ਹੌਕਿਆਂ ਭਰੀ ਏ ਰਾਤ, ਤੇ ਦਰਦਾਂ ਦੀ ਸੌਗਾਤ,
ਭੈਣ ਦੇ ਗੁੱਟਾਂ ਤੋਂ ਟੁੱਟਦੇ ਚੂੜੇ ਤੇ ਕਲੀਰੇ ਦੇਖ ਕੇ।
ਵਗਦਾ ਜਾਵੇ ਨੀਰ, ਮਾਪਿਆਂ ਦੀਆਂ ਅੱਖਾਂ ਵਿੱਚੋਂ,
ਧੀ ਦੀ ਉੱਜੜੀ ਹੋਈ ਤਕਦੀਰ ਦੇਖ ਕੇ।
ਭੈਣ ਨੂੰ ਪੱਥਰ ਹੋਈ ਦੇਖ, ਵੀਰ ਦਾ ਸੀਨਾ ਜਾਵੇ ਚੀਰ,
ਧੀ ਦੀਆਂ ਖੁਸ਼ੀਆਂ ਦੀ ਖ਼ੈਰ, ਨਿੱਤ ਮੰਗਦਾ ਰਿਹਾ ਪੀਰ।
ਦੇਖ ਭੈਣ ਦੇ ਹੰਝੂਆਂ ਵੱਲ, ਘੁੱਟ ਸਬਰ ਦਾ ਭਰਦਾ ਵੀਰ,
ਪਰ ਮਾਪਿਆਂ ਤੋਂ ਦੇਖੀ ਜਾਵੇ ਨਾ, ਮਾਸੂਮ ਦੀ ਇਹ ਪੀੜ।
ਧੀ ਦੀ ਮੁਸਕਾਨ ਦੇਖਣ ਨੂੰ, ਮਾਪਿਆਂ ਦਾ ਤਰਸੇ ਜੀਅ,
ਅੰਦਰੋਂ-ਅੰਦਰੀਂ ਰੋ ਪੈਂਦੇ, ਪਰ ਹੰਝੂ ਪੀ ਜਾਂਦੀ ਧੀ।
ਛੋਟੀ ਉਮਰੇ ਲੱਗਿਆ ਠੇਡਾ, ਬਦਲ ਗਿਆ ਸਭ ਤਕਦੀਰ,
ਚਾਅ, ਸੱਧਰਾਂ ਮੁੱਕ ਗਏ ਸਭ, ਬਸ ਦੁੱਖ ਰਹਿ ਗਏ ਅਖੀਰ।
ਬੋਲ ਹਾਸਿਆਂ ਦੇ ਮੁੱਕ ਗਏ, ਬੁੱਲ੍ਹਾਂ ‘ਤੇ ਜਿੰਦਰੇ ਲੱਗ ਗਏ,
ਹੁਣ ਹਉਕੇ ਹੀ ਬਣ ਗਏ ਨੇ ਉਸਦੀ ਨਵੀਂ ਜਾਗੀਰ।
ਕਦੇ ਚਾਵਾਂ ਨਾਲ ਸਜਾਈ ਸੀ ਜੋ ਡੋਲੀ ਮਾਪਿਆਂ ਨੇ,
ਅੱਜ ਹੰਝੂਆਂ ਦੇ ਵਿੱਚ ਵਹਿ ਗਈ ਓਹ ਸੁੰਦਰ ਤਸਵੀਰ।
ਰੱਬਾ ਐਸਾ ਇਮਤਿਹਾਨ ਨਾ ਲਵੀਂ ਕਿਸੇ ਮਾਪੇ ਦਾ,
ਜਿਸ ਦੇ ਚਾਨਣ ਮੁਨਾਰੇ ਨੂੰ ਦੁੱਖਾਂ ਦੇ ਬੱਦਲ ਘੇਰੇ।
ਜਿਹੜੇ ਵਿਹੜੇ ਵਿੱਚ ਗੂੰਜਦੇ ਸੀ ਕਦੇ ਹਾਸੇ ਧੀ ਦੇ,
ਅੱਜ ਉੱਥੇ ਛਾਈ ਏ ਖਾਮੋਸ਼ੀ ਚਾਰ ਚੁਫੇਰੇ।
ਪਰਮਬੀਰ ਕੌਰ ਰਿਆੜ
