ਇਟਲੀ 15 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼)
ਪਿਛਲੇ ਦਿਨੀਂ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਬਰੇਸ਼ੀਆ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਇਟਲੀ ਦੀ ਸਿਰਮੌਰ ਸਾਹਿਤਕ ਸੰਸਥਾ ਸਾਹਿਤ ਸੁਰ ਸੰਗਮ ਸਭਾ ਦੇ ਕਵੀਆਂ ਨੇ ਹਿੱਸਾ ਲਿਆ। ਇਸ ਕਵੀ ਦਰਬਾਰ ਵਿੱਚ ਸ਼ਾਮਿਲ ਕਵੀਆਂ ਵਲੋਂ ਸਿੱਖ ਧਰਮ, ਸਿੱਖ ਇਤਿਹਾਸ, ਵਿਸਾਖੀ ਅਤੇ ਸਿੱਖ ਵਿਚਾਰਧਾਰਾ ਸਮੇਤ ਪੰਜਾਬ ਅਤੇ ਚੰਗੇ ਸਮਾਜ ਦੀ ਸਿਰਜਣਾ ਨਾਲ ਸੰਬੰਧਿਤ ਕਵਿਤਾ ਪਾਠ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਸਭਾ ਦੇ ਪ੍ਰਧਾਨ ਮੇਜਰ ਸਿੰਘ ਖੱਖ ਵਲੋਂ ਗੁਰੂ ਸਾਹਿਬ ਦੇ ਆਸ਼ੀਰਵਾਦ ਨਾਲ ਆਰੰਭਿਕ ਬੋਲ ਸਾਂਝੇ ਕਰਦਿਆਂ ਕੀਤੀ ਗਈ।ਹਾਜ਼ਰ ਕਵੀਆਂ ਵਿੱਚ ਦਲਜਿੰਦਰ ਸਿੰਘ ਰਹਿਲ, ਜਸਵਿੰਦਰ ਕੌਰ ਮਿੰਟੂ, ਜੱਸੀ ਬੰਗਾ , ਜਗਰੂਪ ਸਿੰਘ ਭੁੱਲਰ, ਨਰਿੰਦਰ ਸਿੰਘ ਪੰਨੂੰ ਅਤੇ ਪ੍ਰੋਫੈਸਰ ਜਸਪਾਲ ਸਿੰਘ ਨੇ ਆਪਣੀਆਂ ਕਵਿਤਾਵਾਂ ਸੁਣਾਈਆਂ। ਇੰਟਰਨੈਸ਼ਨਲ ਮਹਿਲਾ ਕਾਵਿ ਮੰਡਲ ਇਟਲੀ ਦੀ ਪ੍ਰਧਾਨ ਆਰਤੀ ਬਖਸ਼ੀ ਆਰੂ ਅਤੇ ਇਲਾਕੇ ਦੇ ਮੰਨੇ ਪਰਮੰਨੇ ਕਵੀ ਜਗਤਾਰ ਸਿੰਘ ਨੇ ਵੀ ਇਸ ਕਵੀ ਸੰਮੇਲਨ ਵਿੱਚ ਹਿੱਸਾ ਲਿਆ। ਸੰਗਤ ਵਿੱਚੋਂ ਜੱਸੀ ਬੰਗਾ ਅਤੇ ਨੌਜਵਾਨ ਮਨਵੀਰ ਸਿੰਘ ਨੇ ਇਸ ਸਮਾਗਮ ਤੋਂ ਪ੍ਰਭਾਵਿਤ ਹੋ ਕੇ ਆਪਣੀਆਂ ਕਵਿਤਾਵਾਂ ਪੜੀਆਂ। ਕਵੀਆਂ ਦੀ ਪ੍ਰਭਾਵਸ਼ਾਲੀ ਕਾਵਿ ਸ਼ੈਲੀ ਅਤੇ ਦਲਜਿੰਦਰ ਰਹਿਲ ਦੇ ਸਟੇਜ ਸੰਚਾਲਨ ਨੇ ਸੰਗਤ ਨੂੰ ਅਖ਼ੀਰ ਤੱਕ ਕਵੀ ਦਰਵਾਰ ਨਾਲ ਜੋੜੀ ਰੱਖਿਆ । ਸੰਗਤ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਬੋਲਦਿਆਂ ਹਰਮਿੰਦਰ ਸਿੰਘ ਅਤੇ ਜਸਵੀਰ ਸਿੰਘ ਨੇ ਸਭਾ ਨਾਲ ਮਿਲ ਕੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਹੋਰ ਸੰਮੇਲਨ ਕਰਨ ਲਈ ਕਿਹਾ ਜਿਸ ਦੀ ਸਭਾ ਵਲੋਂ ਵੀ ਹਾਮੀ ਭਰੀ ਗਈ। ਅੰਤ ਵਿੱਚ ਪ੍ਰੋ ਜਸਪਾਲ ਸਿੰਘ ਵਲੋਂ ਇਸ ਵਿਸ਼ੇਸ ਦਿਹਾੜੇ ਦੀ ਮਹੱਤਤਾ ,ਸਾਡੇ ਹਿੱਸੇ ਆਉਂਦੇ ਫ਼ਰਜ਼ ਤੇ ਸਭਾ ਦੁਆਰਾ ਆਰੰਭੇ ਕਾਰਜਾਂ ਦਾ ਜ਼ਿਕਰ ਕੀਤਾ ਗਿਆ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਵੀਆਂ ਦਾ ਸਨਮਾਨ ਕੀਤਾ ਗਿਆ।
