ਇੱਕ ਘਾਗ ਦਾਰੂਦਾਸੀਏ ਨੂੰ ਮੈਂ ਕਿਹਾ, “ਮਰ ਜਾਵੇਂਗਾ, ਨਾ ਪੀਆ ਕਰ”।
ਉਸ ਕਿਹਾ, “ਅਸੀਂ ਕਿਹੜਾ ਸੁਖ ਨੂੰ ਪੀਵੇ ਆਂ?
ਸ਼ਾਮ ਨੂੰ ਜਦ ਸੂਰਜ ਡੁੱਬਦਾ ਹੈ ਤਾਂ ਸਾਥੋਂ ਜਰਿਆ ਨਹੀਂ ਜਾਂਦਾ। ਇਹੀ ਸੋਚ ਕੇ ਪੀ ਲੈਂਦੇ ਆਂ ਕਿ “ਵਿਚਾਰੇ ਦੀ ਕਿੰਨੀ ਚੜ੍ਹਤ ਸੀ”,ਜੇ ਇਹ ਡੁੱਬ ਗਿਆ, ਤਾਂ ਅਸੀਂ ਕਿਹੜੇ ਬਾਗ਼ ਦੀ ਮੂਲ਼ੀ ਆਂ” ਇਹੀ ਸੋਚ ਕੇ ਪੀ ਲੈਦੇ ਆਂ।
ਤੈਨੂੰ ਸਾਡੇ ਦੁੱਖਾਂ ਦੀ ਕੀ ਸਾਰ?
ਇਹ ਗੀਤ ਡੁੱਬਦੇ ਸੂਰਜ ਲਈ ਫ਼ਿਕਰਮੰਦ ਲੋਕਾਂ ਲਈ ਮੈਂ ਸਾਲ 2001 ਵਿੱਚ ਲਿਖਿਆ ਸੀ ਜੋ ਮੇਰੇ ਪਲੇਠੇ ਗੀਤ ਸੰਗ੍ਰਹਿ “ਫੁੱਲਾਂ ਦੀ ਝਾਂਜਰ” ਵਿੱਚ ਸ਼ਾਮਲ ਹੈ।
ਸੁਣ ਲਉ ਕੁੜੀਓ ਮੇਰਾ ਮਾਹੀ
ਸੁਣ ਲਉ ਕੁੜੀਓ ਮੇਰਾ ਮਾਹੀ,
ਆਖਾਂ ਜਿਸਨੂੰ ਢੋਲ ਸਿਪਾਹੀ,
ਰੋਜ਼ ਰਾਤ ਨੂੰ ਦਾਰੂ ਪੀ ਕੇ,
ਆਵੇ ਪੂਰਾ ਰੱਜਿਆ।
ਨੀ ਰਾਹੀਂ ਲੜਦੇ ਦਾ,
ਮੂੰਹ ਪਾਵੇ ਨਾਲ ਵੱਜਿਆ।
ਬਣਿਆ ਫਿਰਦੈ ਬਾਗ ਦਾ ਮਾਲੀ।
ਸੜ ਚੱਲੀ ਵਿਹੜੇ ਦੀ ਡਾਲੀ।
ਪਾਣੀ ਤੋਂ ਬਿਨ ਸੁੱਕੀਆਂ ਵੇਲਾਂ,
ਕਿੰਨਾ ਚਿਰ ਰਹਿੰਦੀ ਹਰਿਆਲੀ।
ਖ਼ੌਰੇ ਕਿਥੇ ਵਰ੍ਹਦੇ ਬੱਦਲ,
ਏਥੇ ਤਾਂ ਬੱਸ ਗੱਜਿਆ।
ਨੀ ਰਾਤੀਂ ਲੜਦੇ ਦਾ,
ਮੂੰਹ ਪਾਵੇ ਨਾਲ ਵੱਜਿਆ।
ਕੰਮ ਕਾਰ ਨੂੰ ਹੱਥ ਨਾ ਲਾਵੇ।
ਵਿਹਲਾ ਬੈਠਾ ਰੋਅਬ ਜਮਾਵੇ।
ਜੇ ਕਿਧਰੇ ਮੈਂ ਬੋਲ ਪਵਾਂ ਤਾਂ,
ਸਿੱਧਾ ਮੇਰੇ ਸਿਰ ਨੂੰ ਆਵੇ।
ਇਹੋ ਜਹੇ ਨੂੰ ਕੀ ਆਖਾਂ
ਜਿਸ ਘੋਲ ਕੇ ਪੀ ਲਈ ਲੱਜਿਆ।
ਨੀ ਰਾਹੀਂ ਲੜਦੇ ਦਾ,
ਮੂੰਹ ਪਾਵੇ ਨਾਲ ਵੱਜਿਆ।
ਮੇਰੇ ਤਨ ਤੇ ਪਾਟੀਆਂ ਲੀਰਾਂ।
ਘਰ ਵਿਚ ਤੰਗੀ ਹਾਲ ਫ਼ਕੀਰਾਂ।
ਦਿਲ ਦਾ ਹਾਲ ਸੁਣਾਵਾਂ ਕਿਸ ਨੂੰ,
ਵਿੰਨਿਆ ਮੈਨੂੰ ਇਸ ਦੇ ਤੀਰਾਂ।
ਇਹ ਵੀ ਦੋਸ਼ ਦਿਆਂ ਮੈਂ ਖ਼ੁਦ ਨੂੰ,
ਜਿਹੜਾ ਇਸਨੂੰ ਕੱਜਿਆ।
ਨੀ ਰਾਤੀਂ ਲੜਦੇ ਦਾ,
ਮੂੰਹ ਪਾਵੇ ਨਾਲ ਵੱਜਿਆ।
ਫਿਰਨ ਵਿਲਕਦੇ ਬਾਲ ਨਿਆਣੇ।
ਕਿੱਦਾਂ ਪਲਦੇ ਇਹ ਕੀ ਜਾਣੇ?
ਖ਼ੌਰੇ ਕਿਸ ਦੁਨੀਆਂ ਵਿਚ ਰਹਿੰਦੈ,
ਇਹਦੀਆਂ ਬਾਤਾਂ ਇਹ ਹੀ ਜਾਣੇ।
ਵੇਖ ਸ਼ਰਾਬੀ ਟੋਲਾ ਜਾਵੇ,
ਵਾਹੋ ਦਾਹੀ ਭੱਜਿਆ।
ਨੀ ਰਾਤੀਂ ਲੜਦੇ ਦਾ,
ਮੂੰਹ ਪਾਵੇ ਨਾਲ ਵੱਜਿਆ।
◾️ਗੁਰਭਜਨ ਗਿੱਲ
