ਬੁਲਾਰਿਆਂ ਵੱਲੋਂ ਪੁਸਤਕ ਦੇ ਵੱਖ-ਵੱਖ ਪੱਖਾਂ ਬਾਰੇ ਵਿਚਾਰ ਪੇਸ਼ ਕੀਤੇ ਗਏ ਤੇ ਕਵੀ-ਦਰਬਾਰ ਵੀ ਹੋਇਆ
ਬਰੈਂਪਟਨ, 21 ਅਪ੍ਰੈਲ (ਡਾ. ਝੰਡ/ਵਰਲਡ ਪੰਜਾਬੀ ਟਾਈਮਜ਼)
ਲੰਘੇ ਐਤਵਾਰ 19 ਅਪ੍ਰੈਲ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਮਹੀਨਾਵਾਰ ਸਮਾਗਮ ਵਿੱਚ ਇੰਜ. ਈਸ਼ਰ ਸਿੰਘ ਦੀ ਪਲੇਠੀ ਪੁਸਤਕ ‘ਕੰਨਾਂ ਨੂੰ ਖਾ ਰਿਹਾ ਸੋਨਾ? ਲੋਕ-ਅਰਪਿਤ ਕੀਤੀ ਗਈ। ਇਸ ਮੌਕੇ ਪ੍ਰਧਾਨਗੀ-ਮੰਡਲ ਵਿੱਚ ਕਿਰਪਾਲ ਸਿੰਘ ਪੰਨੂ, ਪ੍ਰਿੰਸੀਪਲ ਸਰਵਣ ਸਿੰਘ, ਪੂਰਨ ਸਿੰਘ ਪਾਂਧੀ, ਪੀਲ ਸਕੂਲ ਬੋਰਡ ਦੇ ਟਰੱਸਟੀ ਤੇ ਡਿਪਟੀ ਚੇਅਰ ਸਤਪਾਲ ਸਿੰਘ ਜੌਹਲ, ਪੁਸਤਕ ਲੇਖਕ ਇੰਜ.ਈਸ਼ਰ ਸਿੰਘ ਅਤੇ ਸਭਾ ਦੇ ਸਰਪ੍ਰਸਤ ਬਲਰਾਜ ਚੀਮਾ ਸੁਸ਼ੋਭਿਤ ਸਨ। ਸਭਾ ਦੇ ਚੇਅਰਪਸਨ ਕਰਨ ਅਜਾਇਬ ਸਿੰਘ ਸੰਘਾ ਵੱਲੋਂ ਆਏ ਮਹਿਮਾਨਾਂ ਤੇ ਮੈਂਬਰਾਂ ਨੂੰ ਨਿੱਘੀ ‘ਜੀ-ਆਇਆਂ’ ਕਹਿੰਦਿਆਂ ਹੋਇਆ ਇਸ ਪੁਸਤਕ ਨੂੰ ਬਹੁ-ਪੱਖੀ ਤੇ ਬਹੁ-ਮੁੱਲੀ ਜਾਣਕਾਰੀ ਵਾਲਾ ਦਸਤਾਵੇਜ਼ਕਰਾਰ ਦਿੱਤਾ ਗਿਆ। ਉਸ ਤੋਂ ਬਾਅਦ ਕਿਤਾਬ ਦੇ ਲੋਕ-ਅਰਪਣ ਦੀ ਰਸਮ ਪ੍ਰਧਾਨਗੀ-ਮੰਡਲ ਅਤੇ ਸਭਾ ਦੀ ਕਾਰਜਕਾਰਨੀ ਕਮੇਟੀ ਦੇ ਮੈਂਬਰਾਂ ਵੱਲੋਂ ਮਿਲ਼ ਕੇ ਕੀਤੀ ਗਈ।
ਉਪਰੰਤ, ਮੰਚ-ਸੰਚਾਲਕ ਪ੍ਰੋ. ਤਲਵਿੰਦਰ ਮੰਡ ਵੱਲੋਂ ਡਾ. ਸੁਖਦੇਵ ਸਿੰਘ ਝੰਡ ਨੂੰ ਪੁਸਤਕ ਬਾਰੇ ਸੰਖੇਪ ਜਾਣਕਾਰੀ ਸਾਂਝੀ ਕਰਨ ਲਈ ਕਿਹਾ ਗਿਆ ਜਿਨ੍ਹਾਂ ਨੇ ਦੱਸਿਆ ਕਿ ਇਹ ਪੁਸਤਕ ਇੰਜ. ਈਸ਼਼ਰ ਸਿੰਘ ਵੱਲੋਂ 82 ਸਾਲ ਦੀ ਉਮਰ ‘ਚ ਲਿਖੀ ਗਈ ਪਲੇਠੀ ਪੁਸਤਕ ਹੈ। ਬੇਸ਼ਕ ਇਸਦੇ ਸਰਵਰਕ ਤੋਂ ਲੱਗਦਾ ਹੈ ਕਿ ਇਹ ‘ਕੰਨਾ ਨੂੰ ਖਾ ਰਹੇ ਸੋਨੇ’ ਵਾਂਗ ਅਜੋਕੀ ਤਕਨੌਲੌਜੀ ਵੱਲੌਂ ਸਮਾਜ ਨੂੰ ਪਹੁੰਚਾਏ ਜਾ ਰਹੇ ਨੁਕਸਾਨ ਬਾਰੇ ਕੇਂਦ੍ਰਿਤ ਹੈ, ਪਰ ਇਸ ਨੂੰ ਪੜ੍ਹਨ ਤੋਂ ਬਾਅਦ ਪਤਾ ਲੱਗਦਾ ਹੈ ਕਿ ਇਹ ਪੁਸਤਕ ਸਮੇਂ-ਸਮੇਂ ਆਈਆਂ ਵੱਖ-ਵੱਖ ਤਕਨਾਲੌਜੀਆਂ ਦੇ ਫ਼ਾਇਦਿਆਂ ਤੇ ਨੁਕਸਾਨਾਂ ਬਾਰੇ ਜਾਣਕਾਰੀ ਪ੍ਰਦਾਨ ਕਰਨ ਦੇ ਨਾਲ-ਨਾਲ ਸਰੀਰਕ ਤੇ ਮਾਨਸਿਕ ਵਿਕਾਸ, ਖੇਡਾਂ ਤੇ ਦੌੜਾਂ, ਆਦਤਾਂ ਨੂੰ ਸੁਧਾਰਨ, ਖ਼ੁਸ਼ ਰਹਿਣ, ਪਰਮਾਰਥ, ਵਾਤਾਵਰਣ ਦੀ ਸੰਭਾਲ ਅਤੇ ਬਨਾਉਟੀ-ਬੁੱਧੀ ਵਰਗੇ ਵੱਖ-ਵੱਖ ਵਿਸ਼ਿਆਂ ਨੂੰ ਵੀ ਬਾਖ਼ੂਬੀ ਦਰਸਾਉਂਦੀ ਹੈ।
ਪੁਸਤਕ ਦੇ ਤਕਨੌਲੌਜੀ ਪੱਖ ਬਾਰੇ ਗੱਲ ਸਭਾ ਦੇ ਕੋਆਰਡੀਨੇਟਰ ਮਲੂਕ ਸਿੰਘ ਕਾਹਲੋਂ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਤਕਨੌਲੌਜੀ ਦੇ ਆਉਣ ਨਾਲ ਵੱਖ-ਵੱਖ ਖੇਤਰਾਂ ਵਿੱਚ ਬਹੁਤ ਵਿਕਾਸ ਹੋਇਆ ਹੈ ਪਰ ਇਸ ਦੇ ਨਾਲ ਹੀ ਮਸ਼ੀਨੀਕਰਨ ਹੋ ਜਾਣ ਕਰਕੇ ਬਹੁਤ ਸਾਰੇ ਕੰਮ ਮਸ਼ੀਨਾਂ ਅਤੇ ਰੋਬੋਟਾਂ ਵੱਲੋਂ ਸਾਂਭ ਲਏ ਜਾਣ ਨਾਲ ਬੇਰੋਜ਼ਗਾਰੀ ਵਿੱਚ ਵੀ ਬਹੁਤ ਵਾਧਾ ਹੋਇਆ ਹੈ। ਆਪਣੇ ਸੰਬੋਧਨ ਵਿੱਚ ਉਨ੍ਹਾਂ ਵੱਲੋਂ ਇਸ ਸਬੰਧ ਵਿੱਚ ਕਈ ਅੰਕੜੇ ਵੀ ਪੇਸ਼ ਕੀਤੇ ਗਏ। ਡਾ. ਜਗਮੋਹਨ ਸਿੰਘ ਸੰਘਾ ਨੇ ਪੁਸਤਕ ਵਿਚਲੇ ਖੇਡਾਂ ਤੇ ਦੌੜਾਂ ਦੇ ਵਿਸ਼ੇ ਬਾਰੇ ਆਪਣੇ ਵਿਚਾਰ ਪੇਸ਼ ਕਰਨ ਨਾਲ ਲੇਖਕ ਵੱਲੋਂ ਇਸ ਦੇ ਅਧਿਆਇ ‘ਕਿਤਨੇ ਗਾਜ਼ੀ ਆਏ ਕਿਤਨੇ ਗਾਜ਼ੀ ਗਏ’ ਵਿੱਚ ਲੈਫ਼ਟੀਨੈਂਟ ਜਨਰਲ ਕੇ.