
ਸਰੀ, 21 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਉੱਘੇ ਕਬੱਡੀ ਖਿਡਾਰੀ ਸਵਰਗੀ ਅਜੀਤ ਸਿੰਘ ਮਾਲੜੀ ਦੇ ਸਪੁੱਤਰ ਵਰਿੰਦਰ ਸਿੰਘ ਸੰਧੂ ਵੱਲੋਂ ਕਬੱਡੀ ਖਿਡਾਰੀਆਂ ਦੀ ਵਿਸ਼ੇਸ਼ ਮਿਲਣੀ ਕਰਵਾਈ ਗਈ। ਇਸ ਮਿਲਣੀ ਵਿੱਚ ਸ਼ਾਮਲ ਹੋਣ ਲਈ ਜਗਤ ਪੰਜਾਬੀ ਸਭਾ ਦੇ ਚੇਅਰਮੈਨ ਅਜੈਬ ਸਿੰਘ ਚੱਠਾ ਵਿਸ਼ੇਸ਼ ਤੌਰ ’ਤੇ ਬਰੈਂਪਟਨ ਤੋਂ ਪਹੁੰਚੇ। ਸਮਾਗਮ ਵਿੱਚ ਲਗਭਗ 30 ਸਾਬਕਾ ਕਬੱਡੀ ਖਿਡਾਰੀਆਂ ਅਤੇ ਖੇਡ-ਪ੍ਰੇਮੀਆਂ ਨੇ ਹਿੱਸਾ ਲਿਆ।
ਮਿਲਣੀ ਦੌਰਾਨ ਫਰਵਰੀ 2027 ਵਿੱਚ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਖੇ 1950 ਤੋਂ 2000 ਤੱਕ ਸਰਗਰਮ ਰਹੇ ਕਬੱਡੀ ਖਿਡਾਰੀਆਂ ਦੇ ਕਰਵਾਏ ਜਾਣ ਵਾਲੇ ਵਿਸ਼ਾਲ ਸਨਮਾਨ ਸਮਾਰੋਹ ਸਬੰਧੀ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ।
ਇਸ ਮੌਕੇ ਆਪਣੇ ਸਮੇਂ ਦੇ ਕਈ ਨਾਮਵਰ ਖਿਡਾਰੀ ਸ਼ਾਮਲ ਹੋਏ, ਜਿਨ੍ਹਾਂ ਵਿੱਚ ਬਲਦੇਵ ਸਿੰਘ ‘ਸਿਮਰੂ’ ਲੁਧਿਆਣਾ, ਚੰਦੂ ਲੱਲੀਆਂ, ਸਾਧੂ ਉੱਪਲ, ਲੱਖਾਂ, ਬਲਬੀਰ ਸਿੰਘ, ਰਮਿੰਦਰ ਭੁੱਲਰ, ਗੁਰਜੀਤ ਸਿੰਘ ਪੁਰੇਵਾਲ ਹਕੀਮਪੁਰ, ਜਵਾਰਾ, ਸੰਤੋਖ ਸਿੰਘ ਮੰਡੇਰ ਅਤੇ ਗੁਰਬਖ਼ਸ਼ ਸਿੰਘ ਬਾਗੀ ਆਦਿ ਪ੍ਰਮੁੱਖ ਸਨ। ਸਾਰੇ ਹਾਜ਼ਰੀਨ ਨੇ ਆਪਣੀ ਜਾਣ-ਪਛਾਣ ਕਰਵਾਈ ਅਤੇ ਕਬੱਡੀ ਖੇਡ ਨਾਲ ਜੁੜੀਆਂ ਯਾਦਾਂ, ਤਜਰਬੇ ਅਤੇ ਕੀਮਤੀ ਵਿਚਾਰ ਸਾਂਝੇ ਕੀਤੇ।
ਸਮੂਹ ਖਿਡਾਰੀਆਂ ਨੇ ਫਰਵਰੀ 2027 ਵਿੱਚ ਹੋਣ ਵਾਲੇ ਸਨਮਾਨ ਸਮਾਰੋਹ ਲਈ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਅਤੇ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਹਾਜ਼ਰੀਨ ਨੇ ਆਸ ਪ੍ਰਗਟਾਈ ਕਿ 1950 ਤੋਂ 2000 ਤੱਕ ਖੇਡਣ ਵਾਲੇ ਕਬੱਡੀ ਖਿਡਾਰੀਆਂ ਦੇ ਜੀਵਨ, ਖੇਡ-ਸਫ਼ਰ ਅਤੇ ਪ੍ਰਾਪਤੀਆਂ ਬਾਰੇ ਤਿਆਰ ਕੀਤੀ ਜਾ ਰਹੀ ਪੁਸਤਕ ਨੂੰ ਭਰਵਾਂ ਹੁੰਗਾਰਾ ਮਿਲੇਗਾ।
