“ਜਿਨ ਭੈ ਬਾਣੀ ਅਦਬ ਨ ਧਾਰਾ ।।
ਜਾਣਹੁ ਸੋ ਸਿਖੁ ਨਹੀ ਹਮਾਰਾ।।
ਜੋ ਸਿਖੁ ਗੁਰਬਾਣੀ ਭੈ ਕਰੇ।।
ਬਿਨੁ ਪ੍ਰਿਯਾਸ ਭਵ ਸਾਗਰ ਤਰੇ।।”
ਇਹ ਪਵਿੱਤਰ ਬਚਨ ਸਾਨੂੰ ਗੁਰਬਾਣੀ ਦੀ ਮਹਾਨਤਾ ਅਤੇ ਉਸਦੀ ਅਦਬ-ਸਤਿਕਾਰ ਦੀ ਮਹੱਤਤਾ ਬਾਰੇ ਸੂਚਿਤ ਕਰਦੇ ਹਨ। ਗੁਰਬਾਣੀ ਸਿਰਫ਼ ਧਾਰਮਿਕ ਗ੍ਰੰਥ ਨਹੀਂ, ਸਗੋਂ ਮਨੁੱਖਤਾ ਨੂੰ ਸਹੀ ਮਾਰਗ ਦਿਖਾਉਣ ਵਾਲਾ ਜੀਵਨ ਦਰਸ਼ਨ ਹੈ।
ਪੰਜਾਬ ਇੱਕ ਅਜਿਹੀ ਪਵਿੱਤਰ ਧਰਤੀ ਹੈ ਜਿਸਦੀ ਪਛਾਣ ਸਿਰਫ਼ ਇੱਕ ਭੂਗੋਲਿਕ ਖਿੱਤੇ ਵਜੋਂ ਨਹੀਂ, ਸਗੋਂ ਇੱਕ ਆਤਮਿਕ ਅਹਿਸਾਸ ਵਜੋਂ ਹੁੰਦੀ ਹੈ। ਇਹ ਧਰਤੀ ਗੁਰੂਆਂ-ਪੀਰਾਂ, ਸ਼ਹੀਦਾਂ ਅਤੇ ਮਹਾਨ ਯੋਧਿਆਂ ਦੀ ਧਰਤੀ ਰਹੀ ਹੈ। ਇਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਦੇ ਗੁਰੂ ਸਾਹਿਬਾਨ ਨੇ ਮਨੁੱਖਤਾ ਲਈ ਅਪਾਰ ਕੁਰਬਾਨੀਆਂ ਦਿੱਤੀਆਂ ਅਤੇ ਸੱਚ, ਧਰਮ ਅਤੇ ਇਨਸਾਨੀਅਤ ਦਾ ਰਾਹ ਦਿਖਾਇਆ।
ਗੁਰਬਾਣੀ ਦਾ ਕੇਂਦਰੀ ਸੁਨੇਹਾ “ਸਰਬੱਤ ਦਾ ਭਲਾ”, ਆਪਸੀ ਪ੍ਰੇਮ, ਨਿਮਰਤਾ ਅਤੇ ਅਮਨ-ਸ਼ਾਂਤੀ ਹੈ। ‘ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥’ (ਅੰਗ 982) ਅਨੁਸਾਰ ਗੁਰਬਾਣੀ ਨੂੰ ਹੀ ਗੁਰੂ ਦਾ ਦਰਜਾ ਦਿੱਤਾ ਗਿਆ ਹੈ। ਗੁਰੂ ਸਾਹਿਬਾਨ ਨੇ ਮਨੁੱਖਤਾ ਨੂੰ ਨਾਮ ਜਪਣ, ਕਿਰਤ ਕਰਨ ਅਤੇ ਵੰਡ ਛਕਣ ਦਾ ਮਾਰਗ ਦੱਸਿਆ, ਜੋ ਅੱਜ ਵੀ ਉਤਨਾ ਹੀ ਮਹੱਤਵਪੂਰਨ ਹੈ।
ਇਤਿਹਾਸ ਗਵਾਹ ਹੈ ਕਿ ਪੰਜਾਬ ਦੇ ਲੋਕਾਂ ਨੇ ਹਰ ਮੁਸ਼ਕਲ ਸਮੇਂ ਵਿੱਚ ਦੇਸ਼ ਲਈ ਅੱਗੇ ਆ ਕੇ ਮੋਹਰੀ ਭੂਮਿਕਾ ਨਿਭਾਈ ਹੈ। ਚਾਹੇ ਖੇਤੀਬਾੜੀ ਰਾਹੀਂ ਦੇਸ਼ ਦੇ ਅੰਨ ਭੰਡਾਰ ਭਰਨ ਦੀ ਗੱਲ ਹੋਵੇ ਜਾਂ ਸਰਹੱਦਾਂ ’ਤੇ ਦੇਸ਼ ਦੀ ਰੱਖਿਆ ਲਈ ਆਪਣੀ ਜਾਨ ਨਿਛਾਵਰ ਕਰਨ ਦੀ। ਸ਼ਹੀਦ ਭਗਤ ਸਿੰਘ,ਊਧਮ ਸਿੰਘ ਅਤੇ ਕਰਤਾਰ ਸਿੰਘ ਸਰਾਭਾ ਵਰਗੇ ਮਹਾਨ ਵਿਅਕਤੀਆਂ ਨੇ ਪੰਜਾਬ ਦੀ ਸ਼ਾਨ ਨੂੰ ਚਾਰ ਚੰਦ ਲਗਾਏ।
