱਚ।
ਫ਼ਖ਼ਰ ਜ਼ਮਾਂ ਸਾਹਿਬ ਦੀ ਅਗਵਾਈ ਹੇਠ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਹਿੱਸਾ ਲੈਣ ਲਈ ਡਾ. ਦੀਪਕ ਮਨਮੋਹਨ ਤੇ ਸਹਿਜਪ੍ਰੀਤ ਮਾਂਗਟ ਦੇ ਉਤਸ਼ਾਹ ਦੇਣ ਸਦਕਾ ਲਾਹੌਰ ਜਾਣ ਦਾ ਮੌਕਾ ਮਿਲਿਆ। ਮੇਰੇ ਨਾਲ ਉਜਾਗਰ ਸਿੰਘ ਕੰਵਲ ਭਾ ਜੀ ਤੇ ਪਿਆਰਾ ਸ਼ਾਇਰ ਮਨਜਿੰਦਰ ਧਨੋਆ ਵੀ ਸੀ।
ਦੋਵੇਂ ਸ਼ਾਇਰ ਇਸ ਕਾਨਫਰੰਸ ਵਿੱਚ ਸਾਡੇ ਡੈਲੀਗੇਸ਼ਨ ਦੇ ਜੀਆਂ ਨੂੰ ਉਚੇਚਾ ਮਿਲਣ ਆਏ ਸਨ।
ਤਾਹਿਰਾ ਸਰਾ ਦੇ ਕਲਾਮ ਦੀਆਂ ਕੁਝ ਵੰਨਗੀਆਂ ਤੇ ਆਧਾਰਿਤ ਇੱਕ ਨਿੱਕਾ ਜਿਹਾ ਲੇਖ ਮੈਂ ਏਧਰਲੇ ਪਰਚਿਆਂ/ਅਖਬਾਰਾਂ ਵਿੱਚ ਲਿਖ ਚੁੱਕਾ ਸਾਂ। ਦੋਵੇਂ ਬੜਾ ਹੁੱਬ ਕੇ ਮਿਲੇ।
ਤਾਹਿਰਾ ਸਰਾ ਦੀ ਮਹਿਕਵੰਤਾ ਹਾਸਾ ਏਦਾਂ ਸੀ ਜਿਵੇਂ ਭੱਠੀ ਤੇ ਕੜਾਹੀ ਵਿੱਚ ਮੱਕੀ ਦੇ ਫੁੱਲੇ ਇਕ ਦਮ ਇਕੱਠੇ ਖਿੜ ਜਾਣ। ਨਿੱਕੀਆਂ ਨਿੱਕੀਆਂ ਗੱਲਾਂ ਵਿੱਚ ਪੰਜਾਬੀ ਜ਼ਬਾਨ ਦੀ ਬੇਕਦਰੀ ਦਾ ਦਰਦ ਵੀ ਝਲਕਿਆ।
ਸਾਬਰ ਅਲੀ ਸਾਬਰ ਬਾਬਾ ਬੁੱਲ੍ਹੇ ਸ਼ਾਹ ਦੇ ਪਿੰਡ ਪਾਂਡੋ ਕੀ (ਕਸੂਰ)ਦਾ ਜੰਮ ਪਲ ਹੈ। ਉੱਥੇ ਹੀ ਰਹਿੰਦਾ ਹੈ। ਤਿੰਨੇ ਦਿਨ ਪਿੰਡੋਂ ਹੀ ਆਉਂਦਾ ਰਿਹਾ। ਰਾਤੀਂ ਪਰਤ ਜਾਂਦਾ ਚੁੱਪ ਚੁਪੀਤਾ ਬੰਦਾ। ਕਵਿਤਾ ਵਿੱਚ ਲਾਵੇ ਦਾ ਦਰਿਆ ਹੈ ਉਹ।
ਦੋਹਾਂ ਦੀ ਤਸਵੀਰ ਸਾਹਮਣੇ ਆ ਗਈ ਤਾਂ ਮੈਂ ਸੋਚਿਆ ਕਿ ਕਿਉਂ ਨਾ ਤੁਹਾਡੇ ਨਾਲ ਇਨ੍ਹਾਂ ਦੀ ਬਾਤ ਸਾਂਝੀ ਕਰਾਂ।
ਸਾਬਰ ਅਲੀ ਸਾਬਰ ਦੀ ਜਗਤ ਪ੍ਰਸਿੱਧ ਕਵਿਤਾ ਤੁਸੀਂ ਵੀ ਪੜ੍ਹੋ।
ਰੱਬਾ ਤੇਰੇ ਹੁਕਮ ਬਿਨਾਂ ਜੇ….
ਰੱਬਾ ਤੇਰੇ ਹੁਕਮ ਬਿਨਾਂ ਜੇ
ਪੱਤਾ ਵੀ ਨਹੀਂ ਹਿੱਲਦਾ
ਕੀ ਸਮਝਾਂ ਫਿਰ ਹਰ ਮਾੜੇ ਤੇ
ਤਗੜੇ ਪਿੱਛੇ ਤੂੰ ਏਂ ?
ਲੱਗਦੇ ਪਏ ਨੇ ਜਿਹੜੇ ਸਾਨੂੰ
‘ਰਗੜੇ ਪਿੱਛੇ ਤੂੰ ਏਂ ?
ਮਸਜਿਦ ਮੰਦਿਰ ਤੇ ਗਿਰਜੇ
ਦੇ ਝਗੜੇ ਪਿੱਛੇ ਤੂੰ ਏਂ ?
ਏਨੇ ਖ਼ੂਨ ਖ਼ਰਾਬੇ ਦੇ ਵਿਚ
ਤੈਨੂੰ ਕੀਹ ਏ ਮਿਲਦਾ ?
ਰੱਬਾ ਤੇਰੇ ਹੁਕਮ ਬਿਨਾਂ
ਜੇ ਪੱਤਾ ਵੀ ਨਹੀਂ ਹਿੱਲਦਾ
ਰੱਬਾ ਬੇਸ਼ੱਕ ਜੱਗ ਦੀ ਹਰ ਇਕ
ਸ਼ੈਅ ਦਾ ਮਾਲਿਕ ਤੂੰ ਏਂ,
ਤੇਰੀ ਸ਼ੈਅ ਦਾ ਏਥੇ ਮਾਲਿਕ
ਬਣਦਾ ਜਿਹੜਾ ਕੀ ਏ ?
ਉਲਟਾ ਕਾਫ਼ਿਰ ਕਹਿੰਦੇ ਜੇ
ਮੈਂ ਦੱਸਨਾਂ ਕਿਹੜਾ ਕੀ ਏ
ਤੂੰ ਕਾਦਿਰ ਏਂ ਕਰ ਦੇਵੇਂ
ਜੇ ਸਾਂਝਾ ਵਿਹੜਾ ਕੀ ਏ ?
ਮਲਕੀਅਤ ਦੇ ਰੌਲੇ ਕਿਉਂ
ਜੇ ਸਭ ਦਾ ਖ਼ਾਲਿਕ ਤੂੰ ਏਂ
ਰੱਬਾ ਬੇਸ਼ੱਕ ਜੱਗ ਦੀ ਹਰ
ਇਕ ਸ਼ੈਅ ਦਾ ਮਾਲਿਕ ਤੂੰ ਏਂ,
ਰੱਬਾ ਕਿੱਥੇ ਤੇਰਾ ਸੱਤਰ
ਮਾਂਵਾਂ ਵਾਲਾ ਪਿਆਰ ?
ਜੇ ਕਰ ਵੇਖ ਰਿਹਾਂ ਏਂ ਤੇਰੀ
ਕਿਉਂ ਨਹੀਂ ਨਿੱਕਲੀ ਚੀਕ ?
ਮੁੱਲਾ ਆਖੇ ਵੈਰੀ ਤੇਰੇ
ਨਾਂ ਨੂੰ ਲਾਉਂਦਾ ਏ ਲੀਕ
ਇਹਦਾ ਮਤਲਬ ਤਾਕਤਵਰ ਏ
ਤੈਥੋਂ ਤੇਰਾ ਸ਼ਰੀਕ?
ਆਪਣੇ ਵੈਰੀ ਲਈ ਕਿਉਂ ਨਹੀਂ
ਤੂੰ ਜੱਬਾਰ ਕੁਹਾਰ ?
ਰੱਬਾ ਕਿੱਥੇ ਤੇਰਾ ਸੱਤਰ
ਮਾਂਵਾਂ ਵਾਲਾ ਪਿਆਰ।
🔷
ਤਾਹਿਰਾ ਸਰਾ ਦੀ ਪੰਜਾਬੀ ਵਿੱਚ ਮੌਲਿਕ ਇੱਕੋ ਕਿਤਾਬ “ਸ਼ੀਸ਼ਾ”
ਹੀ ਹੈ। ਤਾਹਿਰਾ ਸਰਾ ਬਾਰੇ ਮੈਂ ਕਦੇ ਲਿਖਿਆ ਸੀ। ਉਹ ਪਹਿਲਾਂ ਪੜ੍ਹੋ।
ਪਾਕਿਸਤਾਨ ਦੇ ਜ਼ਿਲ੍ਹਾ ਸ਼ੇਖੂਪੁਰਾ ਦੀ ਤਹਿਸੀਲ ਮੰਡੀ ਢਾਬਾਂ ਸਿੰਘ (ਨਵਾਂ ਨਾਮ ਸਫ਼ਦਰਾਬਾਦ) ਵਿੱਚ ਵੱਸਦੀ ਹੈ। ਸ਼ਾਹ ਮੁਖੀ ਤੇ ਗੁਰਮੁਖੀ ‘ਚ ਪਹਿਲੀ ਕਾਵਿ ਕਿਤਾਬ “ਸ਼ੀਸ਼ਾ” ਨੇ ਉਸ ਦੀ ਪੂਰੀ ਦੁਨੀਆਂ ਚ ਪਛਾਣ ਬਣਾਈ ਹੈ। ਲੋਕ ਰੰਗ ਚ ਲਿਖਣ ਵਾਲੀ ਇਸ ਬੁਲੰਦ ਸ਼ਾਇਰਾ ਦਾ ਭਾਰਤੀ ਪੰਜਾਬ ਚ ਸਭ ਤੋਂ ਪਹਿਲਾਂ ਮੈਂ ਹੀ ਉਸ ਦੀਆਂ ਯੂ ਟਿਊਬ ਵਿੱਚੋਂ ਸੁਣ ਕੇ ਪੰਜਾਬੀ ਟ੍ਰਿਬਿਊਨ ਵਿੱਚ ਲੇਖ ਲਿਖਿਆ ਤੇ ਚੋਣਵੀਆਂ ਕਵਿਤਾਵਾਂ ਛਾਪ ਕੇ ਜਾਣ ਪਛਾਣ ਕਰਵਾਈ ਸੀ।
ਪਿੱਤਰੀ ਸੱਤਾ ਨਾਲ ਉਹ ਜੰਮ ਕੇ ਖਹਿੰਦੀ ਤੇ ਦਿਲ ਦੀ ਹਕੀਕੀ ਬਾਤ ਕਹਿੰਦੀ ਹੈ। ਉਹ ਮਰਦਾਵੀਂ ਹੈਂਕੜ ਤੇ ਸ਼ਬਦ ਬਾਣ ਸਿੰਨਦੀ, ਉਸ ਨੂੰ ਵਿੰਨ੍ਹਦੀ ਤੇ ਜਾਂਬਾਜ਼ ਕਵਿੱਤਰੀ ਵਾਂਗ ਨਿਰੰਤਰ ਸੰਘਰਸ਼ਸ਼ੀਲ ਹੈ।
