ਪਿਆਰੇ ਵੀਰ ਹਰਪ੍ਰੀਤ ਸਿੰਘ ਸੰਧੂ ਦੀਆਂ ਕਣਕ ਸਬੰਧੀ ਖ਼ੂਬਸੂਰਤ ਤਸਵੀਰਾਂ ਤੇ ਆਧਾਰਿਤ ਕੌਫੀ ਟੇਬਲ ਬੁੱਕ ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਜੀ ਨੇ ਲੋਕ ਭਵਨ ਚੰਡੀਗੜ੍ਹ ਵਿਖੇ ਲੋਕ ਅਰਪਨ ਕੀਤੀ।
ਇਸ ਸਮਾਗਮ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ, ਖੇਤੀਬਾੜੀ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਤੋਂ ਵਿਲਾਵਾਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਹੋਈਆਂ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵੀ ਸੀ ਡਾ. ਸਤਿਬੀਰ ਸਿੰਘ ਗੋਸਲ, ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਦੇ ਵੀ ਸੀ ਡਾ. ਜਤਿੰਦਰਪਾਲ ਸਿੰਘ ਗਿੱਲ ਵੀ ਵਿਗਿਆਨੀਆਂ ਸਮੇਤ ਹਾਜ਼ਰ ਸਨ। ਮੈਂ ਵੀ ਪਿਆਰੇ ਸੱਜਣਾਂ ਗੁਰਪ੍ਰੀਤ ਸਿੰਘ ਤੂਰ ਤੇ ਤੇਜਪਰਤਾਪ ਸਿੰਘ ਸੰਧੂ ਸਮੇਤ ਇਸ ਸਮਾਗਮ ਵਿੱਚ ਸ਼ਾਮਿਲ ਹੋਇਆ।
ਪਹਿਲਾਂ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸ਼ੌਕੀਨ ਸਿੰਘ ਜੀ ਦਾ ਰਸ ਭਿੰਨੜਾ ਕੀਰਤਨ ਸਰਵਣ ਕੀਤਾ।
ਇਸ ਪੁਸਤਕ ਦੀ ਪ੍ਰਕਾਸ਼ਨਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਨੇ ਕੀਤੀ ਹੈ।
ਮੇਰਾ ਇਸ ਕਿਤਾਬ ਵਿੱਚ ਇੱਕ ਲੇਖ ਸ਼ਾਮਲ ਹੈ, ਤੁਸੀਂ ਵੀ ਪੜ੍ਹੋ।
