
ਲੁਧਿਆਣਾ 30 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਅੰਤਰ-ਕਾਲਜ ਯੁਵਕ ਮੇਲੇ ਦਾ ਅੱਜ ਆਗਾਜ਼ ਸ਼ਬਦ ਗਾਇਨ ਦੇ ਮੁਕਾਬਲਿਆਂ ਨਾਲ ਸ਼ੁਰੂ ਹੋਇਆ। ਯੁਵਕ ਮੇਲੇ ਵਿੱਚ ਯੂਨੀਵਰਸਿਟੀ ਦੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀ ਇਸ ਮੇਲੇ ਵਿੱਚ ਉਤਸ਼ਾਹ ਨਾਲ ਭਾਗ ਲੈ ਰਹੇ ਹਨ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ. ਹਰਵਿੰਦਰ ਸਿੰਘ ਧਾਲੀਵਾਲ ਨੇ ਆਪਣੇ ਸੰਦੇਸ਼ ਵਿੱਚ ਯੁਵਕ ਮੇਲੇ ਵਿੱਚ ਭਾਗ ਲੈ ਰਹੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਵਿਦਿਆਰਥੀ ਜੀਵਨ ਵਿੱਚ ਅਕਾਦਮਿਕ ਸਿੱਖਿਆ ਦੇ ਨਾਲ-ਨਾਲ ਸਹਿ-ਵਿਦਿਅਕ ਗਤੀਵਿਧੀਆਂ ਦਾ ਵੀ ਵਿਸ਼ੇਸ਼ ਮਹੱਤਵ ਹੈ। ਇਹ ਗਤੀਵਿਧੀਆਂ ਵਿਦਿਆਰਥੀਆਂ ਦੀ ਸ਼ਖ਼ਸੀਅਤ ਦੇ ਸਰਬਪੱਖੀ ਵਿਕਾਸ ਵਿੱਚ ਅਹਿਮ ਯੋਗਦਾਨ ਪਾਉਂਦੀਆਂ ਹਨ ਅਤੇ ਉਨ੍ਹਾਂ ਨੂੰ ਆਪਣੀਆਂ ਰੁਚੀਆਂ ਤੇ ਪ੍ਰਤਿਭਾ ਦੇ ਪ੍ਰਗਟਾਵੇ ਲਈ ਮੰਚ ਪ੍ਰਦਾਨ ਕਰਦੀਆਂ ਹਨ।
ਮੇਲੇ ਦੇ ਉਦਘਾਟਨੀ ਸਮਾਗਮ ਦੌਰਾਨ ਡੀਨ ਵਿਦਿਆਰਥੀ ਭਲਾਈ ਡਾ. ਕਮਲਜੀਤ ਸਿੰਘ ਸੂਰੀ ਨੇ ਸਵਾਗਤੀ ਸ਼ਬਦ ਕਹੇ। ਉਨ੍ਹਾਂ ਵੱਖ-ਵੱਖ ਕਾਲਜਾਂ ਤੋਂ ਪਹੁੰਚੇ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਯੁਵਕ ਮੇਲੇ ਦੀਆਂ ਗਤੀਵਿਧੀਆਂ ਵਿੱਚ ਵਧ-ਚੜ੍ਹ ਕੇ ਭਾਗ ਲੈਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਅੰਤਰ-ਕਾਲਜ ਯੁਵਕ ਮੇਲਾ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਅਤੇ ਕਲਾ, ਸਾਹਿਤ ਤੇ ਸੱਭਿਆਚਾਰ ਨਾਲ ਜੁੜਨ ਦਾ ਮੌਕਾ ਪ੍ਰਦਾਨ ਕਰਦਾ ਹੈ। ਅਜਿਹੇ ਸਮਾਗਮ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਦੇ ਨਾਲ-ਨਾਲ ਆਪਸੀ ਸਾਂਝ ਦੀ ਭਾਵਨਾ ਨੂੰ ਵੀ ਉਤਸ਼ਾਹਿਤ ਕਰਦੇ ਹਨ।
