ਸਤਿਸੰਗ ਤੁਹਾਡੇ ਮਨ ਅਤੇ ਭਾਵਨਾਵਾਂ ਨੂੰ ਮਜ਼ਬੂਤ ਕਰਦਾ ਹੈ।
ਆਓ ਕਬੀਰ ਜੀ ਦੇ ਦਰਸਾਏ ਮਾਰਗ ਤੇ ਚੱਲ ਕੇ ਆਪਣਾ ਜੀਵਨ ਸਫਲ ਕਰੀਏ।
ਕਬੀਰਦਾਸ ਜਯੰਤੀ 22 ਜੂਨ 2024 ਨੂੰ ਮਨਾਈ ਜਾ ਰਹੀ ਹੈ। ਕਬੀਰ ਜੀ ਦਾ ਜਨਮ 1398 ਈਸਵੀ ਵਿੱਚ ਜੇਠ ਮਹੀਨੇ ਦੀ ਸ਼ੁਕਲ ਪੱਖ ਦੀ ਪੂਰਨਮਾਸ਼ੀ ਨੂੰ ਕਾਸ਼ੀ ਵਿੱਚ ਹੋਇਆ ਸੀ। ਇਸ ਦਿਨ ਸੰਤ ਕਬੀਰਦਾਸ ਦੇ ਪੈਰੋਕਾਰ ਉਨ੍ਹਾਂ ਨੂੰ ਯਾਦ ਕਰਦੇ ਹਨ ਅਤੇ ਉਨ੍ਹਾਂ ਦੇ ਕਿੱਸੇ ਅਤੇ ਦੋਹੇ ਸੁਣਾਉਂਦੇ ਹਨ। ਇਸ ਸਾਲ ਭਾਵ 2024 ਵਿੱਚ ਸੰਤ ਕਬੀਰਦਾਸ ਦਾ 627ਵਾਂ ਜਨਮ ਦਿਨ ਮਨਾਇਆ ਜਾਵੇਗਾ।
ਕਬੀਰਦਾਸ ਜੀ ਭਗਤੀਕਾਲ ਦੇ ਮੁੱਖ ਕਵੀ ਸਨ ਇਸ ਲਈ ਉਨ੍ਹਾਂ ਦੇ ਜਨਮ ਦਿਹਾੜੇ ‘ਤੇ ਸੰਤ ਕਬੀਰ ਦੀ ਯਾਦ ‘ਚ ਕਈ ਪ੍ਰੋਗਰਾਮ ਕਰਵਾਏ ਜਾਂਦੇ ਹਨ। ਉਹਨਾਂ ਦੀਆਂ ਲਿਖਤਾਂ ਪੜ੍ਹੀਆਂ ਜਾਂਦੀਆਂ ਹਨ। ਕਿਹਾ ਜਾਂਦਾ ਹੈ ਕਿ ਕਬੀਰ ਦਾਸ ਦੇ ਸਮੇਂ ਅੰਧ-ਵਿਸ਼ਵਾਸ ਅਤੇ ਬੁਰਾਈਆਂ ਆਪਣੇ ਸਿਖਰ ‘ਤੇ ਸਨ, ਇਸ ਲਈ ਕਬੀਰ ਜੀ ਨੇ ਅੰਧ-ਵਿਸ਼ਵਾਸਾਂ ਅਤੇ ਬੁਰਾਈਆਂ ਦੇ ਵਿਰੁੱਧ ਸਮਾਜ ਸੁਧਾਰ ‘ਤੇ ਬਹੁਤ ਜ਼ੋਰ ਦਿੱਤਾ। ਇਸ ਲਈ ਕਬੀਰ ਦਾਸ ਜੀ ਨੂੰ ਸਮਾਜ ਸੁਧਾਰਕ ਵਜੋਂ ਵੀ ਜਾਣਿਆ ਜਾਂਦਾ ਹੈ। ਓਹਨਾਂ ਦੁਆਰਾ ਲਿਖੇ ਦੋਹੇ ਮੰਦਰਾਂ ਅਤੇ ਮੱਠਾਂ ਵਿੱਚ ਗਾਏ ਜਾਂਦੇ ਹਨ। ਜਿਸ ਸਥਾਨ ਤੇ ਕਬੀਰ ਜੀ ਪ੍ਰਗਟ ਹੋਏ ਉਸ ਸਥਾਨ ਨੂੰ ਪ੍ਰਗਟ ਸਥਲੀ ਕਿਹਾ ਜਾਂਦਾ ਹੈ ਅਤੇ ਪ੍ਰਗਟ ਸਥਲੀ ਮੰਦਿਰ ਲਹਿਰਤਾਰਾ ਵਿੱਚ ਬਣਿਆ ਹੋਇਆ ਹੈ।
