ਮੈਂ ਲੱਗਭਗ 43 ਸਾਲ ਦਾ ਹੋ ਚੁੱਕਿਆਂ ਹਾਂ। ਘਟਨਾਵਾਂ ਜਾਂ ਗੱਲਾਂ ਯਾਦ ਰੱਖਣ ਦੀ ਸੋਝੀ 08 ਕੁ ਸਾਲ ਦੀ ਉਮਰ ਵਿੱਚ ਆ ਹੀ ਗਈ ਹੋਣੀ। ਇਸ ਹਿਸਾਬੇ 35 ਕੁ ਸਾਲ ਤੋਂ ਬੇਬੇ ਨੂੰ ਬਿਨਾਂ ਕੋਈ ਨਾਗਾ ਤੜਕੇ ਹੀ 04:00 ਤੋਂ 05:00 ਵਜੇ ਵਿਚਕਾਰ ਗੁਰੁਦਆਰੇ ਜਾਂਦੇ ਵੇਖ ਰਿਹਾ ਹਾਂ। ਮੋਹਲੇਧਾਰ ਬਾਰਿਸ਼ਾਂ, ਗੜੇਮਾਰੀਆਂ ਤੇ ਤੇਜ਼ ਨ੍ਹੇਰੀਆ ਦੌਰਾਨ ਵੀ। ਕਈ ਵਾਰ ਗੁਰਬਾਣੀ ਅਨੁਸਾਰ ਜੀਵਨ ਜਾਚ ਨੂੰ ਲੈ ਕੇ ਬਹਿਸ ਤਾਂ ਹੁੰਦੀ ਰਹੀ ਪਰ ਮਹਿਜ ਮਜ਼ਾਕੀਆ ਲਹਿਜੇ ਵਿੱਚ। ਮੁੱਕਦੀ ਗੱਲ ਬੇਬੇ ਦਾ ਗੁਰੂਘਰ ਜਾਣਾ ਨਿਰੰਤਰ ਜਾਰੀ ਹੈ।
ਹੁਣ ਕੱਲ੍ਹ (13 ਅਪ੍ਰੈਲ 2026) ਦੀ ਸ਼ਾਮ ਤੋਂ ਹੀ ਸ਼ੋਸ਼ਲ-ਮੀਡੀਆ ਵਗੈਰਾ ‘ਤੇ ਬੇਅਦਬੀ ਬਾਰੇ ਬਣੇ ਕਾਨੂੰਨ ਸਬੰਧੀ ਪੋਸਟਾਂ ਵੇਖ ਵੇਖ/ਪੜ੍ਹ ਪੜ੍ਹ ਕੇ ਮਨ ਵਿੱਚ ਕਈ ਤਰ੍ਹਾਂ ਦੇ ਸਕਾਰਾਤਮਕ ਤੇ ਨਕਾਰਾਤਮਕ ਵਿਚਾਰ ਖੌਰੂ ਪਾ ਰਹੇ ਹਨ। ਇਨ੍ਹਾਂ ਦੇ ਚਲਦਿਆਂ ਹੀ ਸਵੇਰੇ ਕੰਮ ਲਈ ਤਿਆਰ ਹੁੰਦੇ ਨੂੰ ਬੇਬੇ ਆਰਾਮ ਕਰਨ ਦੀ ਅਵਸਥਾ ਵਿੱਚ ਸੋਫ਼ਿਆ ‘ਤੇ ਬੈਠੀ ਦਿੱਸੀ (ਗੁਰੂਦੁਆਰੇ ਤੋਂ ਆਉਣ ਤੋਂ ਬਾਅਦ ਰੋਜ਼ਾਨਾ ਵਾਂਗ)। ਵਿਚਾਰਾਂ ਦੀ ਚੱਲ ਰਹੀ ਲੜੀ ਵਿੱਚ ਅਚਾਨਕ ਸਿਰਫ਼ ਬੇਬੇ ਬਾਰੇ ਫਿਕਰਮੰਦ ਖਿਆਲ ਆਉਣੇ ਸ਼ੁਰੂ ਹੋ ਗਏ ਕਿਉਂਕਿ ਬੇਬੇ ਦਾ ਜਜ਼ਬਾਤਾਂ ‘ਤੇ ਕੰਟਰੋਲ ਆਮ ਵਰਗਾ ਨਹੀਂ ਹੈ। ਖ਼ਾਸ ਕਰਕੇ ਸ਼ਰਧਾ ਦੇ ਮਾਮਲੇ ਵਿੱਚ। ਇਸੇ ਕਰਕੇ ਖ਼ਤਰਾ ਮਹਿਸੂਸ ਹੋਇਆ ਕਿ ਕਿਧਰੇ ਗੁਰੂਘਰ ਅੰਦਰ ਸ਼ਰਧਾ ਵਿੱਚ ਲੀਨ ਹੋਈ ਦੀ ਚੁੰਨੀ ਸਿਰ ਤੋਂ ਲਹਿ ਗਈ ਤੇ ਬੇਬੇ ਨੂੰ ਦੁਬਾਰਾ ਠੀਕ ਕਰਨ ਦਾ ਪਤਾ ਹੀ ਨਾ ਲੱਗਾ, ਪਰਿਕਰਮਾ ਕਰਨ ਲੱਗੀ ਕਿਤੇ ਸ਼ਰਧਾ ਦੇ ਸ਼ਿਖਰਾਂ ਪਹੁੰਚੀ ਬੀੜ ਸਾਹਿਬ ਨੂੰ ਹੱਥ ਲਾ ਕੇ ਮੱਥਾ ਨਾ ਟੇਕਣ ਲੱਗ ਜਾਵੇ ਜਾਂ ਕੋਈ ਮੇਰਾ ਹੀ ਵਿਰੋਧੀ ਕਿਸੇ ਤਰ੍ਹਾਂ ਦੀ ਸਾਜਿਸ਼ ਨਾ ਰਚ ਦੇਵੇ ਤੇ ਅਜਿਹਾ ਹੀ ਹੋਰ ਵੀ ਬਹੁਤ ਕੁਝ। ਸੋ ਅੱਜ ਜ਼ਿੰਦਗੀ ‘ਚ ਪਹਿਲੀ ਵਾਰ ਉਸਨੂੰ ਘਰੇ ਬੈਠ ਕੇ ਹੀ ਰੱਬ ਰੱਬ ਕਰ ਲੈਣ ਬਾਰੇ ਥੋੜ੍ਹਾ ਸਖ਼ਤੀ ਨਾਲ਼ ਸਲਾਹ ਦਿੱਤੀ ਹੈ। ਜਿਸਨੂੰ ਬਿਨਾਂ ਸ਼ੱਕ ਉਹਨੇ ਸੌਖਿਆਂ ਨਹੀਂ ਮੰਨਣਾਂ ਪਰ ਮੈਂ ਕੋਸ਼ਿਸ਼ ਜਾਰੀ ਰੱਖਾਂਗਾ।
ਆਪਣੇ ਹੁਣ ਤੱਕ ਦੇ ਧਾਰਮਿਕ ਸਥਾਨਾਂ ਨਾਲ਼ ਸਬੰਧਤ ਮਰਦਾਂ ਬਾਰੇ ਵੇਖੇ/ਸੁਣੇ/ਪੜ੍ਹੇ ਤਜਰਬਿਆਂ ਦੇ ਆਧਾਰ ‘ਤੇ ਪਤਨੀ ਤੇ ਧੀਆਂ ਨੂੰ ਪਹਿਲਾਂ ਹੀ ਕਿਸੇ ਵੀ ਧਾਰਮਿਕ ਸਥਾਨ ‘ਤੇ ਉਚੇਚ ਵਜੋਂ ਨਾ ਜਾਣ ਪ੍ਰਤੀ ਸਫ਼ਲਤਾਪੂਰਵਕ ਸਮਝਾਇਆ ਹੋਇਆ ਹੈ। ਜੋ ਇਸ ਨੂੰ ਹੁਕਮ ਨਹੀਂ ਬਲਕਿ ਨੇਕ ਸਲਾਹ ਮੰਨ ਕੇ ਚਿਰਾਂ ਤੋਂ ਅਪਣਾ ਚੁੱਕੀਆਂ ਹਨ। ਜਿਸ ਲਈ ਮੈਨੂੰ ਆਪਣੇ ਆਪ ‘ਤੇ ਇੰਨਾ ਕੁ ਮਾਣ ਹੈ ਕਿ ਕਈ ਵਾਰ ਆਪਣੀ ਹੀ ਪਿੱਠ ਥਪ-ਥਪਾਉਣ ਨੂੰ ਜੀਅ ਕਰ ਉਠਦਾ ਹੈ।
ਰੋਮੀ ਘੜਾਮਾਂ।
7717380107
