ਸਿਤਾਰ ਪੋਟਿਆਂ ਨਾਲ ਨਹੀਂ,
ਆਂਦਰਾਂ ਦੇ ਸਾਥ ਨਾਲ ਵੱਜਦੀ ਹੈ ।
ਸੁਰ ਲਹਿਰੀਏ ਸਿਰਜਦੀ ਕੰਪਨ,
ਰੂਹ ਦਾ ਰਾਗ ਅਲਾਪਦੀ ।
ਕਣ ਕਣ ਵਿਸਮਾਦ ਘੋਲਦੀ ।
ਬ੍ਰਹਿਮੰਡ ਦੇ ਕੰਨ ਜਾਗਦੇ,
ਬਿਰਖ਼ ਝੂਮਦੇ ਸਰੋਤਿਆਂ ਹਾਰ ।
ਨੇਤਰ ਨਮ ਹੁੰਦੇ ਵੇਖੇ ਨੇ ਮੈਂ ।
ਤਾਰਾਂ ਕੋਲ,
ਆਂਦਰਾਂ ਜਿੰਨਾ ਦਰਦ ਹੁੰਦਾ ਹੈ ।
ਕਦੇ ਨਾ ਅੱਕਦੀਆਂ ।
ਕਦੇ ਨਾ ਥੱਕਦੀਆਂ ।
ਲੋਕਾਂ ਭਾਣੇ ਗਾਉਂਦੀਆਂ ।
ਉਹ ਤਾਂ ਦਰਦ ਸੁਣਾਉਂਦੀਆਂ ।
ਹੌਕਿਆਂ ਨੂੰ ਜੀਭ ਲਾਉਂਦੀਆਂ ।
ਅਣਕਿਹਾ ਸੁਣਾਉਂਦੀਆਂ !
ਬਹੁਤ ਕੁਝ ਸਮਝਾਉਂਦੀਆਂ ।
ਦਿਲ ਦੇ ਬਹੁਤ ਕਰੀਬ ਹੁੰਦਾ ਹੈ,
ਤਰਲ ਜਿਹਾ ਦਰਦ-ਨਿਵਾਸ ।
ਪਾਰੇ ਵਾਂਗ ਡੋਲਦਾ,
ਤਾਰਾਂ ਦੀ ਕੰਬਣੀ ਜਿਹਾ ਰਾਗਵੰਤਾ ।
ਤੁਸੀਂ ਕਦੇ ਝੀਲ ਦੇ
ਟਿਕੇ ਪਾਣੀਆਂ ਦੀ ਹਿੱਕ ਤੇ
ਠੀਕਰੀ ਕਾਤਰੀ ਵਾਂਗ ਚਲਾਈ ਹੈ ।
ਸ਼ਾਇਦ ਨਹੀਂ!
ਜੇ ਚਲਾਈ ਹੁੰਦੀ ਤਾਂ
ਨਿੱਤਰੇ ਪਾਣੀਆਂ ਤੇ,
ਨੱਚਦੀਆਂ ਸ੍ਵਰ ਲਹਿਰੀਆਂ ਨੂੰ,
ਤੁਸੀਂ ਝੱਟ ਪਛਾਣ ਲੈਣਾ ਸੀ ।
ਕਿ ਇਹ ਬਚਪਨ ਵੇਲੇ,
ਸਿਤਾਰ ਤੋਂ ਨਿੱਖੜੀਆਂ
ਜੌੜੀਆਂ ਭੈਣਾਂ ਨੇ ।
ਇੱਕੋ ਜਹੇ ਸੁਭਾਅ ਵਾਲੀਆਂ,
ਤਰਲ ਚੰਚਲ ਤਰਬਜ਼ਾਦੀਆਂ ।
ਮੈਨੂੰ ਸਿਤਾਰ ਵਾਦਨ ਸੁਣਨਾ,
ਬਹੁਤ ਚੰਗਾ ਲੱਗਦਾ ਹੈ ।
ਮੇਰੀਆਂ ਆਂਦਰਾਂ ਨਾਲ ਇਸ ਦਾ,
ਆਦਿ ਜੁਗਾਦੀ ਰਿਸ਼ਤਾ ਜਾਪਦਾ ਹੈ ।
ਮੇਰੇ ਲਈ ਸਿਤਾਰ
ਸਾਜ਼ ਨਹੀਂ,
ਧਰਤੀ ਦਾ ਰੂਹ ਵਾਦਨ ਹੈ ।
ਇਸ ’ਚ ਸ਼ਾਮਿਲ ਨੇ
ਮੇਰੀਆਂ ਤੇਰੀਆਂ,
ਸਭ ਦੀਆਂ ਆਂਦਰਾਂ ਦੀਆਂ ਡੋਰਾਂ ।
ਜੇ ਤੁਹਾਡੀ
ਆਂਦਰਾਂ ਦੀ ਡੋਰ ਜਿਉਂਦੀ ਹੈ,
ਤਾਂ ਤੁਸੀਂ ਸਿਤਾਰ ਨੂੰ,
ਸੁਣਨ ਲਈ ਬੈਠ ਜਾਵੋ ।
ਨਹੀਂ ਤਾਂ ਵਕਤ ਜ਼ਾਇਆ ਨਾ ਕਰੋ ।
ਆਪਣੇ ਜਿਸਮ ’ਚੋਂ ਨਿਕਲੋ!
ਇਹ ਸਾਜ਼
ਮੇਲੇ ਦੀ ਭੀੜ ’ਚ ਨਹੀਂ ਵੱਜਦਾ ।
ਖ਼ੁਦ ’ਚੋਂ ਸ਼ੋਰ ਖਾਰਜ ਕਰਕੇ
ਸੁਣਿਆ ਜਾਂਦਾ ਹੈ ਪਿਆਰਿਉ ।
▪️ਗੁਰਭਜਨ ਗਿੱਲ

