ਅਜਮੇਰ ਗਿੱਲ ਪੰਜਾਬੀ ਜ਼ਬਾਨ ਦਾ ਸਮਰੱਥ ਸ਼ਾਇਰ ਸੀ। ਉਸ ਕਮਾਲ ਦੀ ਗ਼ਜ਼ਲ ਤੇ ਆਜ਼ਾਦ ਨਜ਼ਮ ਲਿਖੀ। ਕੁੱਲ ਚਾਰ ਕਿਤਾਬਾਂ ਨੇ ਅਜਮੇਰ ਦੀਆਂ। ਪਹਿਲੀ “ਪੱਤਝੜ ਦੀ ਬੰਸਰੀ”ਤੇ ਦੂਸਰੀ “ਬਲ਼ਦੀਆਂ ਮਸ਼ਾਲਾਂ ਤੇ ਹਨ੍ਹੇਰੇ ” ਸੀ। ਤੀਸਰੀ “ਵਕਤ ਦੇ ਸਫ਼ੇ ਤੇ ” ਸੀ। ਚੌਥੀ ਕਿਤਾਬ ਦਾ ਖਰੜਾ ਤਿਆਰ ਕਰਕੇ ਉਹ ਬੀਮਾਰ ਹੋ ਗਿਆ। ਲੋਕ ਸਾਹਿੱਤ ਅਕਾਡਮੀ ਮੋਗਾ ਦੇ ਸਮਾਗਮ ਤੇ ਮੋਗਾ ਚ ਮਿਲਿਆ। ਮਹਿੰਦਰ ਸਾਥੀ ਸਮੇਤ। ਕਿਤਾਬ ਦੇ ਪ੍ਰਕਾਸ਼ਨ ਸਬੰਧੀ ਬਲਦੇਵ ਸਿੰਘ ਸੜਕਨਾਮਾ ਨੇ ਮੰਚ ਤੋਂ ਅਪੀਲ ਕੀਤੀ ਕਿ ਸਾਡੇ ਦੋਹਾਂ ਬੁਲੰਦ ਸ਼ਾਇਰਾਂ ਦੀਆਂ ਕਿਤਾਬਾਂ ਤਿਆਰ ਨੇ ਪਰ ਛਾਪਣ ਵਾਲਾ ਕੋਈ ਨਹੀਂ।
ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਹਿੰਮਤ ਕਰੇ। ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦਾ ਉਦੋਂ ਮੈਂ ਪ੍ਰਧਾਨ ਸਾਂ ਤੇ ਡਾ: ਸੁਖਦੇਵ ਸਿੰਘ ਸਿਰਸਾ ਜਨਰਲ ਸਕੱਤਰ। ਅਸਾਂ ਸਿਰ ਜੋੜਿਆ ਤੇ ਕਹਿ ਦਿੱਤਾ ਕਿ ਅਕਾਡਮੀ ਵੱਲੋਂ ਸਿਰਜਣਾਤਮਕ ਸਾਹਿੱਤ ਛਾਪਣ ਦੀ ਪਿਰਤ ਨਹੀਂ ਪਰ ਅਸੀਂ ਆਪਣੇ ਸੱਜਣ ਪਿਆਰਿਆਂ ਦੀ ਮਦਦ ਨਾਲ ਜ਼ਰੂਰ ਛਪਵਾ ਲਵਾਂਗੇ।
ਅਜਮੇਰ ਗਿੱਲ ਨੇ ਖਰੜਾ ਮੈਨੂੰ ਭੇਜ ਦਿੱਤਾ ਜੋ “ਮੇਰੇ ਸੂਰਜਮੁਖੀ”ਨਾਮ ਹੇਠ ਮੈਂ ਲੋਕ ਵਿਰਾਸਤ ਅਕਾਡਮੀ ਦੇ ਸਾਧਨਾਂ ਤੇ ਗੁਰਬਚਨ ਸਿੰਘ ਚਿੰਤਕ( ਟੋਰੰਟੋ)ਦੀ ਮਦਦ ਨਾਲ ਚੇਤਨਾ ਪ੍ਰਕਾਸ਼ਨ ਤੋਂ 2014 ਚ ਛਪਵਾ ਦਿੱਤਾ।