ਜੀਵਨ ਦੇ ਮਹਿਮਾ ਦਾ ਵਰਣਨ ਕਰਦਿਆਂ ਭਗਤ ਕਬੀਰ ਜੀ ਆਖਦੇ ਹਨ ਕਿ,
ਜੀਵਨ ਮੇਂ ਮਰਨਾ ਭਲਾ ,ਜੋ ਮਰ ਜਾਣੈ ਕੋਇ।
ਮਰਨਾ ਪਹਿਲੇ ਜੋ ਮਰੈ ਅਜਰ ਅਮਰ ਸੋ ਹੋਇ।।
ਜਿਸ ਮਨੁੱਖ ਦੇ ਸਰੀਰ ਵਿਚ ਰਹਿੰਦਿਆਂ ਹਉਮੈ ਦਾ ਨਾਸ ਹੋ ਗਿਆ, ਉਹ ਕਾਮ-ਵਾਸਨਾ ਤੋਂ ਰਹਿਤ ਹੋ ਕੇ ਜੀਵਨ ਤੋਂ ਮੁਕਤ ਹੋ ਜਾਂਦਾ ਹੈ।
ਮੈਂ ਮੇਰਾ ਘਰ ਜਾਲਿਆ, ਲਿਆ ਪਤੀਲਾ ਹਾਥ।
ਜੌ ਘਰ ਜਾਰੋ ਆਪਣਾ ਚਲੋ ਹਮਾਰੇ ਸਾਥ ||
ਭਾਵ ਸੰਸਾਰ – ਸਰੀਰ ਵਿੱਚ ਮੈਂ – ਅਹੰਕਾਰ ਦੀ ਹਉਮੈ ਹੋ ਰਹੀ ਹੈ – ਗਿਆਨ ਦੀ ਅੱਗ ਨੂੰ ਹੱਥ ਵਿੱਚ ਲੈ ਕੇ ਇਸ ਘਰ ਨੂੰ ਸਾੜ ਦਿਓ ਕਿਉ ਕਿ ਤੇਰੀ ਹਉਮੈ – ਜੀਵਨ ਰੂਪੀ ਘਰ ਨੂੰ ਅੱਗ ਲਾ ਦਿੰਦੀ ਹੈ।
ਬੁਰਾ ਜੋ ਦੇਖਣ ਮੈਂ ਚਲਾ ਬੁਰਾ ਨਾ ਮਿਲਿਆ ਕੋਏ।
ਜੋ ਮਨ ਦੇਖਾ ਆਪਣਾ , ਮੁੱਝਸੇ ਬੁਰਾ ਨਾ ਕੋਏ।।
ਭਾਵ ਕਬੀਰ ਦਾਸ ਜੀ ਕਹਿੰਦੇ ਹਨ ਕਿ ਮੈਂ ਸਾਰੀ ਉਮਰ ਦੂਸਰਿਆਂ ਦੀਆਂ ਬੁਰਾਈਆਂ ਦੇਖਣ ਵਿੱਚ ਲੱਗਾ ਰਿਹਾ, ਪਰ ਜਦੋਂ ਮੈਂ ਆਪਣੇ ਮਨ ਵਿੱਚ ਝਾਤੀ ਮਾਰੀ ਤਾਂ ਪਤਾ ਲੱਗਾ ਕਿ ਮੇਰੇ ਨਾਲੋਂ ਬੁਰਾ ਕੋਈ ਨਹੀਂ। ਮੈਂ ਸਭ ਤੋਂ ਵੱਧ ਸਵਾਰਥੀ ਅਤੇ ਮਾੜਾ ਇਨਸਾਨ ਹਾਂ, ਯਾਨੀ ਅਸੀਂ ਦੂਜਿਆਂ ਵਿੱਚ ਬਹੁਤ ਸਾਰੀਆਂ ਮਾੜੀਆਂ ਚੀਜ਼ਾਂ ਦੇਖਦੇ ਹਾਂ, ਪਰ ਆਪਣੇ ਅੰਦਰ ਝਾਤੀ ਮਾਰੋ ਤਾਂ ਪਤਾ ਲੱਗੇਗਾ ਕਿ ਸਾਡੇ ਤੋਂ ਮਾੜਾ ਕੋਈ ਨਹੀਂ ਹੈ।