ਮੇਲੇ ਦੇ ਪਹਿਲੇ ਦਿਨ ਸ਼ਬਦ ਗਾਇਨ, ਪੋਸਟਰ ਮੇਕਿੰਗ, ਕੋਲਾਜ ਮੇਕਿੰਗ, ਕਲੇਅ ਮਾਡਲਿੰਗ, ਕਵਿਤਾ ਉਚਾਰਨ ਅਤੇ ਹਾਸ-ਰਸ ਕਵਿਤਾ ਦੇ ਮੁਕਾਬਲੇ ਹੋਏ। ਇਨ੍ਹਾਂ ਮੁਕਾਬਲਿਆਂ ਵਿੱਚ ਵਿਦਿਆਰਥੀ ਆਪਣੀ ਕਲਾਤਮਕ ਪ੍ਰਤਿਭਾ, ਸਾਹਿਤਕ ਰੁਚੀ ਅਤੇ ਸਿਰਜਣਾਤਮਕ ਹੁਨਰ ਦਾ ਪ੍ਰਗਟਾਵਾ ਕੀਤਾ।
ਯੁਵਕ ਮੇਲੇ ਦੇ ਪਹਿਲੇ ਦਿਨ ਸ਼ਬਦ ਗਾਇਨ ਗਰੁੱਪ ਮੁਕਾਬਲਿਆਂ ਵਿੱਚ ਪਹਿਲਾ ਸਥਾਨ, ਕਾਲਜ ਆਫ਼ ਐਗਰੀਕਲਚਰ ਇੰਜੀਨੀਅਰਿੰਗ ਅਤੇ ਟੈਕਨਾਲੋਜੀ, ਦੂਜਾ ਸਥਾਨ ਕਾਲਜ ਆਫ ਕਮਿਊਨਿਟੀ ਸਾਇੰਸ ਅਤੇ ਤੀਜਾ ਸਥਾਨ ਕਾਲਜ ਆਫ਼ ਬੇਸਿਕ ਸਾਇੰਸ ਅਤੇ ਹਿਊਮੈਂਨਟੀਜ ਹਾਸਲ ਕੀਤਾ। ਇਸ ਤਰ੍ਹਾਂ ਸ਼ਬਦ ਗਾਇਨ ਸੋਲੋ ਮੁਕਾਬਲੇ ਵਿੱਚ ਗੁਰਵੀਰ ਸਿੰਘ, ਕਾਲਜ ਆਫ਼ ਐਗਰੀਕਲਚਰ ਇੰਜੀਨੀਅਰਿੰਗ ਨੇ ਪਹਿਲਾ ਸਥਾਨ, ਅਵਨੀਤ ਕੌਰ, ਕਾਲਜ ਆਫ਼ ਐਗਰੀਕਲਚਰ ਨੇ ਦੂਜਾ ਸਥਾਨ ਅਤੇ ਜਸ਼ਨਪ੍ਰੀਤ ਸਿੰਘ, ਕਾਲਜ ਆਫ਼ ਐਗਰੀਕਲਚਰ ਬੱਲੋਵਾਲ ਸੌਂਖੜੀ ਨੇ ਤੀਜਾ ਸਥਾਨ ਹਾਸਲ ਕੀਤਾ।
ਇਸ ਮੌਕੇ ਡਾ. ਚਰਨਜੀਤ ਸਿੰਘ ਔਲਖ, ਡੀਨ, ਖੇਤੀਬਾੜੀ ਕਾਲਜ, ਡਾ. ਕਿਰਨ ਬੈਂਸ, ਡੀਨ, ਕਾਲਜ ਆਫ ਕਮਿਊਨਿਟੀ ਸਾਇੰਸ; ਡਾ. ਆਰ.ਆਈ.ਐੱਸ. ਗਿੱਲ, ਡੀਨ, ਕਾਲਜ ਆਫ ਹਾਰਟੀਕਲਚਰ; ਡਾ. ਤੇਜਿੰਦਰ ਸਿੰਘ ਰਿਆੜ, ਅਸਟੇਟ ਅਫਸਰ; ਡਾ. ਯੋਗਿਤਾ ਸ਼ਰਮਾ, ਲਾਇਬ੍ਰੇਰੀਅਨ; ਡਾ. ਹਰਮੀਤ ਸਿੰਘ ਕਿੰਗਰਾ, ਪ੍ਰਧਾਨ, ਪੀ.ਏ.ਯੂ. ਟੀਚਰ ਐਸੋਸੀਏਸ਼ਨ, ਡਾ. ਅਮਨਦੀਪ ਸਿੰਘ ਬਰਾੜ, ਨਿਰਦੇਸ਼ਕ ਬੀਜ, ਡਾ. ਸੁਖਪ੍ਰੀਤ ਸਿੰਘ, ਸਕਿਓਰਟੀ ਅਫਸਰ, ਡਾ. ਰੁਪਿੰਦਰ ਕੌਰ ਤੂਰ, ਨਿਰਦੇਸ਼ਕ ਸਭਿਆਚਾਰਕ ਸਰਗਰਮੀਆਂ, ਡਾ. ਵਿਸ਼ਾਲ ਬੈਕਟਰ, ਵੱਖ-ਵੱਖ ਕਾਲਜਾਂ ਦੇ ਡੀ.ਡੀ.ਐਮ.ਸੀ ਪ੍ਰਧਾਨ, ਯੂਨੀਵਰਸਿਟੀ ਦੇ ਅਧਿਕਾਰੀ, ਅਧਿਆਪਕ ਸਹਿਬਾਨ ਅਤੇ ਯੂਨੀਵਰਸਿਟੀ ਕਰਮਚਾਰੀ ਹਾਜ਼ਰ ਸਨ।