ਮੌਸਮ ਆਪਣੇ ਪੈਰਾਂ ਤੋਂ ਤਿਲਕ ਗਿਆ ਹੈ। ਜਿਹੜੀ ਵਿਸਾਖੀ ਚੇਤਰ ਮੁੱਕਣ ਸਾਰ ਆਉਂਦੀ ਸੀ। ਕਣਕਾਂ ਦੇ ਮੁੱਢ ਦਾਤਰੀ ਫਿਰਕੀ ਸੀ, ਉਹ ਹੁਣ ਖਿਸਕ ਕੇ ਦਸ ਬਾਰਾਂ ਦਿਨ ਅਗੇਤੀ ਹੋ ਗਈ ਹੈ। ਹੁਣ ਵਿਸਾਖੀ ਨੂੰ ਦਾਤਰੀ ਕਣਕ ਨਹੀਂ, ਵੱਢਦੀ, ਕੰਬਾਈਨ ਮਸ਼ੀਨ ਪੈਲ਼ੀਆਂ ਵਿੱਚ ਘੂਕਦੀ ਫਿਰਦੀ ਹੈ। ਸੋਨੇ ਦੀ ਵਾਢੀ ਤਾਂ ਹੋ ਰਹੀ ਹੈ ਪਰ ਚਾਵਾਂ ਤੋਂ ਸੱਖਣੀ।
ਫ਼ਸਲ ਸਾਂਭੀ ਜਾਂਦੀ ਹੈ, ਪਰ ਸ਼ਗਨਾਂ ਨਾਲ ਬੋਹਲ ਘਰ ਨਹੀਂ ਆਉਂਦਾ, ਬਾਹਰੋਂ ਹੀ ਬੋਰੀਆਂ ਭਰ ਕੇ ਮੰਡੀ ਦੇ ਰਾਹ ਪੈ ਜਾਂਦੀ ਹੈ ਟਰਾਲੀ।
ਵਿਸਾਖੀ ਤਾਂ ਚਾਵਾਂ ਦਾ ਨਾਮ ਸੀ। ਪੱਕੀਆਂ ਫ਼ਸਲਾਂ ਨਾਲ ਜੁੜੇ ਨਿੱਕੇ ਨਿੱਕੇ ਚਾਅ। ਹੁਣ ਪ੍ਰੇਮੀ ਨੂੰ ਕੋਈ ਨਹੀਂ ਕਹਿੰਦਾ,
“ਚੱਲ ਨੀ ਪ੍ਰੇਮੀਏ
ਵਿਸਾਖੀ ਚੱਲੀਏ”।
ਵਿਸਾਖੀ ਪੰਜਾਬ ਦਾ ਮੌਸਮੀ ਤਿਉਹਾਰ ਹੈ। ਗੁਰਬਾਣੀ ਵਿਚ ਵੀ ਗੁਰੂ ਨਾਨਕ ਦੇਵ ਜੀ ਤੇ ਗੁਰੂ ਅਰਜਨ ਦੇਵ ਜੀ ਨੇ ਆਪੋ-ਆਪਣੇ ਅੰਦਾਜ਼ ਵਿੱਚ ਬਾਰਾਮਾਹ ਲਿਖਿਆ ਵਿਸਾਖੀ ਦੇ ਪੁਰਬ ਦਾ ਸੁਆਗਤ ਕਰਦਿਆਂ ਸਾਨੂੰ ਕਿਹਾ ਹੈ ਕਿ ਵਿਸਾਖ ਮਹੀਨੇ ਪੱਕੀਆਂ ਫ਼ਸਲਾਂ ਨੂੰ ਵਾਢੀ ਪੈ ਗਈ ਹੈ। ਖ਼ਾਲਸਾ ਪੰਥ ਦੀ ਸਾਜਨਾ ਦਾ ਵੀ ਵਿਸਾਖੀ ਨਾਲ ਬਹੁਤ ਨੇੜਲਾ ਸੰਬੰਧ ਹੈ। 1699 ਦੀ ਵਿਸਾਖੀ ਵਾਲੇ ਦਿਨ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵਿਸ਼ਵ ਭਰ ਦੇ ਨਿਤਾਣਿਆਂ ਨੂੰ ਜ਼ੁਲਮ ਦੇ ਖਿਲਾਫ ਲੜਨ ਲਈ ਖ਼ਾਲਸਾ ਪੰਥ ਦੀ ਸਿਰਜਣਾ ਕੀਤੀ ਸੀ। ਖ਼ਾਲਸੇ ਦੀ ਸਿਰਜਣ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਅਲੌਕਿਕ ਦਰਬਾਰ ਸਜਣ ਦੀ ਕਹਾਣੀ ਇਤਿਹਾਸ ਦੀਆਂ ਪੁਸਤਕਾਂ ਸਾਨੂੰ 300 ਸਾਲ ਤੋਂ ਦੱਸ ਰਹੀਆਂ ਹਨ। ਸਿੱਖ ਧਰਮ ਨੂੰ “ਖ਼ਾਲਸਾ”ਸਰੂਪ ਪ੍ਰਦਾਨ ਕਰਨ ਵਿੱਚ ਵਿਸਾਖੀ ਦਾ ਬਹੁਤ ਵੱਡਾ ਯੋਗਦਾਨ ਹੈ। ਵਿਸਾਖੀ ਵਾਲੇ ਦਿਨ ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੇ ਧਾਰਮਿਕ, ਸਮਾਜਿਕ ਰੰਗਣ ਵਾਲੇ ਸਮਾਗਮਾਂ ਵਿਚ ਵਿਸਾਖੀ ਦਾ ਮਹਾਤਮ ਚੇਤੇ ਕੀਤਾ ਜਾਂਦਾ ਹੈ। ਪੰਜਾਬ ਅਤੇ ਹਰਿਆਣਾ ਦੇ ਪਿੰਡਾਂ ਵਿੱਚ ਵਿਸਾਖੀ ਵਾਲੇ ਦਿਨ
‘ਕਣਕਾਂ ਦੀ ਮੁੱਕ ਗਈ ਰਾਖੀ, ਜੱਟਾ ਆਈ ਵਿਸਾਖੀ’
ਦੀਆਂ ਸੱਦਾਂ ਗੂੰਜਦੀਆਂ ਹਨ।
ਹੁਣ ਤਾਂ ਸਮਾਂ ਹੀ ਬੇਰਹਿਮ ਹੋ ਗਿਆ ਹੈ। ਹਰ ਬੰਦਾ ਵਕਤ ਨੂੰ ਆਪਣੇ ਉੱਪਰ ਸਵਾਰ ਕਰੀ ਬੈਠਾ ਹੈ, ਪਰ ਜਦ ਕਦੇ ਪੰਜਾਬੀ ਸਹਿਜ ਅਤੇ ਸੁਹਜ ਤੇ ਸਹਿਜ ਨਾਲ ਜਿਉਦੇ ਸਨ ਤਾਂ ਵਿਸਾਖੀ ਵਾਲੇ ਦਿਨ ਭੰਗੜਾ ਪਾਉਣ ਲਈ ਮਹੀਨਾ-ਮਹੀਨਾ ਪਹਿਲਾਂ ਹੀ ਢੋਲੀ ਨੂੰ ਸਾਈ ਦੇ ਕੇ ਆਪਣੇ ਪਿੰਡਾਂ ਵਿੱਚ ਭੰਗੜੇ ਦੀ ਰਿਹਰਸਲ ਕਰਿਆ ਕਰਦੇ ਸਨ। ਦੁੱਧ ਮੱਖਣਾਂ ਦੇ ਪਾਲੇ ਸਹੀ ਸੁਲੱਗ ਪੰਜਾਬੀ ਪੁੱਤਰ ਅੱਧੀ ਰਾਤ ਤੱਕ ਭੰਗੜਾ ਪਾਉਂਦੇ ਅਤੇ ਸਵੇਰੇ-ਸਵੇਰੇ ਕਣਕ ਦੀਆਂ ਭਰੀਆਂ ਬੰਨਣ ਲਈ ਪਰਾਲੀ ਦੇ ਬੇੜ ਵੱਟਦੇ। ਕੋਈ ਦਾਤਰੀਆਂ ਨੂੰ ਦੰਦੇ ਕਢਵਾਉਂਦਾ ਅਤੇ ਕੋਈ ਫਲ਼ਿਆਂ ਲਈ ਫਲਾਹੀ ਦੇ ਰੁੱਖ ਦੀਆਂ ਕੰਡੇਦਾਰ ਟਾਹਣੀਆਂ ਲੱਭਦਾ ਫਿਰਦਾ। ਜ਼ਿੰਦਗੀ ਭਰਪੂਰ ਅਰਥਾਂ ਵਾਲੀ ਸੀ।