ਪਰ ਅਫਸੋਸ ਦੀ ਗੱਲ ਹੈ ਕਿ ਪਿਛਲੇ ਦਹਾਕੇ ਦੌਰਾਨ ਪੰਜਾਬ ਵਿੱਚ ਗੁਰਬਾਣੀ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਹਨ। ਇਹ ਘਟਨਾਵਾਂ ਸਿਰਫ਼ ਸਿੱਖ ਧਰਮ ਹੀ ਨਹੀਂ, ਸਗੋਂ ਪੂਰੀ ਮਨੁੱਖਤਾ ਲਈ ਚਿੰਤਾ ਦਾ ਵਿਸ਼ਾ ਹਨ। ਇਸ ਤੋਂ ਇਲਾਵਾ, ਇਨਸਾਫ਼ ਦੀ ਮੰਗ ਕਰਨ ਵਾਲੀਆਂ ਸੰਗਤਾਂ ’ਤੇ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਹੋਈਆਂ ਕਾਰਵਾਈਆਂ ਨੇ ਸਮਾਜ ਵਿੱਚ ਹੋਰ ਵੀ ਨਿਰਾਸ਼ਾ ਅਤੇ ਅਵਿਸ਼ਵਾਸ ਪੈਦਾ ਕੀਤਾ ਹੈ। ਨਾਨਕ ਨਾਮ ਲੇਵਾ ਸਿੱਖ ਸੰਗਤਾਂ, ਸੰਤ ਮਹਾਪੁਰਸ਼ਾ, ਸਿੱਖ ਸੰਸਥਾਵਾਂ ਵੱਲੋਂ ਲੰਮੇ ਸਮੇਂ ਤੋਂ ਇਹਨਾਂ ਮੰਦਭਾਗੀਆਂ ਘਟਨਾਵਾਂ ਖ਼ਿਲਾਫ਼ ਇੱਕ ਸਖ਼ਤ ਕਨੂੰਨ ਲਿਆਉਣ ਦੀ ਮੰਗ ਕੀਤੀ ਜਾ ਰਹੀ ਸੀ, ਕਿਉਕਿ “ਬੀਤੇ ਸਮੇਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਹੋਰ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ, ਜਿਸ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਗਹਿਰੀ ਠੇਸ ਪਹੁੰਚੀ ਹੈ ਅਤੇ ਸਮਾਜ ਵਿੱਚ ਬੇਚੈਨੀ ਦਾ ਮਾਹੌਲ ਪੈਦਾ ਹੋਇਆ ਹੈ।” ਭਾਵੇਂ ਕਿ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 298, 299 ਅਤੇ 300 ਅਜਿਹੇ ਮਾਮਲਿਆਂ ਨਾਲ ਨਿਪਟਦੀਆਂ ਹਨ, ਪਰ ਇਹ ਧਾਰਾਵਾਂ ਅਜਿਹੇ ਗੰਭੀਰ ਅਪਰਾਧਾਂ ਲਈ ਢੁਕਵੀਆਂ ਅਤੇ ਸਖ਼ਤ ਸਜ਼ਾਵਾਂ ਦੀ ਪੂਰੀ ਵਿਵਸਥਾ ਨਹੀਂ ਕਰਦੀਆਂ।
