ਇੱਕ ਝੋਲ਼ਾ ਚੁੱਕ ਹਰ ਰੋਜ਼ ਤੇ ਹਰ ਘੰਟੇ ਇੱਧਰ ਉੱਧਰ ਘੁੰਮਣ ਵਾਲੇ ਇੱਕ ਸਰਦਾਰ ਬੰਦੇ ਨੇ ਜਿਸ ਨੂੰ ਲੋਕ ਫੇਸਬੁੱਕ ਦੇ ਪੇਜ “punjabi travel couple” ਦੇ ਨਾਮ ਨਾਲ ਜਾਣਦੇ ਹਨ ਨੇ ਪੁਰਤਗਾਲ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਲੰਗਰ ਹਾਲ ਵਿੱਚ ਲੰਗਰ ਛਕਦੀਆਂ ਸੰਗਤਾਂ ਦੀ ਵੀਡੀਓ ਬਣਾ ਕੇ ਨਾਲ ਇਹ ਕਿਹਾ ਕਿ “ਇੱਥੇ ਪੁਰਤਗਾਲ ਦਾ ਹਾਲ ਵੇਖ ਲਓ, ਇੱਥੇ ਤਾਂ ਲੋਕ ਭੁੱਖੇ ਮਰਦੇ ਹਨ”।
ਨਾਲ ਹੀ ਉਸ ਨੇ ਕੁਝ ਪੰਜਾਬੀਆਂ ਦੀ ਵੀਡੀਓ ਬਣਾ ਕੇ ਬੇਇੱਜ਼ਤੀ ਵੀ ਕੀਤੀ ਹੈ ਜੋ ਆਪਣੀ ਮਿਹਨਤ ਲਈ ਘਰ ਤੋਂ ਕਿਸੇ ਪਾਰਕ ਵਿੱਚ ਖੜ ਕੇ ਸਮੋਸੇ ਜਾ ਪਰੌਂਠੇ ਵੇਚਣ ਦਾ ਕਾਰਜ ਕਰਦੇ ਹਨ। ਇਹ ਬੰਦਾ ਸਿਰ ਤੇ ਦਸਤਾਰ ਸਜਾ ਕੇ ਇਹ ਕਿਵੇ ਭੁੱਲ ਗਿਆ ਕਿ ਸਰਦਾਰ ਹਮੇਸ਼ਾ ਮਿਹਨਤ ਦੀ ਖਾਣੀ, ਅਣਖ ਨਾਲ ਜਿਉਣਾ ਪਸੰਦ ਕਰਦੇ ਹਨ। ਜੇਕਰ ਤੈਨੂੰ ਕੋਈ ਮੁਲਕ ਐਨਾ ਹੀ ਮਾੜਾ ਲੱਗਿਆ ਤਾਂ ਤੂੰ ਇੱਥੇ ਨਿੰਬੂ ਲੈਣ ਆਇਆ?
ਸ਼ਾਇਦ ਤੈਨੂੰ ਗੁਰੂ ਘਰ ਦੇ ਲੰਗਰ ਦੀ ਮਰਿਆਦਾ ਜਾਂ ਗੁਰੂ ਘਰ ਦੇ ਲੰਗਰ ਦੀ ਤਾਕਤ ਦਾ ਅੰਦਾਜ਼ਾ ਨਹੀਂ ਹੈ। ਜੇਕਰ ਭੋਲੇ ਭਾਲੇ ਪੰਜਾਬੀ ਤੇਰੇ ਵਰਗੇ ਚਤਰਾਂ ਨੂੰ ਫੇਸਬੁੱਕ ਤੇ ਸਹੀ ਰਾਹ ਦਿਖਾ ਦੇਣ ਤਾਂ ਸ਼ਾਇਦ ਤੂੰ ਵੀ ਕਿਸੇ ਲੰਗਰ ਹਾਲ ਵਿੱਚ ਲੰਗਰ ਛਕਣ ਲਈ ਮਜਬੂਰ ਹੋ ਜਾਵੇਗਾ। ਯੂਰਪ ਦੇ ਦੂਜੇ ਦੇਸ਼ਾਂ ਤੋਂ ਪੁਰਤਗਾਲ ਵਿੱਚ ਬਹੁਤੇ ਲੋਕ ਕਾਗਜ਼ਾਂ ਕਰਕੇ ਜਾਂਦੇ ਹਨ ਜਾਂ ਕਹਿ ਲਓ ਕਿ ਪੁਰਤਗਾਲ ਦੇਸ਼ ਸਭ ਨੂੰ ਸਾਂਭਣ ਦੀ ਤਾਕਤ ਰੱਖਦਾ ਹੈ। ਗੁਰੂ ਘਰ ਦੀ ਪ੍ਰਬੰਧਕੀ ਕਮੇਟੀ ਨੂੰ ਮੈਂ ਬੇਨਤੀ ਕਰਨੀ ਚਾਹੁੰਦੀ ਹਾਂ ਕਿ ਤੁਸੀਂ ਇਸ ਸਰਦਾਰ ਬੰਦੇ ਤੇ ਬਣਦੀ ਕਾਰਵਾਈ ਜਰੂਰ ਕਰੋ ਤਾਂ ਜੋ ਅੱਗੇ ਤੋਂ ਦੁਨੀਆਂ ਭਰ ਦੇ ਗੁਰਦੁਆਰਿਆਂ ਵਿੱਚ ਕਦੇ ਵੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਚਲਾਈ ਲੰਗਰ ਪ੍ਰਥਾ ਦਾ ਅਪਮਾਨ ਨਾ ਹੋਵੇ ਜੀ।