ਵਿਸਾਖੀ 13 ਅਪ੍ਰੈਲ ਨੂੰ ਮਨਾਈ ਜਾਂਦੀ ਹੈ, ਪਰ ਹਰ 36 ਸਾਲਾਂ ਬਾਅਦ ਇਹ ਦਿਨ ਬਦਲ ਕੇ 14 ਅਪ੍ਰੈਲ ਹੋ ਜਾਂਦਾ ਹੈ। ਵੱਖ-ਵੱਖ ਸੂਬਿਆਂ ਵਿੱਚ ਇਸ ਤਿਉਹਾਰ ਨੂੰ ਵੱਖ-ਵੱਖ ਨਾਵਾਂ ਤੇ ਜਾਣਿਆ ਤੇ ਮਾਣਿਆ ਜਾਂਦਾ ਹੈ।
ਪੰਜਾਬ ਵਿੱਚ ਵਿਸਾਖੀ ਰਾਵੀ ਤੋਂ ਪਾਰ ਹੋਰ ਤਰ੍ਹਾਂ ਮਨਾਈ ਜਾਂਦੀ ਹੈ ਅਤੇ ਇਧਰ ਹੋਰ ਤਰ੍ਹਾਂ।
ਉਧਰ ਵਿਸਾਖੀ ਖਾਣ-ਪੀਣ, ਨੱਚਣ-ਗਾਉਣ ਅਤੇ ਗੀਤ-ਸੰਗੀਤ ਨੂੰ ਸਾਹਾਂ-ਸਵਾਸਾਂ ਵਿੱਚ ਵਸਾਉਣ ਦਾ ਨਾਂਅ ਹੈ, ਜਦ ਕਿ ਇਧਰਲੇ ਪੰਜਾਬ ਵਿਚ ਬਹੁਤੇ ਲੋਕ ਵਗਦੇ ਦਰਿਆਵਾਂ ਕੰਢੇ ਜਾ ਬੈਠਦੇ ਹਨ। ਇਸ਼ਨਾਨ ਕਰਦੇ ਹਨ।
ਮੈਨੂੰ ਬਚਪਨ ਵਿਚ ਆਪਣੇ ਨੇੜਲੇ ਪਿੰਡ ਧਿਆਨਪੁਰ (ਗੁਰਦਾਸਪੁਰ)ਦੀ ਵਿਸਾਖੀ ਯਾਦ ਆ ਰਹੀ ਹੈ। ਸਾਡੇ ਪਿੰਡ ਬਸੰਤਕੋਟ ਤੋਂ ਭੰਗੜੇ ਦੀ ਟੀਮ ਜਦ ਧਿਆਨਪੁਰ ਅੱਪੜਦੀ ਤਾਂ ਚੰਦੂ ਸੂਜੇ ਵਾਲੇ ਪਾਸਿਉਂ ਗਿੱਲਾਂ ਵਾਲੀਏ ਢੋਲ ਵਜਾਉਂਦੇ ਤੁਰੇ ਆਉਂਦੇ ਦਿਸਦੇ। ਇਕ ਪਾਸੇ ਕੋਟਲੀ ਸੂਰਤ ਮੱਲ੍ਹੀ ਵਾਲੇ ਆਪਣੇ ਲਾਮ ਲਸ਼ਕਰ ਨਾਲ ਤੁਰੇ ਆਉਂਦੇ। ਵੱਖ-ਵੱਖ ਪਿੱਡਾਂ ਤੋਂ ਅਨੇਕਾਂ ਭੰਗੜਾ ਟੀਮਾਂ ਇਕ ਥਾ ਇਕੱਠੀਆਂ ਹੁੰਦੀਆਂ। ਗੱਲ ਦਾਇਰੇ ਵਿੱਚ ਨੱਚ-ਟੱਪ ਕੇ ਟੋਲੀਆਂ ਹਾਰ-ਹੰਭ ਜਾਂਦੀਆਂ। ਸਿਆਲਕੋਟੀ ਭੰਗੜੇ ਵਾਲੀਆਂ ਚਾਲਾਂ ਦੀ ਸਰਦਾਰੀ ਹੁੰਦੀ। ਬਾਅਦ ਵਿੱਚ ਪਤਾ ਲੱਗਾ ਹੈ ਕਿ ਇਸ ਦਾ ਕਾਰਨ ਰਾਵੀ ਪਾਰੋਂ ਉੱਜੜ ਕੇ ਆਏ ਬਹੁਤੇ ਸਿਆਲਕੋਟੀਏ ਇਸੇ ਇਲਾਕੇ ਵਿੱਚ ਵੱਸੇ ਹੋਣ ਕਾਰਨ ਭੰਗੜੇ ਦਾ ਸੁਭਾਅ ਵੀ ਉਹਨਾਂ ਮੁਤਾਬਿਕ ਹੀ ਬਣ ਗਿਆ।
ਉਦੋਂ ਅਜੇ ਸਟੇਜਾਂ ਵਾਲੇ ਭੰਗੜੇ ਨਹੀਂ ਸਨ ਸ਼ੁਰੂ ਹੋਏ। ਟੀਮਾਂ ਵਿੱਚ ਅਣਦਾੜੀਏ ਮੁੰਡੇ ਹੀ ਮੁਟਿਆਰਾਂ ਦੇ ਭੇਸ ਵਿੱਚ ਹੁੰਦੇ। ਭੰਗੜੇ ਵਾਲਿਆਂ ਦੇ ਵਸਤਰ ਵੀ ਵਰਦੀ ਵਰਗੇ ਨਹੀਂ ਸਨ ਹੁੰਦੇ। ਪੈਰਾਂ ਵਿੱਚ ਮੋਟੇ-ਮੋਟੇ ਘੁੰਗਰੂ, ਉਹ ਵੀ ਬਲਦਾਂ ਦੇ ਗਲੋਂ ਉਤਾਰੇ ਹੁੰਦੇ। ਸ਼ੀਸ਼ਾ ਮੋਚਨਾ ਤੇ ਹੋਰ ਨਿਕ-ਸੁਕ ਚੁੱਕੀ ਫਿਰਦੇ। ਹੱਥਾਂ ਵਿੱਚ ਹੁਣ ਦੇ ਫੁਕਰਿਆਂ ਵਾਂਗ ਬੰਦੂਕਾਂ ਨਹੀਂ, ਡਾਂਗ ਸੋਟਾ ਹੀ ਹੁੰਦਾ, ਪਰ ਇਹ ਮਾਰਨ ਲਈ ਨਹੀਂ ਸਿਰਫ ਦਿਖਾਉਣ ਲਈ । ਹਜ਼ਾਰਾਂ ਦੀ ਗਿਣਤੀ ਵਾਲੇ ਮੇਲੇ ਵਿੱਚ ਕੋਈ ਇੱਕ –ਅੱਧਾ ਹੀ ਸ਼ਰਾਬੀ ਹੁੰਦਾ, ਜਿਸ ਨੂੰ ਡੇਰਾ ਬਾਬਾ ਨਾਨਕ ਤੋਂ ਆਏ ਠਾਣੇ ਵਾਲੇ ਖੂਬ ਥਾਪੜਦੇ ਅਤੇ ਉੱਚੀ ਥਾਂ ਤੇ ਉਸ ਨੂੰ ਆਪਣੇ ਮੂੰਹ ਤੇ ਆਪੇ ਹੀ ਚਪੇੜਾਂ ਮਾਰਨ ਦਾ ਆਦੇਸ਼ ਦਿੰਦੇ।
ਮੇਰੇ ਮਨ ਅੰਦਰ ਸ਼ਰਾਬੀਆਂ ਪ੍ਰਤੀ ਬੈਠੀ ਨਫ਼ਰਤ ਬਚਪਨ ਵੇਲੇ ਵੇਖੀ ਇਸ ਝਾਕੀ ਕਾਰਨ ਅੱਜ ਵੀ ਜਿਊਂਦੀ ਜਾਗਦੀ ਹੈ।
ਇਤਿਹਾਸ ਦਾ ਇੱਕ ਕੌੜਾ ਵਰਕਾ ਵਿਸਾਖੀ ਨਾਲ ਸਬੰਧਤ ਅੰਮ੍ਰਿਤਸਰ ਵਿਖੇ ਵੀ ਪ੍ਰਕਾਸ਼ਮਾਨ ਹੈ। ਜੱਲ੍ਹਿਆਂ ਵਾਲਾ ਬਾਗ
ਉਹ ਵਰਕਾ ਹੈ, ਜਿਸ ਵਿਚੋਂ ਅੱਜ ਵੀ ਲਾਟਾਂ ਨਿਕਲਦੀਆਂ ਹਨ।