ਅਜਮੇਰ 14 ਜਨਵਰੀ 2012 ਨੂੰ ਸਾਨੂੰ ਸਦੀਵੀ ਅਲਵਿਦਾ ਕਹਿ ਗਿਆ। ਇੱਕ ਧੀ ਤੇ ਪੁੱਤਰ ਦਾ ਬਾਬਲ ਬੱਚਿਆਂ ਨੂੰ ਮਾਂ ਸਹਾਰੇ ਛੱਡ ਅਨੰਤ ਦੇਸ ਨੂੰ ਤੁਰ ਗਿਆ। ਦੁਖਦਾਈ ਪੱਖ ਇਹ ਰਿਹਾ ਕਿ ਅਜਮੇਰ ਆਪਣੀ ਇਹ ਗ਼ਜ਼ਲ ਪੁਸਤਕ ਛਪੇ ਰੂਪ ‘ਚ ਨਾ ਵੇਖ ਸਕਿਆ। ਪਹਿਲਾਂ ਹੀ ਸਦੀਵੀ ਅਲਵਿਦਾ ਕਹਿ ਗਿਆ। ਇਸ ਪੁਸਤਕ ਵਿੱਚ ਪੰਜਾਬੀ ਕਵੀ ਅਮਰ ਸੂਫੀ ਨੇ ਅਜਮੇਰ ਨਾਲ ਲੰਮੀ ਮੁਲਾਕਾਤ ਕਰਕੇ ਦਿੱਤੀ।
ਅਜਮੇਰ ਗਿੱਲ ਦਾ ਜਨਮ 23ਅਪਰੈਲ 1942 ਦਾ ਹੈ ਪਰ ਕਾਗ਼ਜ਼ਾਂ ਚ 1937 ਲਿਖਿਆ ਹੋਇਆ ਹੈ। ਮੋਗਾ ਜ਼ਿਲ੍ਹੇ ਦੇ ਪਿੰਡ ਝੰਡੇਵਾਲਾ ਚ ਉਹ ਸ: ਧੰਨਾ ਸਿੰਘ ਦੇ ਘਰ ਮਾਤਾ ਗੁਰਦਿਆਲ ਕੌਰ ਦੀ ਕੁੱਖੋਂ ਪੈਦਾ ਹੋਇਆ। ਪੰਜ ਭਰਾ ਤੇ ਦੋ ਭੈਣਾਂ ਸਨ ਉਸ ਦੀਆਂ। ਉਸ ਨੇ ਦੋ ਅਣਛਪੀਆਂ ਕਿਤਾਬਾਂ ਦਾ ਜ਼ਿਕਰ ਵੀ ਅਮਰ ਸੂਫ਼ੀ ਨਾਲ ਮੁਲਾਕਾਤ ਵਿੱਚ ਕੀਤਾ ਹੈ। 2012 ਵਿੱਚ ਅਜਮੇਰ ਨੂੰ ਨਾਲ ਲੈ ਕੇ ਅਮਰ ਸੂਫ਼ੀ ਮੇਗਿਉਂ ਆਇਆ ਤਾਂ ਅਸਾਂ ਡਾ. ਗੁਰਇਕਬਾਲ ਸਿੰਘ ਤੇ ਤ੍ਰੈਲੋਚਨ ਲੋਚੀ ਸਮੇਤ ਉਸ ਦਾ ਸੁਆਗਤ ਕੀਤਾ।
ਉਹ ਬਹੁਤ ਢਿੱਲੀ ਪੱਗ ਬੰਨ੍ਹਦਾ ਸੀ। ਕਿਤਾਬ ਲਈ ਉਸ ਦੀ ਪੱਗ ਪੂਣੀ ਕਰਵਾ ਕੇ ਓਥੇ ਹੀ ਅਮਰ ਸੂਫੀ ਨੇ ਚਿਣ ਚਿਣ ਕੇ ਬੰਨ੍ਹੀ। ਇਹ ਉਸ ਦਿਨ ਦੀ ਆਖਰੀ ਮਿਲਣੀ ਸੀ ਸਾਡੀ ਉਸ ਨਾਲ। ਕੱਲ੍ਹ ਸੁਪਨੇ ਵਿੱਚ ਆਇਆ ਤਾਂ ਦਿਲ ਕੀਤਾ ਕਿ ਤੁਹਾਨੂੰ ਵੀ ਮਿਲਾ ਦਿਆਂ। ਅਜਮੇਰ ਗਿੱਲ ਦੀਆਂ ਗ਼ਜ਼ਲਾਂ ਵਿੱਚ ਇੱਕ ਰੰਗ ਦੇ ਨਹੀਂ, ਸੈਆਂ ਰੰਗਾਂ ਦੇ ਸੂਰਜਮੁਖੀ ਖਿੜਦੇ ਨੇ। ਮੇਰੀ ਉਸ ਦੇ ਕਲਾਮ ਨਾਲ ਸਾਂਝ ਲਗਪਗ ਪੰਜ ਦਹਾਕੇ ਪੁਰਾਣੀ ਹੈ।