ਜੇ.ਐੱਸ. ਢਿੱਲੋਂ ਉਰਫ਼ ‘ਟਾਇਨੀ ਢਿੱਲੋਂ’ ਵੱਲੋਂ ‘ਆਪਰੇਸ਼ਨ ਸਿੰਧੂਰ’ ਦੌਰਾਨ ਵਿਖਾਈ ਗਈ ਬੇਮਿਸਾਲ ਬਹਾਦਰੀਬਾਰੇ ਵੀ ਜ਼ਿਕਰ ਕੀਤਾ। ਪੁਸਤਕ ਵਿਚਲੇ ਸਾਇੰਸ ਤੇ ਤਕਨੌਲੌਜੀ ਨਾਲ ਸਬੰਧਿਤ ਵਿਸ਼ਿਆਂ ਨੂੰ ਚਰਚਾ ਦਾ ਵਿਸ਼ਾ ਬਣਾਉਂਦਿਆ ਹੋਇਆਂ ਸੁਰਿੰਦਰਜੀਤ ਕੌਰ ਨੇ ਕਿਹਾ ਕਿ ਪਿਛਲੀ ਸਦੀ ਵਿੱਚ ਸਾਇੰਸ ਨੇ ਬਹੁਤ ਤਰੱਕੀ ਕੀਤੀ ਹੈ ਅਤੇ ਇਸ ਦੇ ਨਾਲ ਜੁੜੀ ਤਕਨੌਲੌਜੀ ਦੀ ਮਨੁੱਖਤਾ ਨੂੰ ਬੜੀ ਵੱਡੀ ਦੇਣ ਹੈ। ਬ੍ਰਹਿਮੰਡ ਦੇ ਪਸਾਰੇ ਨੂੰ ਵੇਖਣ ਵਾਲੀ ਅੱਖ (ਦੂਰਬੀਨ) ਨਾਲ ਮਨੁੱਖ ਤਾਰਾ-ਮੰਡਲ ਦੀਆਂ ਬਹੁਤ ਸਾਰੀਆਂ ਅਣਦਿਖੀਆਂ ਵੱਡੀਆਂ ਗਲੈਕਸੀਆਂ ਬਾਰੇ ਜਾਣ ਸਕਿਆ ਹੈ। ਪੁਸਤਕ ਬਾਰੇ ਆਪਣੇ ਹਾਵ-ਭਾਵ ਦੱਸਦਿਆਂ ਸੁਖਚਰਨਜੀਤ ਕੌਰ ਗਿੱਲ ਨੇ ਕਿਹਾ ਕਿ ਇਹ ਵਾਰਤਕ ਪੁਸਤਕ ਬੜੇ ਵਿਲੱਖਣ ਅੰਦਾਜ਼ ‘ਚ ਲਿਖੀ ਗਈ ਹੈ ਅਤੇ ਇਸ ਵਿੱਚ ਬੇਲੋੜੇ ਵਿਸਥਾਰ ਤੋਂ ਗੁਰੇਜ਼ ਕੀਤਾ ਗਿਆ ਹੈ। ਸ. ਕਿਰਪਾਲ ਸਿੰਘ ਪੰਨੂੰ ਅਤੇ ਪ੍ਰਿੰਸੀਪਲ ਸਰਵਣ ਸਿੰਘ ਦੋਹਾਂ ਵੱਲੋਂ ਪੁਸਤਕ ਦੀਆਂ ਭੂਮਿਕਾਵਾਂ ਬੜੀਆਂ ਭਾਵਪੂਰਤ ਲਿਖੀਆਂ ਗਈਆਂ ਹਨ।
ਤਕਨੌਲੌਜੀ ਦੀ ਵਰਤੋਂ ਅਤੇ ਇਸਦੀ ਦੁਰਵਰਤੋਂ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਸਕੂਲ ਟਰੱਸਟੀ ਸਤਪਾਲ ਸਿੰਘ ਜੌਹਲ ਨੇ ਕਿਹਾ ਕਿ ਤਕਨੌਲੌਜੀ ਦੀ ਸੁਚੱਜੀ ਵਰਤੋਂ ਮਨੁੱਖ ਲਈ ਵਰਦਾਨ ਹੈ ਅਤੇ ਇਸਦੀ ਕੁਚੱਜੀ ਵਰਤੋਂ ਮਨੁੱਖ ਨੂੰ ਨਿਘਾਰ ਵੱਲ ਲੈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਜੋਕੀਆਂ ਜੰਗਾਂ ਵਿੱਚ ਵਰਤੀਆਂ ਜਾ ਰਹੀਆਂ ਕਈ ਕਿਸਮ ਦੀਆਂ ਮਿਜ਼ਾਈਲਾਂ ਅਤੇ ਬੰਬ ਇਸ ਦੀ ਦੁਰਵਰਤੋਂ ਦਾ ਪ੍ਰਤੱਖ ਸਬੂਤ ਹਨ। ਪ੍ਰਿੰਸੀਪਲ ਸਰਵਣ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਲੇਖਕ ਅਤੇ ਕਿਤਾਬ ਦਾ ਰਿਸ਼ਤਾ ਮਾਂ ਅਤੇ ਬੱਚੇ ਵਰਗਾ ਹੈ। ਹੋਣਹਾਰ ਬੱਚੇ ਵਾਂਗ ਚੰਗੀ ਕਿਤਾਬ ਵੀ ਉਸਦੇ ਲੇਖਕ ਦਾ ਨਾਂ ਰੌਸ਼ਨ ਕਰਦੀ ਹੈ। ਉਨ੍ਹਾਂ ਕਿਹਾ ਕਿ ਇੰਜ. ਈਸ਼ਰ ਸਿੰਘ ਨੂੰ ਵੱਖ-ਵੱਖ ਦੌੜਾਂ ਵਿੱਚ ਹਿੱਸਾ ਲੈਣ ਅਤੇ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਚੜ੍ਹਨ ਤੋਂ ਪੰਜਾਬੀ ਵਿੱਚ ਲਿਖਣ ਦੀ ਪ੍ਰੇਰਨਾ ਮਿਲੀ।
ਕਿਤਾਬ ਦੇ ਅਧਿਆਏ ‘ਅਗਲਾ ਜਨਮ’ ਨੂੰ ਆਪਣੇ ਸੰਬੋਧਨ ਦਾ ਵਿਸ਼ਾ ਬਣਾਉਂਦਿਆਂ ਕਿਰਪਾਲ ਸਿੰਘ ਪੰਨੂੰ ਨੇ ਕਿਹਾ ਕਿ ਵੱਖ-ਵੱਖ ਧਰਮਾਂ ਵੱਲੋਂ ਦਰਸਾਇਆ ਗਿਆ ਕਿ‘ਅਗਲਾ ਜਨਮ’ ਤਾਂ ਕਿਸੇ ਨੇ ਵੇਖਿਆ ਨਹੀਂ ਹੈ ਪਰ ਇਸ ਜਨਮ ਵਿੱਚ ਹੀ ਮਨੁੱਖ ਜੇਕਰਕੋਈ ਨਵਾਂ ਕੰਮ ਕਰ ਜਾਂਦਾ ਹੈ ਤਾਂ ਉਹ ਉਸਦਾ ਅਗਲਾ ਜਨਮ ਹੈ। ਸਭਾ ਦੇ ਸਰਪ੍ਰਸਤ ਬਲਰਾਜ ਚੀਮਾ ਨੇ ਕਿਹਾ ਕਿ ਈਸ਼ਰ ਸਿੰਘ ਦੀ ਇਹ ਪਲੇਠੀ ਪੁਸਤਕ ਗਿਆਨ, ਵਿਗਿਆਨ, ਸਿਹਤ, ਅਰੋਗਤਾ, ਜੀਵਨ ਜਿਊਣ ਦੀ ਕਲਾ ਅਤੇ ਤਕਨਾਲੌਜੀ ਦਾ ਬਹੁਤ ਵਧੀਆ ਸੁਮੇਲ ਹੈ। ਅਖ਼ੀਰ ਵਿੱਚ ਪੁਸਤਕ ਦੀ ਸਿਰਜਣਾ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਇੰਜ. ਈਸ਼ਰ ਸਿੰਘ ਨੇ ਕਿਹਾ ਕਿ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀਆਂ ਮਹੀਨਾਵਾਰ ਮੀਟਿੰਗਾਂ ਵਿੱਚ ਸ਼ਾਮਲ ਹੋਣ ਨਾਲ ਉਨ੍ਹਾਂ ਨੂੰ ਪੰਜਾਬੀ ਵਿੱਚ ਲਿਖਣ ਦੀ ਪ੍ਰੇਰਨਾ ਮਿਲੀ ਅਤੇ ਇਹ ਪੁਸਤਕ ਉਸ ਪ੍ਰੇਰਨਾ ਸਦਕਾ ਹੀ ਹੋਂਦ ਵਿੱਚ ਆ ਸਕੀ ਹੈ। ਉਨ੍ਹਾਂ ਕਿਹਾ ਕਿ ਇਸ ਪੁਸਤਕ ਲਿਖਣ ਦਾ ਉਨ੍ਹਾਂ ਦਾ ਮਕਸਦ ਅਜੋਕੀ ਤਕਨੌਲੋਜੀ ਦੀ ਨਿਖੇਧੀ ਕਰਨ ਨਹੀਂ ਹੈ, ਸਗੋਂ ਇਸ ਦੀ ਦੁਰਵਰਤੋਂ ਹੋਣ ਵਾਲੇ ਮਾੜੇ ਪ੍ਰਭਾਵਾਂ ਤੋਂ ਬਚਣ ਲਈ ਜਾਗਰੂਕਤਾ ਪੈਦਾ ਕਰਨਾ ਹੈ। ਉਨ੍ਹਾਂ ਹੋਰ ਕਿਹਾ ਕਿ ਅਜੋਕੇ ਸਮੇਂ ਵਿੱਚ ਧਰਮ ਅਤੇ ਤਕਨੌਲੌਜੀ ਦੋਹਾਂ ਦੀ ਹੀ ਦੁਰਵਰਤੋਂ ਹੋ ਰਹੀ ਹੈ। ਉਨ੍ਹਾਂ ਵੱਲੋਂ ਕਿਰਪਾਲ ਸਿੰਘ ਪੰਨੂੰ, ਪ੍ਰਿੰਸੀਪਲ ਸਰਵਣ ਸਿੰਘ ਅਤੇ ਟੀ.ਪੀ.ਏ.ਆਰ. ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਤੇ ਮੈਂਬਰਾਂ ਤੋਂ ਵੱਖ-ਵੱਖ ਤਰ੍ਹਾਂ ਦਾ ਸਹਿਯੋਗ ਪ੍ਰਾਪਤ ਹੋਣ ‘ਤੇ ਉਨ੍ਹਾਂ ਦਾ ਹਾਰਦਿਕ ਧੰਨਵਾਦ ਕੀਤਾ।
ਸਮਾਗਮ ਦੇ ਦੂਸਰੇ ਭਾਗ ਕਵੀ-ਦਰਬਾਰ ਦੇ ਪ੍ਰਧਾਨਗੀ-ਮੰਡਲ ਵਿੱਚ ਸ਼ਾਮ ਸਿੰਘ ਅੰਗਸੰਗ, ਪ੍ਰੀਤਮ ਧੰਜਲ, ਕਰਨ ਅਜਾਇਬ ਸਿੰਘ ਸੰਘਾ, ਹਰਭਜਨ ਕੌਰ ਗਿੱਲ, ਸੁਰਿੰਦਰਜੀਤ ਕੌਰ ਗਿੱਲ ਅਤੇ ਰਾਜਕੁਮਾਰ ਓਸ਼ੋਰਾਜ ਸ਼ਾਮਲ ਸਨ। ਇਸ ਦਾ ਸੰਚਾਲਨ ਮਲੂਕ ਸਿੰਘ ਕਾਹਲੋਂ ਵੱਲੋਂ ਕੀਤਾ ਗਿਆ। ਇਸ ਵਿੱਚ ਉਨ੍ਹਾਂ ਵੱਲੋਂ ਵਾਰੀ-ਵਾਰੀ ਪ੍ਰੀਤਮ ਧੰਜਲ, ਰੂਬੀਕਰਤਾਰਪੁਰੀ, ਮਕਸੂਦ ਚੌਧਰੀ, ਸੁਖਦੇਵ ਝੰਡ, ਦਰਸ਼ਨ ਸਿੱਧੂ, ਹਰਮੇਸ਼ ਜੀਂਦੋਵਾਲ, ਸ਼ਾਮ ਸਿੰਘ ਅੰਗਸੰਗ, ਹਰਭਜਨ ਕੌਰ ਗਿੱਲ, ਸੁਖਚਰਨਜੀਤ ਗਿੱਲ, ਰਮਿੰਦਰ ਵਾਲੀਆ, ਪਰਮਜੀਤ ਸਿੰਘ ਢਿੱਲੋਂ, ਰਾਜਕੁਮਾਰ ਓਸ਼ੋਰਾਜ, ਇਕਬਾਲ ਬਰਾੜ, ਸ਼ਾਮ ਸਿੰਘ ਅੰਗਸੰਗ, ਤਲਵਿੰਦਰ ਮੰਡ, ਜੱਸੀ ਭੁੱਲਰ, ਸੁਰਿੰਦਰਜੀਤ ਕੌਰ, ਕਰਨ ਅਜਾਇਬ ਸਿੰਘ ਸੰਘਾ ਨੂੰ ਮੰਚ ‘ਤੇ ਆਉਣ ਦਾ ਸੱਦਾ ਦਿੱਤਾ ਗਿਆ ਜਿਨ੍ਹਾਂ ਵੱਲੋਂ ਆਪਣੀਆਂ ਖੂਬਸੂਰਤ ਕਵਿਤਾਵਾਂ ਤੇ ਗੀਤ ਪੇਸ਼ ਕੀਤੇ ਗਏ।
ਇਸ ਮੌਕੇ ਸਰੋਤਿਆਂ ਵਿੱਚ ‘ਸਰੋਕਾਰਾਂ ਦੀ ਆਵਾਜ਼’ ਤੋਂ ਹਰਬੰਸ ਸਿੰਘ ਤੇ ਦਵਿੰਦਰ ਸਿੰਘ ਤੂਰ, ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਬਰੈਂਪਟਨ ਦੇ ਪ੍ਰਧਾਨ ਜੰਗੀਰ ਸਿੰਘ ਸੈਂਹਬੀ,ਡਾ. ਦਲਬੀਰ ਸਿੰਘ ਕਥੂਰੀਆ, ਇੰਜ. ਅੰਮ੍ਰਿਤਪਾਲ ਸਿੰਘ, ਡਾ. ਅਜਮੇਰ ਸਿੰਘ,ਹਰਮਿਲਾਪ ਸਿੰਘ ਚਾਹਲ, ਹਰਜੀਤ ਬਾਜਵਾ, ਗੁਰਦੇਵ ਸਿੰਘ ਮਾਨ, ਪ੍ਰਸ਼ੋਤਮ ਸਿੰਘ, ਹਰਜੀਤ ਕੌਰ ਸੰਧੂ, ਸੁਰਿੰਦਰ ਕੌਰ ਮਾਨ, ਪਤਵੰਤ ਕੌਰ ਪੰਨੂੰ, ਦਵਿੰਦਰ ਕੌਰ ਨਾਗਰਾ, ਹਰਭਿੰਦਰ ਕੌਰ ਝੱਜ, ਸੁੱਚਾ ਇੰਘ ਮਾਂਗਟ, ਗੁਰਸੇਵਕ ਸਿੰਘ ਸਿੱਧੂ, ਟੀ.ਪੀ.ਏ.ਆਰ. ਕਲੱਬ ਤੋਂ ਸੰਧੂਰਾ ਸਿੰਘ ਬਰਾੜ, ਨਰਿੰਦਰਪਾਲ ਬੈਂਸ, ਗੁਰਬਚਨ ਗਰੇਵਾਲ, ਸੁਰਿੰਦਰ ਨਾਗਰਾ, ਰਾਕੇਸ਼ ਸ਼ਰਮਾ ਅਤੇ ਕਈ ਹੋਰ ਸ਼ਾਮਲ ਸਨ।
Leave a Reply