ਕਿਸਾਨ ਨਰਮੇ ਵਾਲੇ ਖੇਤਾਂ ਦਾ ਲਗਾਤਾਰ ਨਿਰੀਖਣ ਕਰਨ : ਮੁੱਖ ਖੇਤੀਬਾੜੀ ਅਫਸਰ
ਕੋਟਕਪੂਰਾ, 18 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਮੁੱਖ ਖੇਤੀਬਾੜੀ ਅਫਸਰ ਡਾ. ਗੁਰਪ੍ਰੀਤ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬਲਾਕ ਕੋਟਕਪੂਰਾ ਦੀ ਸਰਵੇਲੈਂਸ ਟੀਮ ਵੱਲੋਂ ਕੋਟਕਪੂਰਾ ਅਤੇ ਜੈਤੋ ਦੇ ਵੱਖ ਵੱਖ ਪਿੰਡਾਂ ਵਿੱਚ ਬੀਜੇ ਨਰਮੇ ਦੇ ਖੇਤਾਂ ਦਾ ਨਿਰੀਖਣ ਕੀਤਾ ਗਿਆ। ਸਰਵੇਲੈਂਸ ਟੀਮ ਵਿੱਚ ਬਲਾਕ ਖੇਤੀਬਾੜੀ ਅਫਸਰ ਡਾ. ਗੁਰਪ੍ਰੀਤ ਸਿੰਘ, ਡਾ. ਸਤਬੀਰ ਸਿੰਘ ਏਡੀਓ ਟਰੇਨਿੰਗ ਅਤੇ ਡਾ. ਗੁਰਮਘਰ ਸਿੰਘ ਏਡੀਓ ਸ਼ਾਮਲ ਸਨ। ਡਾ. ਗੁਰਪ੍ਰੀਤ ਸਿੰਘ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ, ਜੋ ਆਪਣੇ ਨਰਮੇ ਵਾਲੇ ਖੇਤਾਂ ਦਾ ਲਗਾਤਾਰ ਨਰੀਖਣ ਕਰਦੇ ਰਹਿਣ, ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਫਰੀਦਕੋਟ ਜ਼ਿਲ੍ਹੇ ਵਿੱਚ ਮੀਂਹ ਨਾ ਪੈਣ ਕਰਕੇ ਮੌਸਮ ਬਹੁਤ ਜਿਆਦਾ ਖੁਸ਼ਕ ਚੱਲ ਰਿਹਾ ਹੈ, ਜਿਸ ਕਾਰਨ ਨਰਮੇ ‘ਤੇ ਚਿੱਟੀ ਮੱਖੀ ਅਤੇ ਹਰੇ ਤੇਲੇ ਦਾ ਹਮਲਾ ਵਧ ਗਿਆ ਹੈ। ਕਿਸਾਨਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਕਿ ਉਹ ਆਪਣੇ ਨਰਮੇ ਵਾਲੇ ਖੇਤਾਂ ਦਾ ਸੁਬਹਾ 10:00 ਵਜੇ ਤੋਂ ਪਹਿਲਾਂ ਲਗਭਗ 10 ਬੂਟਿਆਂ ਦੇ ਉੱਪਰਲੇ ਹਿੱਸੇ ਵਿੱਚੋਂ ਪੂਰੇ ਖੁੱਲੇ ਪੱਤਿਆਂ ਦੇ ਹੇਠਲੇ ਹਿੱਸੇ ਦਾ ਸਰਵੇ ਕਰਨ ਅਤੇ ਜੇ ਚਿੱਟੀ ਮੱਖੀ ਪ੍ਰਤੀ ਪੱਤਾ 6 ਤੋਂ ਵੱਧ ਹੈ ਤਾਂ ਕਿਸਾਨ ਇਸ ਦੀ ਰੋਕਥਾਮ ਲਈ ਸਿਫਾਰਿਸ ਅਨੁਸਾਰ ਸਪਰੇ ਕਰਨ। ਹਰੇ ਤੇਲੇ ਸਬੰਧੀ ਜੇ 50 ਪ੍ਰਤੀਸ਼ਤ ਬੂਟਿਆਂ ਵਿੱਚ ਪੂਰੇ ਬਣ ਚੁੱਕੇ ਪੱਤੇ ਕਿਨਾਰਿਆਂ ਤੋਂ ਪੀਲੇ ਪੈ ਜਾਣ ਤਾਂ ਹੀ ਸਪਰੇਅ ਕਰਨੀ ਚਾਹੀਦੀ ਹੈ। ਜਿਵੇਂ ਕਿ ਇਕ ਕਿੱਲੇ ਲਈ ਓਲਾਲਾ 80 ਗ੍ਰਾਮ, ਉਸੀਨ 60 ਗ੍ਰਾਮ (ਇਹ ਦੋਵੇਂ ਦਵਾਈਆਂ ਹਰੇ ਤੇਲੇ ਦੀ ਵੀ ਰੋਕਥਾਮ ਕਰਦੀਆਂ ਹਨ) ਸਫ਼ੀਨਾ 400 ਐਮ ਐਲ ਅਤੇ ਕਲਾਸਟੋ 200 ਗ੍ਰਾਮ, ਪ੍ਰਤੀ ਕਿੱਲਾ 100 ਤੋਂ 150 ਲੀਟਰ ਪਾਣੀ ਵਰਤਿਆ ਜਾਵੇ। ਡਾ. ਗੁਰਪ੍ਰੀਤ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਨਰਮੇ ਵਾਲੇ ਖੇਤਾਂ ਨੂੰ ਔੜ ਨਾ ਆਉਣ ਦੇਣ ਔੜ ਨਾਲ ਚਿੱਟੀ ਮੱਖੀ ਅਤੇ ਹਰੇ ਤੇਲੇ ਦਾ ਹਮਲਾ ਵੱਧਦਾ ਹੈ। ਇਸ ਕਰਕੇ ਕਿਸਾਨ ਨਰਮੇ ਵਾਲੇ ਖੇਤਾਂ ਨੂੰ ਪਾਣੀ ਦਿੰਦੇ ਰਹਿਣ।