ਮੈਂ ਤੇ ਮੇਰੇ ਮਿੱਤਰ ਸ਼ਮਸ਼ੇਰ ਸਿੰਘ ਸੰਧੂ ਨੇ ਪਹਿਲੀ ਵਾਰ ਉਸ ਦੀ ਇੱਕ ਗ਼ਜ਼ਲ ਦੇ ਦੋ ਸ਼ਿਅਰ ਪੜ੍ਹੇ ਸਨ ਕਿਸੇ ਮੈਗਜ਼ੀਨ ਵਿੱਚ।
ਦੇਗਾਂ ‘ਚ ਗਏ ਉਬਾਲੇ, ਕੱਟੇ ਗਏ ਆਰਿਆਂ ਤੇ।
ਐਸੇ ਸਮੇਂ ਵੀ ਆਏ ਤੇਰੇ ਪਿਆਰਿਆਂ ਤੇ।
ਮੈਂ ਬਾਤ ਇਸ਼ਕ ਦੀ ਨੂੰ, ਅੱਗੇ ਤਾਂ ਤੋਰਦਾ ਪਰ,
ਇਹ ਤਾਂ ਸੀ ਮੁਨਹਸਰ ਤੇਰੇ ਹੁੰਗਾਰਿਆਂ ਤੇ।
ਇਸ ਤੋਂ ਬਾਅਦ ਅਸੀਂ ਉਸ ਦੀ ਰਚਨਾ ਦੇ ਮੁਰੀਦ ਹੋ ਗਏ। ਡਾ: ਜਗਤਾਰ ਵਰਗੀ ਪਰਪੱਕਤਾ ਹੈ ਅਜਮੇਰ ਦੇ ਕਲਾਮ ਵਿੱਚ। ਮੈਂ ਇਸ ਸ਼ਾਇਰ ਦੇ ਕਲਾਮ ਨੂੰ ਪੇਸ਼ ਕਰਦਿਆਂ ਖ਼ੁਦ ਨੂੰ ਵਡਭਾਗੀ ਮਹਿਸੂਸ ਕਰਦਾ ਹਾਂ। ਮੈਨੂੰ ਮਾਣ ਹੈ ਕਿ ਉਹ ਸਾਨੂੰ ਵੀ ਨਿੱਕੇ ਭਰਾ ਮੰਨਦਾ ਸੀ। ਪੇਸ਼ ਹਨ
ਚਾਹ ਗ਼ਜ਼ਲਾਂ ਅਜਮੇਰ ਗਿੱਲ ਦੀਆਂ
1.
ਇਹ ਨਹੀਂ ਵੇਸਵਾ ਚੁਬਾਰੇ ਦੀ।
ਜ਼ਿੰਦਗੀ ਚੋਟ ਹੈ ਨਗਾਰੇ ਦੀ।
ਹੈ ਮੁਲਾਕਾਤ ਅੱਜ ਤੂਫ਼ਾਨਾਂ ਨਾਲ,
ਕੋਈ ਜਲਦੀ ਨਹੀਂ ਕਿਨਾਰੇ ਦੀ।
ਮੈਂ ਨਜਿੱਠਾਂਗਾ ਹਰ ਚੁਣੌਤੀ ਨਾਲ,
ਮਿਹਰਬਾਨੀ ਤਿਰੇ ਹੁੰਗਾਰੇ ਦੀ।
ਉਸਨੇ ਸੂਰਜ ਨੂੰ ਕੀਤਾ ਜਦ ਸਿਜਦਾ,
ਨਬਜ਼ ਡੁੱਬੀ ਹਨ੍ਹੇਰ ਸਾਰੇ ਦੀ।
ਪਾਣੀ ਲੱਭਣਾ ਨਹੀਂ ਜ਼ਿਮੀਂ ਤੋਂ ਬਿਨਾਂ,
ਖ਼ਾਕ ਫ਼ੋਲੇਗਾ ਹਰ ਸਿਤਾਰੇ ਦੀ।
ਪੇਸ਼ ਆਈ ਸੱਚਾਈ ਦੀ ਸੂਰਤ,
ਫੂਕ ਨਿਕਲੀ ਜਦੋਂ ਗੁਬਾਰੇ ਦੀ।
ਯਾਦ ਸਤਰੰਗੀਆਂ ਨੂੰ ਔਂਦੀ ਹੈ,
ਤੇਰੀ ਬਾਹਾਂ ਦੇ ਉਸ ਹੁਲਾਰੇ ਦੀ।
2.