ਪੁਰਤਗਾਲ ਵਿੱਚ ਵੱਸਦੇ ਵੀਰੋ ਤੁਹਾਨੂੰ ਇਸ ਸਰਦਾਰ ਦੀ ਹਰ ਵੀਡੀਓ ਨੂੰ ਫੇਸਬੁੱਕ ਤੇ ਰਿਪੋਰਟ ਕਰਨਾ ਚਾਹੀਦਾ ਹੈ ਤਾਂ ਜੋ ਫੇਸਬੁੱਕ ਨੂੰ ਵੀ ਤੁਹਾਡੀ ਤਾਕਤ ਦਾ ਪਤਾ ਲੱਗੇ। ਹਰ ਮੁਲਕ ਵਿੱਚ ਚੰਗੇ ਮਾੜੇ ਲੋਕ ਰਹਿੰਦੇ ਹਨ। ਹਰ ਮੁਲਕ ਵਿੱਚ ਅਮੀਰ-ਗਰੀਬ ਲੋਕ ਰਹਿੰਦੇ ਹਨ। ਪਰ ਕਦੇ ਵੀ ਉਸ ਮੁਲਕ ਲਈ ਮਾੜਾ ਨਾ ਸੋਚੋ ਨਾ ਕਹੋ ਜੋ ਤੁਹਾਨੂੰ ਰੋਜ਼ਗਾਰ ਦੇ ਤੁਹਾਡਾ ਤੇ ਤੁਹਾਡਾ ਪਰਿਵਾਰ ਪਾਲ ਰਿਹਾ ਹੈ। ਜਿੱਥੇ ਗੱਲ ਗੁਰੂ ਸਾਹਿਬ ਜੀ ਦੀ ਆਵੇ, ਜਿੱਥੇ ਤੁਹਾਡੀ ਸ਼ਾਨ ਦੇ ਖਿਲਾਫ ਕੋਈ ਖੜਾ ਹੋਵੇ, ਉੱਥੇ ਇਕੱਤਰਤਾ ਤੇ ਸਾਂਝੀਵਾਲਤਾ ਕਰਕੇ ਉਸ ਨੂੰ ਸਹੀ ਰਸਤਾ ਜ਼ਰੂਰ ਦਿਖਾਉਣਾ ਚਾਹੀਦਾ ਹੈ। ਸਾਨੂੰ ਸਭ ਨੂੰ ਰੀਲਾਂ ਜਾ ਬਲੋਗ ਦੇਖਣ ਸਮੇਂ ਸੁਚੇਤ ਰਹਿਣਾ ਚਾਹੀਦਾ ਹੈ ਤੇ ਹਰ ਗਲਤ ਰੀਲ ਦੀ ਰਿਪੋਰਟ ਕਰਨੀ ਚਾਹੀਦੀ ਹੈ। ਦੁੱਖ ਨਾਲ ਮੈਨੂੰ ਲਿਖਣਾ ਪੈ ਰਿਹਾ ਕਿ ਜਿੰਨਾ ਗੰਦ ਸ਼ੌਸ਼ਲ ਮੀਡੀਆ ਤੇ ਸਾਡੇ ਪੰਜਾਬੀਆਂ ਨੇ ਪਾਇਆ ਹੋਇਆ ਹੈ ਉਸ ਨਾਲ ਪੁਰੀ ਦੁਨੀਆਂ ਦੇ ਲੋਕਾਂ ਵਿੱਚ ਸਾਡੀ ਬਦਨਾਮੀ ਵੀ ਵੱਧਦੀ ਜਾ ਰਹੀ ਹੈ। ਇਹ ਸਾਡੇ ਆਪਣੇ ਹੱਥਾਂ ਵਿੱਚ ਹੈ ਕਿ ਅਸੀਂ ਕਿਸ ਵੱਲ ਵੱਧਣਾ ਹੈ ? ਚੰਗੇ ਵੱਲ ਜਾਂ ਮਾੜੇ ਵੱਲ ?
ਯੂਰਪ ਦੀਆਂ ਸਿੱਖ ਸੰਗਤਾਂ ਨੂੰ ਇਸ ਬੰਦੇ ਦਾ ਪੂਰੀ ਤਰ੍ਹਾਂ ਬਾਈਕਾਟ ਕਰਨਾ ਚਾਹੀਦਾ ਹੈ ਤੇ ਇਸ ਨੂੰ ਪੁਰਤਗਾਲ ਲੰਗਰ ਹਾਲ ਵਿੱਚ ਕੀਤੀ ਗਲਤੀ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ।
ਸਰਬਜੀਤ ਸਿੰਘ ਜਰਮਨੀ
Tirthsingh3@yahoo.com