ਸੰਤ ਕਬੀਰ ਦਾਸ ਜਯੰਤੀ ਦੇ ਮੌਕੇ ਤੇ ਉਹਨਾਂ ਦੇ ਜੀਵਨ ਦੀ ਦਿਲਚਸਪ ਕਹਾਣੀ ਨੂੰ ਸਮਝੋ ਜਿਸ ਵਿੱਚ ਉਹਨਾਂ ਨੇ ਇੱਕ ਨੌਜਵਾਨ ਨੂੰ ਬਹੁਤ ਹੀ ਸਰਲ ਤਰੀਕੇ ਨਾਲ ਸਤਿਸੰਗ ਦੀ ਮਹੱਤਤਾ ਸਮਝਾਈ ਹੈ। ਕਿਹਾ ਜਾਂਦਾ ਹੈ ਕਿ ਇੱਕ ਵਾਰ ਇੱਕ ਨੌਜਵਾਨ ਸੰਤ ਕਬੀਰ ਦੇ ਕੋਲ ਆਇਆ ਅਤੇ ਕਿਹਾ ਕਿ ਗੁਰੂਦੇਵ ਜੀ ਮੇਰੀ ਮਾਂ ਅਤੇ ਪਿਤਾ ਮੈਨੂੰ ਉਪਦੇਸ਼ ਸੁਣਨ ਲਈ ਮਜਬੂਰ ਕਰਦੇ ਹਨ ਜਦੋਂ ਕਿ ਮੈਂ ਜ਼ਿੰਦਗੀ ਵਿੱਚ ਬਹੁਤ ਪੜ੍ਹਿਆ ਲਿਖਿਆਂ ਹਾਂ ਅਤੇ ਸਹੀ ਅਤੇ ਗਲਤ ਦੇ ਫਰਕ ਨੂੰ ਚੰਗੀ ਤਰ੍ਹਾਂ ਸਮਝਦਾ ਹਾਂ। ਕਿਰਪਾ ਕਰਕੇ ਮੈਨੂੰ ਦੱਸੋ ਕੀ ਮੈਨੂੰ ਸਤਿਸੰਗ ਸੁਣਨ ਦੀ ਲੋੜ ਹੈ? ਕਬੀਰਦਾਸ ਨੇ ਉਸ ਨੌਜਵਾਨ ਦੀ ਗੱਲ ਸੁਣੀ ਅਤੇ ਹਥੌੜਾ ਚੁੱਕ ਕੇ ਜ਼ਮੀਨ ‘ਤੇ ਗੱਡੇ ਇੱਕ ਕਿੱਲੇ ਤੇ ਮਾਰਿਆ। ਨੌਜਵਾਨ ਨੂੰ ਲੱਗਾ ਕਿ ਸੰਤ ਨੇ ਉਸ ਦੀਆਂ ਗੱਲਾਂ ਵੱਲ ਧਿਆਨ ਨਹੀਂ ਦਿੱਤਾ। ਇਸ ਤੋਂ ਬਾਅਦ ਉਹ ਨੌਜਵਾਨ ਉਥੋਂ ਉੱਠ ਕੇ ਚਲਾ ਗਿਆ ।ਅਗਲੇ ਦਿਨ ਉਹ ਫਿਰ ਕਬੀਰ ਦਾਸ ਕੋਲ ਆਇਆ ਅਤੇ ਆਪਣੀ ਗੱਲ ਦੁਹਰਾਈ।