2018 ਦੀ ਲਾਹੌਰ (ਪਾਕਿਸਤਾਨ) ਵਿੱਚ ਹੋਈ ਵਿਸ਼ਵ ਪੰਜਾਬੀ ਕਾਨਫਰੰਸ ਤੇ ਉਹ ਬਹੁਤ ਸਨੇਹ ਤੇ ਸਤਿਕਾਰ ਨਾਲ ਮਿਲੀ। ਉਸ ਨੇ ਸ਼ਾਹਮੁਖੀ ਵਿੱਚ ਛਪੀ ਕਾਵਿ ਪੁਸਤਕ “ਸ਼ੀਸ਼ਾ” ਮੈਨੂੰ ਗੁਰਮੁਖੀ ਵਿੱਚ ਛਾਪਣ ਲਈ ਦਿੱਤੀ। ਮੇਰੇ ਤੋਂ ਪਹਿਲਾਂ ਵੀ ਕੁਝ ਸੱਜਣ ਇਹ ਕਿਤਾਬ ਗੁਰਮੁਖੀ ਅੱਖਰਾਂ ਵਿੱਚ ਛਾਪਣ ਦੀ ਗੱਲ ਤੋਰ ਚੁਕੇ ਸਨ ਪਰ ਨਤੀਜੇ ਤੇ ਨਾ ਪਹੁੰਚ ਸਕੇ। ਵਤਨ ਪਰਤ ਕੇ ਚੇਤਨਾ ਪ੍ਰਕਾਸ਼ਨ ਤੋਂ ਇਸ ਦੀ ਤਿਆਰੀ ਆਰੰਭੀ ਤਾਂ ਤਾਹਿਰਾ ਨੇ ਦੱਸਿਆ ਕਿ ਤੁਸੀਂ ਖੇਚਲ ਨਾ ਕਰਨਾ ਹੁਣ ਇਹ ਨਿਊਯਾਰਕ (ਅਮਰੀਕਾ ) ਵੱਸਦੇ ਪੰਜਾਬੀ ਕਵੀ ਤਰਲੋਕਬੀਰ ਨੇ ਉਸ ਦੀ ਕਿਤਾਬ ‘ਸ਼ੀਸ਼ਾ’ ਗੁਰਮੁਖੀ ਚ ਲਿਪੀਅੰਤਰ ਕਰਕੇ ਚੇਤਨਾ ਪ੍ਰਕਾਸ਼ਨ ਲੁਧਿਆਣਾ ਨੂੰ ਦੇ ਦਿੱਤੀ ਹੈ। ਹੁਣ ਇਹ ਸੇਵਾ ਉਹ ਕਰਨਗੇ।
ਮੈਨੂੰ ਬਹੁਤ ਹੀ ਚੰਗਾ ਲੱਗਾ ਕਿ ਮੇਰੇ ਮਿੱਤਰ ਤਰਲੋਕਬੀਰ ਜੀ ਨੇ ਇਹ ਨੇਕ ਕਾਰਜ ਹੱਥ ਵਿੱਚ ਲਿਆ ਹੈ। ਇਸ ਕਿਤਾਬ ਦੇ ਮੇਰੀ ਜਾਣਕਾਰੀ ਮੁਤਾਬਕ ਹੁਣ ਤੀਕ ਦੋ ਸੰਸਕਰਨ ਛਪ ਚੁਕੇ ਹਨ।
ਉਸ ਦੀਆਂ ਸੰਪਾਦਿਤ ਬੋਲੀਆਂ ਦੀ ਕਿਤਾਬ “ਬੋਲਦੀ ਮਿੱਟੀ“ ਵੀ ਸ: ਗੁਰਦੇਵ ਸਿੰਘ ਪੰਧੇਰ ਜੀ ਨੇ ਲਿਪੀਅੰਤਰ ਕਰ ਦਿੱਤੀ ਹੈ ਜੋ ਲਾਹੌਰ ਬੁੱਕ ਸ਼ਾਪ ਲੁਧਿਆਣਾ ਨੇ ਪ੍ਰਕਾਸ਼ਿਤ ਕੀਤੀ ਹੈ। ਸ਼ਾਇਦ “ਸ਼ੀਸ਼ਾ “ ਦਾ ਨਵਾਂ ਸੰਸਕਰਨ ਵੀ ਉਨ੍ਹਾਂ ਪ੍ਰਕਾਸ਼ਿਤ ਕੀਤਾ ਹੈ।
ਤਾਹਿਰਾ ਸਰਾ ਪਹਿਲਾਂ ਸਰਕਾਰੀ ਪਾਲੀਟੈਕਨਿਕ ਬਸਤੀ ਢਾਬਾਂ ਸਿੰਘ ਵਿੱਚ ਕੰਪਿਊਟਰ ਦੀ ਅਧਿਆਪਕਾ ਸੀ ਪਰ ਹੁਣ ਕੁਝ ਅਰਸੇ ਤੋਂ ਟੋਰੰਟੋ ( ਕੈਨੇਡਾ) ਵੱਸਦੀ ਹੈ। ਪਾਕਿਸਤਾਨ ਰਹਿੰਦਿਆਂ ਉਹ ਪੰਜਾਬੀ ਜ਼ਬਾਨ ਦੀ ਹੱਕੀ ਲੜਾਈ ਲੜਨ ਵਾਲੇ ਲਿਖਾਰੀਆਂ ਦੀ ਵੱਡੀ ਧਿਰ ਸੀ।
ਉਸ ਦੀ ਲਿਖਤ ਵੀ ਪੜ੍ਹੋ।
ਤਿੜਕੀ ਅੱਖ ਦੇ ਸ਼ੀਸ਼ੇ ਵਰਗੀ ਹੋ ਗਈ ਆਂ।
ਮਾਰੂਥਲ ਦੇ ਟੀਲੇ ਵਰਗੀ ਹੋ ਗਈ ਆਂ ।
ਮਾਏ ਨੀ!ਮੈਂ ਕਿੱਥੇ ਜਾ ਫ਼ਰਿਆਦ ਕਰਾਂ,
ਉਹਦੀ ਨਹੀਂ ਮੈਂ ਜੀਹਦੇ ਵਰਗੀ ਹੋ ਗਈ ਆਂ।
‘ਵਾ ਪੁਰੇ ਦੀ ਮੇਰੇ ਅੱ ਗੇ ਝੁਰਦੀ ਏ,
ਹੁਣ ਤੇ ਅੜੀਏ! ਹੌਕੇ ਵਰਗੀ ਹੋ ਗਈ ਆਂ।
ਕਿੰਨੇ ਲੰਮੇ ਹੱਥ ਨੇ ਤੇਰੀਆਂ ਯਾਦਾਂ ਦੇ ,
ਦੁਨੀਆ ਆਖੇ ਤੇਰੇ ਵਰਗੀ ਹੋ ਗਈ ਆਂ।
ਬਣਨਾ ਸੀ ਮੈਂ ਲੇਖ ਕਿਸੇ ਦੇ ਮੱਥੇ ਦਾ,
ਅੱਖਾਂ ਤੇ ਖੜਬਾਨ੍ਹੇ ਵਰਗੀ ਹੋ ਗਈ ਆਂ।
ਆਪਣੇ ਆਪ ਨੂੰ ਵੇਖ ਰਹੀ ਆਂ ਹੈਰਤ ਨਾਲ਼ ,
ਕੱਚੀ ਵੰਗ ਦੇ ਟੋਟੇ ਵਰਗੀ ਹੋ ਗਈ ਆਂ।
ਸ਼ੀਸ਼ਾ ਤੇ ਨਹੀਂ ਮੇਰੇ ਵਰਗਾ ਹੋ ਸਕਦਾ,
ਏਸੇ ਲਈ ਮੈਂ ਸ਼ੀਸ਼ੇ ਵਰਗੀ ਹੋ ਗਈ ਆਂ।
ਮੈਨੂੰ ਜੀਹਦੇ ਹਿਜਰ ਨੇ ਤਾਂਬਾ ਕੀਤਾ ਸੀ,