ਕਿਹੋ ਜਿਹੇ ਨੇ ਤੇਰੇ ਸ਼ਹਿਰ ਦੇ ਅਵਾਮ ਸਜਣ।
ਛੁਪਾਕੇ ਰੱਖਦੇ ਨੇ ਕਾਤਲ ਮਿਰੇ ਦਾ ਨਾਮ ਸਜਣ।
ਉਤਰਦੀ ਹੁਣ ਵੀ ਹੈ, ਪਰ ਪਹਿਲੀ ਤਰ੍ਹਾਂ ਸਹਿਜ ਨਹੀਂ,
ਡਰੀ ਡਰੀ ਹੈ ਬੜੀ, ਸਹਿਮੀ ਸਹਿਮੀ ਸ਼ਾਮ ਸਜਣ।
ਬੜਾ ਹੈ ਲੰਬਾ ਸਫ਼ਰ ਰਾਤ ਦੇ ਨੇ ਬਾਰਾਂ ਵਜੇ,
ਕਰੋ ਜਨਾਬ ਦਾ ਕੁਛ ਹੋਰ ਇੰਤਜ਼ਾਮ ਸਜਣ।
ਪੜਾਅ ਤਾਂ ਮੈਂ ਵੀ ਹਾਂ ਤੇਰਾ ਮਗਰ ਨਸੀਬ ਨਹੀਂ,
ਨਵੇਂ ਸਫ਼ਰ ਚ ਤਿਰਾ ਫਿਰ ਵੀ ਹਾਂ ਕਿਆਮ ਸਜਣ।
ਤਮਾਮ ਰਾਤ ਰਹੇ ਟੁੱਟਦਾ ਕੁਛ ਨਾ ਕੁਛ ਦਿਲ ‘ਚੋਂ,
ਤਿਰੇ ਬਿਨਾਂ ਵੀ ਜਿਵੇਂ ਨੀਂਦ ਹੈ ਹਰਾਮ ਸਜਣ।
ਕਿਹੋ ਜਿਹੀ ਤਿਰੇ ‘ਅਜਮੇਰ’ ਨੂੰ ਮਿਲੀ ਹਿਜਰਤ,
ਦਿਨੇ ਹੈ ਚੈਨ, ਤੇ ਨਾ ਹੈ ਰਾਤ ਨੂੰ ਆਰਾਮ ਸਜਣ।
3.
