ਪੁਸਤਕ ਮੇਲੇ ਦੇ ਦੂਜੇ ਦਿਨ ਪਾਠਕਾਂ ਦੀ ਭੀੜ ਉਮੜੀ

ਬਰਨਾਲਾ 25 ਅਗਸਤ (ਵਰਲਡ ਪੰਜਾਬੀ ਟਾਈਮਜ਼)
ਪ੍ਰਸਿੱਧ ਤਰਕਸ਼ੀਲ਼ ਚਿੰਤਕ ਡਾ.ਨਰਿੰਦਰ ਦਾਭੋਲਕਰ ਦੀ ਯਾਦ ਵਿੱਚ ਸਥਾਨਕ ਤਰਕਸ਼ੀਲ ਭਵਨ ਵਿਖੇ ਚਲ ਰਹੇ ਤਿੰਨ ਰੋਜ਼ਾ ਪੁਸਤਕ ਮੇਲੇ ਦੇ ਦੂਜੇ ਦਿਨ ਪਾਠਕਾਂ ਵਿੱਚ ਅਗਾਂਹਵਧੂ ਸਾਹਿਤ ਖਰੀਦਣ ਵਿੱਚ ਭਰਵੀਂ ਰੁਚੀ ਵੇਖਣ ਨੂੰ ਮਿਲੀ।
ਇਸ ਮੌਕੇ ਪਹਿਲੇ ਸੈਸ਼ਨ ਵਿੱਚ ‘ਪੰਜਾਬੀ ਸਾਹਿਤ ਅਤੇ ਵਿਗਿਆਨਕ ਚੇਤਨਾ’ ਵਿਸ਼ੇ ਦੇ ਮੁੱਖ ਬੁਲਾਰੇ ਸਾਬਕਾ ਪ੍ਰੋ.ਅਤੇ ਡੀਨ ਡਾ.ਰਾਜਿੰਦਰ ਪਾਲ ਸਿੰਘ ਨੇ ਕਿਹਾ ਕਿ ਪੰਜਾਬੀ ਸਾਹਿਤ ਵਿਗਿਆਨਕ ਚੇਤਨਾ ਨਾਲ ਭਰਿਆ ਪਿਆ ਹੈ ਅਤੇ ਅਜਿਹੇ ਅਗਾਂਹਵਧੂ ਸਾਹਿਤ ਨੇ ਪੰਜਾਬ ਸਮੇਤ ਸਮੁੱਚੀ ਦੁਨੀਆਂ ਵਿੱਚ ਕਈ ਲੋਕ ਪੱਖੀ ਕਿਰਤੀ,ਇਨਕਲਾਬੀ ਅਤੇ ਸਮਾਜਿਕ ਅੰਦੋਲਨਾਂ ਰਾਹੀਂ ਲੋਕ ਵਿਰੋਧੀ ਰਾਜ ਪ੍ਰਬੰਧ ਨੂੰ ਬਦਲਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।ਇਸ ਸੈਸ਼ਨ ਦੀ ਪ੍ਰਧਾਨਗੀ ਕਰਦੇ ਡਾ. ਕੁਲਦੀਪ ਸਿੰਘ ਦੀਪ ਨੇ ਕਿਹਾ ਕਿ ਤਰਕਸ਼ੀਲਤਾ ਸਵਾਲ ਖੜੇ ਕਰਦੀ ਹੈ ਅਤੇ ਵਿਗਿਆਨ ਉਨ੍ਹਾਂ ਸਵਾਲਾਂ ਦੇ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਜਵਾਬ ਲੱਭ ਕੇ ਇਸਨੂੰ ਵਿਗਿਆਨਕ ਸਾਹਿਤ ਰਾਹੀਂ ਆਮ ਲੋਕਾਂ ਦੇ ਰੂਬਰੂ ਕਰਦਾ ਹੈ।
ਇਸਤੋਂ ਪਹਿਲਾਂ ਸੂਬਾਈ ਜੱਥੇਬੰਦਕ ਮੁਖੀ ਮਾਸਟਰ ਰਾਜਿੰਦਰ ਭਦੌੜ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਪੰਜਾਬ ਵਿੱਚ ਅਜਿਹੇ ਪੁਸਤਕ ਮੇਲੇ ਲਾਉਣ ਦੀ ਲੋੜ ਤੇ ਜ਼ੋਰ ਦਿੱਤਾ।
ਇਸ ਉਪਰੰਤ ਮਰਹੂਮ ਪੱਤਰਕਾਰ ਗੌਰੀ ਲੰਕੇਸ਼ ਨੂੰ ਸਮਰਪਿਤ ਸੈਮੀਨਾਰ ਵਿੱਚ ਪੱਤਰਕਾਰ ਸ਼ਿਵਇੰਦਰ ਦੀ ਸੰਚਾਲਨਾ ਹੇਠ ਨਾਮਵਰ ਪੱਤਰਕਾਰ ਜਤਿੰਦਰ ਕੌਰ ਤੁੜ, ਨੇਹਾ ਦੀਕਸ਼ਿਤ ਅਤੇ ਅੰਸ਼ੁਲ ਛਤਰਪਤੀ ਦੇ ਮੀਡੀਆ ਪੈਨਲ ਵੱਲੋਂ ‘ਮੀਡੀਆ ਅਤੇ ਫਿਰਕਾਪ੍ਰਸਤੀ’ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਚਰਚਾ ਦੌਰਾਨ ਇਹ ਗੱਲ ਮੁੱਖ ਰੂਪ ਵਿੱਚ ਸਾਹਮਣੇ ਆਈ ਕਿ ਮੀਡੀਏ ਦਾ ਵੱਡਾ ਹਿੱਸਾ ਆਮ ਲੋਕਾਂ ਦੇ ਬੇਰੁਜ਼ਗਾਰੀ ,ਮਹਿੰਗਾਈ, ਭੁੱਖਮਰੀ,ਭ੍ਰਿਸ਼ਟਾਚਾਰ ਜਿਹੇ ਮੁੱਦਿਆਂ ਨੂੰ ਬਿਲਕੁਲ ਵਿਸਾਰ ਕੇ ਆਪਣੀ ਭਰੋਸੇਯੋਗਤਾ ਗੰਵਾ ਰਿਹਾ ਹੈ।ਇਹ ਮੀਡੀਆ ਕਾਰਪੋਰੇਟ ਅਤੇ ਸੱਤਾ ਦੀ ਸੇਵਾ ਵਿੱਚ ਫ਼ਿਰਕੂ ਮੁੱਦਿਆਂ ਨੂੰ ਉਭਾਰ ਕੇ ਸਮਾਜ ਵਿੱਚ ਫ਼ਿਰਕੂ ਵੰਡੀਆਂ ਪਾਉਣ ਦੀ ਨਾਂਹ ਪੱਖੀ ਭੂਮਿਕਾ ਨਿਭਾਉਣ ਲੱਗਾ ਹੋਇਆ ਹੈ।
ਇਸ ਮੌਕੇ ਪਾਸ ਕੀਤੇ ਇਕ ਮਤੇ ਰਾਹੀਂ ਪੰਜਾਬ ਸਰਕਾਰ ਵੱਲੋਂ ਪੱਤਰਕਾਰ ਮਨਿੰਦਰਜੀਤ ਸਿੱਧੂ ਉਤੇ ਪਾਏ ਝੂਠੇ ਕੇਸ ਰੱਦ ਕਰਨ ਦੀ ਮੰਗ ਵੀ ਕੀਤੀ ਗਈ।
ਇਸ ਮੌਕੇ ਵਿਦਿਆਰਥੀਆਂ ਦੇ ‘ ਅੰਧ ਵਿਸ਼ਵਾਸ਼ ਅਤੇ ਸਮਾਜ ’ ਵਿਸ਼ੇ ਉਤੇ ਪੋਸਟਰ ਮੁਕਾਬਲੇ ਕਰਵਾਏ ਗਏ ਅਤੇ ਜੇਤੂ ਵਿਦਿਆਰਥੀਆਂ ਨੂੰ ਨਕਦ ਇਨਾਮ ਅਤੇ ਤਰਕਸ਼ੀਲ ਕਿਤਾਬਾਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕ੍ਰਾਂਤੀ ਕਲਾ ਮੰਚ ਵੱਲੋਂ ਨੁੱਕੜ ਨਾਟਕ ਦਾ ਮੰਚਨ ਕੀਤਾ ਗਿਆ
ਇਸ ਮੌਕੇ ਵੱਡੀ ਗਿਣਤੀ ਵਿਦਿਆਰਥੀਆਂ, ਅਧਿਆਪਕਾਂ,ਮਾਪਿਆਂ ਅਤੇ ਆਮ ਸ਼ਹਿਰੀਆਂ ਤੋਂ ਇਲਾਵਾ ਸੂਬਾ ਕਮੇਟੀ ਆਗੂ ਹੇਮ ਰਾਜ ਸਟੈਨੋਂ, ਰਾਜਪਾਲ ਸਿੰਘ,ਰਾਜੇਸ਼ ਅਕਲੀਆ,ਗੁਰਪ੍ਰੀਤ ਸ਼ਹਿਣਾ,ਕੁਲਜੀਤ ਫਾਜ਼ਿਲਕਾ, ਰਾਮ ਸਵਰਨ ਲੱਖੇਵਾਲੀ,ਸੁਮੀਤ ਅੰਮ੍ਰਿਤਸਰ, ਜੂਝਾਰ ਲੌਂਗੋਵਾਲ,ਮੋਹਨ ਬਡਲਾ, ਸੁਖਵਿੰਦਰ ਬਾਗਪੁਰ,ਮੇਘ ਰਾਜ ਮਿੱਤਰ,ਦੀਪ ਦਿਲਬਰ, ਅਮਿਤ ਮਿੱਤਰ, ਮਾਸਟਰ ਪਰਮ ਵੇਦ ਸੰਗਰੂਰ , ਬੂਟਾ ਸਿੰਘ ਵਾਕਫ਼,ਰਾਮ ਸਿੰਘ ਨਿਰਮਾਣ,ਜੋਰਾ ਸਿੰਘ ਨਸਰਾਲੀ, ਜਸਪਾਲ ਮਾਨਖੇੜਾ, ਤਰਸੇਮ ਬਰਨਾਲਾ,ਕਸਤੂਰੀ ਲਾਲ, ਰਾਮ ਸਿੰਘ ਬੰਗ ਆਦਿ ਹਾਜ਼ਰ ਸਨ।
ਸੁਮੀਤ ਅੰਮ੍ਰਿਤਸਰ