ਜਲਿਆਂਵਾਲੇ ਬਾਗ ਦਾ ਇੱਕੋ-ਇਕ ਰਸਤਾ ਬੰਦ ਕਰਕੇ ਹਜ਼ਾਰਾਂ ਪੰਜਾਬੀ ਮੱਕੀ ਦੇ ਦਾਣਿਆਂ ਵਾਂਗ ਭੁੱਨ ਸੁੱਟੇ। ਬਾਗ ਵਿਚਲਾ ਖੂਹ ਲਾਸ਼ਾਂ ਨਾਲ ਭਰ ਗਿਆ ਤੇ ਕੰਧਾਂ ਗੋਲੀਆਂ ਨਾਲ ਛਾਨਣੀ ਹੋ ਗਈਆਂ। ਜਨਰਲ ਡਾਇਰ ਦੀਆਂ ਗੋਲੀਆਂ ਅੱਜ ਵੀ ਵਿਸਾਖੀ ਵਾਲੇ ਦਿਨ ਸਮੂਹ ਪੰਜਾਬੀਆਂ ਦੀ ਹਿੱਕ ਵਿੱਚ ਠਾਹ-ਠਾਹ ਵੱਜਦੀਆਂ ਸੁਣ ਸਕਦੇ ਹੋ।
ਦੇਸ਼ ਭਗਤਾਂ ਨੂੰ ਇਹ ਇਨਾਮ ਦੇਣ ਵਾਲੇ ਫਰੰਗੀ ਨੂੰ ਸ਼ਹੀਦ ਊਧਮ ਸਿੰਘ ਨੇ ਬਦਲਾ ਪਰਤਾਉਣ ਦੀ ਕਸਮ ਇਸੇ ਸਥਾਨ ਤੇ ਹੀ ਖਾਧੀ ਸੀ। ਇਸੇ ਵਿਸਾਖੀ ਦਾ ਰੱਤੜਾ ਨਿਸ਼ਾਨ ਸ਼ਹੀਦ ਭਗਤ ਸਿੰਘ ਨੇ 12 ਸਾਲ ਦੀ ਉਮਰ ਲਾਹੋਰੋਂ ਆ ਕੇ ਲਹੂ ਭਿੱਜੀ ਮਿੱਟੀ ਨੂੰ ਸ਼ੀਸ਼ੀ ਵਿੱਚ ਸੰਭਾਲ ਕੇ ਰੱਖਿਆ। ਇਹ ਲਹੂ ਭਿੱਜੀ ਮਿੱਟੀ ਅੱਜ ਵੀ ਖਟਕੜ ਕਲਾਂ ਦੇ ਅਜਾਇਬ ਘਰ ਵਿੱਚ ਸੁਰੱਖਿਅਤ ਪਈ ਵੇਖ ਸਕਦੇ ਹੋ।
ਵਿਸਾਖੀ ਸਿਰਫ ਰੀਝਾਂ ਦਾ ਤਿਉਹਾਰ ਨਹੀਂ। ਆਪਣੇ-ਆਪ ਨੂੰ ਨਿਰਖਣ-ਪਰਖਣ ਅਤੇ ਆਪਣੀਆਂ ਸ਼ਕਤੀਆਂ ਨੂੰ ਜਾਚਣ ਦਾ ਤਿਉਹਾਰ ਹੈ, ਕਿਉਂਕਿ ਸਿਆਲਦੀ ਆਲਸੀ ਜ਼ਿੰਦਗੀ ਨੇ ਨਵੇਂ ਫੁਟਾਰੇ ਨਾਲ ਨਵੇਂ ਸੁਪਨਿਆਂ ਨੂੰ ਮਾਣਨਾ ਹੁੰਦਾ ਹੈ। ਪਹਿਲਾਂ ਬੀਜੇ ਨੂੰ ਵੱਢਣਾ ਅਤੇ ਨਵੇਂ ਨੂੰ ਬੀਜਣਾ। ਇਸ ਤਿਉਹਾਰ ਦੇ ਦੋ ਸਿਰੇ ਹਨ। ਹਾੜ•ੀ ਦੀਆਂ ਫ਼ਸਲਾਂ ਵਿਚ ਕਣਕ ਦੀ ਸਰਦਾਰੀ ਕਾਰਨ ਵਿਸਾਖੀ ਨਾਲ ਸਬੰਧਤ ਬਹੁਤੇ ਗੀਤ ਕਣਕ ਦੇ ਦੁਆਲੇ ਘੁੰਮਦੇ ਹਨ। ਕਣਕ ਨੂੰ ਸੰਸਕ੍ਰਿਤ ਵਿਚ ਸੋਨਾ ਵੀ ਆਖਦੇ ਹਨ ਅਤੇ ਵਿਸਾਖੀ ਨੂੰ ਸੋਨੇ ਦੀ ਵਾਢੀ ਦਾ ਤਿਉਹਾਰ।
ਪੰਜਾਬੀ ਇਸ ਦਿਹਾੜੇ ਕਿਰਤ ਸੱਭਿਆਚਾਰ ਨਾਲ ਜੁੜਨ, ਇਹੀ ਆਸ ਤੇ ਅਰਦਾਸ ਹੈ।
ਗੁਰਭਜਨ ਸਿੰਘ ਗਿੱਲ