ਇਸ ਦੌਰਾਨ ਪ੍ਰਸਿੱਧ ਕਬੱਡੀ ਕੋਚ ਅਜੀਤ ਸਿੰਘ ਮਾਲੜੀ ਅਤੇ ਕਬੱਡੀ ਪ੍ਰਮੋਟਰਾਂ ਦਲੀਪ ਸਿੰਘ ਗਰੇਵਾਲ, ਮੁਖਤਿਆਰ ਸਿੰਘ ਜਗਤਪੁਰ, ਬਲਬੀਰ ਸਿੰਘ ਸ਼ੰਕਰ ਅਤੇ ਮਹਿੰਦਰ ਸਿੰਘ ਮੌੜ ਵੱਲੋਂ ਕਬੱਡੀ ਦੀ ਪ੍ਰਫੁੱਲਤਾ ਲਈ ਪਾਏ ਮਹੱਤਵਪੂਰਨ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ ਗਈ।
ਮਿਲਣੀ ਵਿੱਚ 1954 ਦੌਰਾਨ ਲੁਧਿਆਣਾ ਵਿਖੇ ਪੰਜਾਬ ਅਤੇ ਪਾਕਿਸਤਾਨ ਦੀਆਂ ਟੀਮਾਂ ਵਿਚਾਲੇ ਹੋਏ ਇਤਿਹਾਸਕ ਕਬੱਡੀ ਮੁਕਾਬਲੇ ਅਤੇ 1974 ਵਿੱਚ ਪੰਜਾਬ ਅਤੇ ਇੰਗਲੈਂਡ ਦੀਆਂ ਟੀਮਾਂ ਦਰਮਿਆਨ ਖੇਡੇ ਗਏ ਮੈਚਾਂ ਦੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ ਗਈਆਂ। ਪੰਜਾਬ ਸਟਾਈਲ ਕਬੱਡੀ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਿਆਂ ਖੇਡ ਦੇ ਬਿਹਤਰ ਅਤੇ ਇਕਸਾਰ ਨਿਯਮ ਬਣਾਉਣ ਸਬੰਧੀ ਅਹਿਮ ਸੁਝਾਅ ਵੀ ਪੇਸ਼ ਕੀਤੇ ਗਏ।
ਇਸ ਮੌਕੇ ਰੁਸਤਮ-ਏ-ਹਿੰਦ ਅਤੇ ਭਾਰਤ ਕੇਸਰੀ ਖ਼ਿਤਾਬ ਜੇਤੂ ਖੁਸ਼ਵੰਤ ਸਿੰਘ ਸਿੱਧੂ, ਜੋ ਆਪਣੇ ਸਮੇਂ ਦੇ ਬਹੁਤ ਹੀ ਤਕੜੇ ਪਹਿਲਵਾਨ ਰਹੇ ਹਨ, ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
ਵਰਿੰਦਰ ਸਿੰਘ ਸੰਧੂ ਵੱਲੋਂ ਸੁਖਵੰਤ ਸਿੰਘ, ਬਲਦੇਵ ਸਿੰਘ ‘ਸਿਮਰੂ’, ਸੰਤੋਖ ਸਿੰਘ ਮੰਡੇਰ, ਗੁਰਜੀਤ ਸਿੰਘ ਪੁਰੇਵਾਲ ਅਤੇ ਅਜੈਬ ਸਿੰਘ ਚੱਠਾ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਕੁਲਤਾਰ ਸਿੰਘ ਥਿਆੜਾ ਵੱਲੋਂ ਸਮੂਹ ਹਾਜ਼ਰੀਨ ਲਈ ਸੁਆਦੀ ਭੋਜਨ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ। ਸਮਾਗਮ ਦੀਆਂ ਯਾਦਗਾਰੀ ਤਸਵੀਰਾਂ ਸੰਤੋਖ ਸਿੰਘ ਮੰਡੇਰ ਨੇ ਖਿੱਚੀਆਂ ਅਤੇ ਅੰਤ ਵਿੱਚ ਸਾਰੇ ਖਿਡਾਰੀਆਂ ਦੀ ਸਾਂਝੀ ਗਰੁੱਪ ਫੋਟੋ ਵੀ ਲਈ ਗਈ।
ਕਬੱਡੀ ਖਿਡਾਰੀਆਂ ਦੀ ਇਹ ਮਿਲਣੀ ਬਹੁਤ ਹੀ ਸਫ਼ਲ ਅਤੇ ਯਾਦਗਾਰੀ ਰਹੀ। ਹਾਜ਼ਰੀਨ ਨੇ ਵਿਸ਼ਵਾਸ ਪ੍ਰਗਟਾਇਆ ਕਿ ਇਹ ਮਿਲਣੀ ਫਰਵਰੀ 2027 ਵਿੱਚ ਹੋਣ ਵਾਲੇ ਕਬੱਡੀ ਖਿਡਾਰੀਆਂ ਦੇ ਸਨਮਾਨ ਸਮਾਰੋਹ ਦੀ ਸਫ਼ਲਤਾ ਲਈ ਬਹੁਤ ਸਹਾਈ ਸਿੱਧ ਹੋਵੇਗੀ।