ਕੀਹ ਹੈਂ ਤੂੰ? ਰੂਪ, ਰੰਗ, ਮਹਿਕ ਹੈਂ ਜਾਂ ਚਾਨਣੀ।
ਔਖੀ ਬੜੀ ਹੋਈ ਤੇਰੀ ਸੂਰਤ ਪਛਾਨਣੀ।
ਸੋਨੇ ਦੀ ਇਸ ਬਹਾਰ ਚੋਂ ਖ਼ੁਸ਼ਬੂ ਨਾ ਮਿਲ ਸਕੀ,
ਤੇ ਖ਼ਾਕ ਇਸ ਜਹਾਨ ਦੀ ਵੱਖਰੀ ਹੈ ਛਾਨਣੀ।
ਏਥੇ ਤਾਂ ਅਪਣਾ ਆਪ ਹੀ ਵਿੱਛੜਦਾ ਜਾ ਰਿਹੈ,
ਐਵੇਂ ਕਿਸੇ ਕਿਹਾ ‘ਹੈਂ ਤੂੰ ਮੇਰੇ ਲਈ ਬਣੀ।’
ਬੱਦਲ ਬੜੇ ਮਿਲੇ ਮਗਰ ਧੂੰਏ ਦੇ ਨਿਕਲੇ,
ਬਰਸਾਤ ਦੀ ਲੱਭੀ ਕਿਤੋਂ ਨਾ ਇਕ ਵੀ ਕਣੀ।
ਇਹ ਸ਼ਖ਼ਸ ਕੁਛ ਨਾ ਕੁਛ ਸਦਾ ਰਹਿੰਦਾ ਹੈ ਬੋਲਦਾ,
ਇਸਦੀ ਤਾਂ ਅਪਣੇ-ਆਪ ਨਾ’ ਲੱਗਦੀ ਹੈ ਅਣਬਣੀ।
‘ਅਜਮੇਰ’ ਖ਼੍ਵਾਬ ਤੋੜਕੇ ਹੈ ਨੀਂਦ ਉੜ ਗਈ,
ਬਾਕੀ ਦੀ ਰਾਤ ਕਿਸ ਤਰ੍ਹਾਂ ਲੰਘੇਗੀ? ਆ ਬਣੀ।
4.
ਇਕ ਰੌਸ਼ਨੀ ਦੀ ਲੀਕ ਸੀ, ਜਾਂ ਕਿ ਸੀ ਫਿਰ ਖ਼ੁਦਾ।
ਸਾਨੂੰ ਜੋ ਕਹਿਕੇ ਤੁਰ ਗਿਐ, ਇਕ ਸ਼ਖ਼ਸ ਅਲਵਿਦਾ।
ਘਰ ਘਰ ਚ ਉਸਦੀ ਲਟਕਦੀ ਤਸਵੀਰ ਵੇਖ ਨਾ,
ਕੱਲ੍ਹ ਜਿਸ ਨੂੰ ਛੁਪਣ ਦੇ ਲਈ ਮਿਲਦੀ ਨਾ ਸੀ ਜਗ੍ਹਾ।
ਹਰ ਕੋਈ ਆਪਣਾ ਕਹਿਣ ਦਾ ਅੱਜ ਦੰਭ ਪਾਲਦੈ,
ਕਿਸ ਕਿਸ ਦਾ ਦੋਸਤ ਉਹ ਸੀ, ਜ਼ਰਾ ਗੱਲ ਹੈ ਜੁਦਾ।
ਦਰਿਆ ਥਲਾਂ ‘ਚ ਸੁੱਕ ਗਏ, ਸਾਗਰ ਬੜਾ ਹੈ ਦੂਰ,
ਬੇੜੀ ਤੁਰੇ ਅਗਾਂਹ ਕਿਵੇਂ? ਮਾਂਝੀ ਹੈ ਸੋਚਦਾ।
ਰਿਸ਼ਤਾ ਬਚਾਉਣ ਵਾਸਤੇ ਚਾਹੀਦੀ ਹੈ ਉਮਰ,
ਸ਼ੀਸ਼ਾ ਹੈ ਇਸਨੂੰ ਟੁੱਟਦੇ ਨਾ ਵਕਤ ਲੱਗਦਾ।
ਕਿਹੜਾ ਖਿਡੌਣਾ ਮੰਗਦੈ ਲਗਦਾ ਨਹੀਂ ਪਤਾ,
ਸੀਨੇ ਚ ਬੱਚੇ ਵਾਂਗ ਹੈ ਇਕ ਦਰਦ ਵਿਲਕਦਾ।
ਮੇਲਾ ਲਗਾ ਕੇ ਬੈਠੀਆਂ ਬਰਬਾਦੀਆਂ ਘਰੇ,
ਦਰਸ਼ਕ ਦੇ ਵਾਂਗ ਮੈਂ ਵੀ ਹਾਂ ਉਨ੍ਹਾਂ ਨੂੰ ਵੇਖਦਾ।
ਸਭ ਖੇਰੂੰ ਖੇਰੂੰ ਹੋ ਗਿਆ, ਸੀ ਮੇਰਾ ਤਨ ਬਦਨ,
ਪਰਿਵਾਰ ਬਾਰੇ ਮੈਂ ਵੀ ਹਾਂ ਮਾਂ ਵਾਂਗ ਸੋਚਦਾ।
🔴
▪️ਗੁਰਭਜਨ ਗਿੱਲ