ਇਸ ਪ੍ਰਸੰਗ ਵਿੱਚ, ਵਿਆਪਕ ਵਿਚਾਰ-ਵਟਾਂਦਰੇ ਤੋਂ ਬਾਅਦ ਸਰਕਾਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰਤਾ ਦੀ ਰਾਖੀ ਯਕੀਨੀ ਬਣਾਉਣ ਅਤੇ ਸਮਾਜ ਵਿੱਚ ਆਪਸੀ ਸਤਿਕਾਰ, ਭਾਈਚਾਰਕ ਸਾਂਝ ਅਤੇ ਫਿਰਕੂ ਸਦਭਾਵਨਾ ਨੂੰ ਮਜ਼ਬੂਤ ਕਰਨ ਲਈ ਢੁਕਵੇਂ ਕਦਮ ਚੁੱਕੇ ਗਏ ਹਨ। “ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿੱਲ-2026” ਰਾਹੀਂ ਬੇਅਦਬੀ ਲਈ ਦੋਸ਼ੀ ਪਾਏ ਜਾਣ ਵਾਲਿਆਂ ਲਈ ਉਮਰ ਕੈਦ ਸਮੇਤ ਸਖ਼ਤ ਸਜ਼ਾਵਾਂ ਦੀ ਵਿਵਸਥਾ ਕੀਤੀ ਗਈ ਹੈ।
ਇਹ ਕਾਨੂੰਨ ਨਾ ਸਿਰਫ਼ ਬਦਨੀਅਤ ਤੱਤਾਂ ਵਿਰੁੱਧ ਸਖ਼ਤੀ ਨਾਲ ਨਿਪਟਣ ਵਿੱਚ ਮਦਦਗਾਰ ਹੋਵੇਗਾ, ਸਗੋਂ ਸਮਾਜ ਵਿੱਚ ਅਮਨ-ਸ਼ਾਂਤੀ ਅਤੇ ਸਦਭਾਵਨਾ ਨੂੰ ਮਜ਼ਬੂਤ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਏਗਾ।
ਅੰਤ ਵਿੱਚ, ‘ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ’ ਦੇ ਫ਼ਲਸਫੇ ਅਨੁਸਾਰ ਸਾਨੂੰ ਬਾਣੀ ਤੋਂ ਸੇਧ ਲੈਣੀ ਚਾਹੀਦੀ ਹੈ। ਪੰਜਾਬ ਦੀ ਅਸਲ ਪਛਾਣ ਗੁਰੂ ਸਾਹਿਬਾਨ ਦੇ ਫਲਸਫੇ ਵਿੱਚ ਵਸਦੀ ਹੈ। ਜੇ ਅਸੀਂ ਗੁਰਬਾਣੀ ਦੇ ਮਾਰਗ ’ਤੇ ਚੱਲੀਏ, ਆਪਸੀ ਪ੍ਰੇਮ ਅਤੇ ਸਤਿਕਾਰ ਨੂੰ ਵਧਾਈਏ ਅਤੇ “ਸਰਬੱਤ ਦਾ ਭਲਾ” ਨੂੰ ਆਪਣੀ ਜ਼ਿੰਦਗੀ ਦਾ ਮਕਸਦ ਬਣਾਈਏ, ਤਾਂ ਅਸੀਂ ਇੱਕ ਸ਼ਾਂਤਮਈ, ਸੁਖੀ ਅਤੇ ਸਮਰੱਥ ਸਮਾਜ ਦੀ ਸਥਾਪਨਾ ਕਰ ਸਕਦੇ ਹਾਂ ਅਤੇ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਮੰਦਭਾਗੀਆਂ ਘਟਨਾਵਾਂ ਤੋਂ ਬਚ ਸਕਦੇ ਹਾਂ।

*ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ*