ਮਿਲਿਆ ਏ ਤੇ ਸੋਨੇ ਵਰਗੀ ਹੋ ਗਈ ਆਂ।
🔷
ਤਸਵੀਰ ਵਿੱਚ ਮੈਂ ਵੀ ਹਾਂ ਮੇਰੀ ਗ਼ਜ਼ਲ ਵੀ ਪੜ੍ਹ ਲਵੋ।
ਦਰਦਾਂ ਦੇ ਦਰਿਆ ਵਿੱਚ ਮੈਨੂੰ ,
ਜੇ ਨਾ ਦੇਂਦੇ ਸ਼ਬਦ ਸਹਾਰਾ।
ਰੁੜ੍ਹ ਜਾਣਾ ਸੀ ਲਹਿੰਦੇ ਬੰਨੇ,ਬਚਿਆ ਹਾਂ ਸੁਣ ਕੇ ਲਲਕਾਰਾ।
ਫ਼ਤਿਹ ਨਸੀਬ ਉਨ੍ਹਾਂ ਨੂੰ ਹੋਵੇ ਹਾਸ਼ਮ ਸ਼ਾਹ ਦੇ ਕਹਿਣ ਮੁਤਾਬਕ,
ਹਿੰਮਤ ਯਾਰ ਬਣਾਉਂਦੇ ਜਿਹੜੇ, ਮੰਗਦੇ ਨਾ ਉਹ ਤਾਣ ਉਧਾਰਾ।
ਦੇਗ ਉਬਾਲ਼ੇ ਖਾਂਦੀ ਅੰਦਰ,
ਸੁਣਨ ਦਿਆਲੇ ਦੇ ਜੈਕਾਰੇ,
ਆਖ ਰਿਹਾ ਸੀ ਆਪਣੇ ਗੁਰ ਨੂੰ,
ਦਿਉ ਅਸੀਸਾਂ, ਮਿਲਾਂ ਦੋਬਾਰਾ।
ਪ੍ਰਾਣ ਜਦੋਂ ਪੰਖੇਰੂ ਹੋਏ,ਮਤੀ ਦਾਸ ਇਹ ਕਹਿੰਦਿਆਂ ਸੁਣਿਆ,
ਸਾਡੀ ਨਸਲ ਮੁਕਾ ਨਹੀਂ ਸਕਦਾ ਔਰੰਗਜ਼ੇਬਾ ਤੇਰਾ ਆਰਾ।
ਸਤੀ ਦਾਸ ਪਾ ਅਗਨੀ-ਵਸਤਰ ਵਕਤ ਦਿਆਂ ਸਫ਼ਿਆਂ ਤੇ ਲਿਖਿਆ,
ਕਲਮ ਡੋਬ ਕੇ,ਰੱਤ ਦੇ ਅੰਦਰ, ਇੱਕੋ ਸਤਿਗੁਰ- ਸ਼ਬਦ ਸਹਾਰਾ।
ਬਾਬੇ ਦੀਪ ਸਿਹੁੰ ਨੇ ਦੱਸਿਆ,
ਧਰਮ-ਧੁਰੇ ਵਿਸ਼ਵਾਸ ਆਸਰੇ,
ਸੀਸ ਤਲ਼ੀ ਤੇ ਟਿਕ ਜਾਂਦਾ ਹੈ,
ਤੱਕ ਵੈਰੀ ਦਾ ਲਸ਼ਕਰ ਭਾਰਾ।
ਲਾਲ ਕਿਲ੍ਹੇ ਰੱਤ ਸਾਡੀ ਕੈਦਣ,ਹੁਣ ਤੀਕਰ ਨਾ ਕਿਸ਼ਤਾਂ ਮੁੱਕੀਆਂ,
ਪੜ੍ਹ ਸਕਦੇ ਹੋ ਵਹੀਆਂ ਵਿੱਚੋਂ ਫੋਲੋਗੇ ਜੇ ਖਾਤਾ ਸਾਰਾ।
ਗੁਰਭਜਨ ਗਿੱਲ