ਪਹਿਲੇ ਦਿਨ ਵਾਂਗ ਬਿਨਾਂ ਕੁਝ ਕਹੇ ਕਬੀਰਦਾਸ ਨੇ ਵੀ ਹਥੌੜਾ ਲੈ ਕੇ ਜ਼ਮੀਨ ‘ਤੇ ਲੱਗੇ ਕਿੱਲੇ ਤੇ ਮਾਰਿਆ। ਨੌਜਵਾਨ ਨੇ ਸੋਚਿਆ ਕਿ ਸ਼ਾਇਦ ਗੁਰੂ ਜੀ ਨੇ ਚੁੱਪ ਰਹਿਣ ਦੀ ਕਸਮ ਖਾਧੀ ਹੈ, ਇਸ ਲਈ ਉਹ ਉਨ੍ਹਾਂ ਦੀਆਂ ਗੱਲਾਂ ਦਾ ਜਵਾਬ ਨਹੀਂ ਦੇ ਰਹੇ। ਅਗਲੇ ਦਿਨ ਉਸਨੇ ਕਬੀਰਦਾਸ ਨਾਲ ਫਿਰ ਗੱਲ ਕੀਤੀ ਅਤੇ ਕਬੀਰਦਾਸ ਨੇ ਜਵਾਬ ਦੇਣ ਦੀ ਬਜਾਏ ਉਹੀ ਗੱਲ ਕੀਤੀ। ਇਸ ਵਾਰ ਉਸ ਲੜਕੇ ਨੂੰ ਗੁੱਸਾ ਆ ਗਿਆ ਅਤੇ ਕਿਹਾ ਕਿ ਮੈਂ ਤੁਹਾਨੂੰ ਆਪਣੀਆਂ ਗੱਲਾਂ ਬਾਰ-ਬਾਰ ਦੱਸ ਰਿਹਾ ਹਾਂ ਫਿਰ ਵੀ ਤੁਸੀਂ ਮੇਰੀਆਂ ਗੱਲਾਂ ਦਾ ਜਵਾਬ ਕਿਉਂ ਨਹੀਂ ਦਿੰਦੇ।
ਫਿਰ ਕਬੀਰਦਾਸ ਨੇ ਕਿਹਾ ਕਿ ਤੁਸੀਂ ਇਹ ਕਿਵੇਂ ਸੋਚ ਲਿਆ ਕਿ ਮੈਂ ਤੁਹਾਨੂੰ ਉੱਤਰ ਨਹੀਂ ਦਿੱਤਾ। ਮੈਂ ਹਰ ਵਾਰ ਜਵਾਬ ਦਿੱਤਾ ਹੈ ਪਰ ਤੁਸੀਂ ਹੀ ਹੋ ਜਿਸਨੂੰ ਇਹ ਸਮਝ ਨਹੀਂ ਆਈ। ਮੈਂ ਇਸ ਕਿੱਲੇ ਨੂੰ ਹਥੌੜੇ ਨਾਲ ਮਾਰ ਕੇ ਇਸ ਦੀ ਪਕੜ ਨੂੰ ਮਜ਼ਬੂਤ ਕਰ ਰਿਹਾ ਹਾਂ ਤਾਂ ਜੋ ਜਾਨਵਰ ਆਦਿ ਇਸ ਨਾਲ ਬੰਨ੍ਹਣ ਤੋਂ ਬਾਅਦ ਉਸਦੇ ਚਾਹਣ ਦੇ ਬਾਵਜੂਦ ਉਸ ਕਿੱਲੇ ਨੂੰ ਬਾਹਰ ਨਾ ਕੱਢ ਸਕਣ ਅਤੇ ਖੁੱਲ ਕੇ ਭੱਜ ਨਾ ਸਕਣ।
ਇਹੀ ਸਾਡੇ ਜੀਵਨ ਵਿੱਚ ਸਤਿਸੰਗ ਦਾ ਕੰਮ ਹੈ। ਸਤਿਸੰਗ ਦੌਰਾਨ ਦਿੱਤੇ ਗਏ ਪ੍ਰਵਚਨ ਹਥੌੜੇ ਵਾਂਗ ਹੁੰਦੇ ਹਨ ਜੋ ਤੁਹਾਡੇ ਮਨ ਦੇ ‘ਤੇ ਵਾਰ ਕਰਦੇ ਹਨ। ਇਹ ਤੁਹਾਡੇ ਮਨ ਅਤੇ ਪਵਿੱਤਰ ਭਾਵਨਾਵਾਂ ਦੀ ਪਕੜ ਨੂੰ ਮਜ਼ਬੂਤ ਕਰਦਾ ਹੈ। ਅਜਿਹੀ ਸਥਿਤੀ ਵਿੱਚ, ਕੋਈ ਵੀ ਤੁਹਾਨੂੰ ਚਾਹੇ ਵੀ ਗਲਤ ਰਸਤੇ ‘ਤੇ ਨਹੀਂ ਖਿੱਚ ਸਕਦਾ। ਇਸ ਲਈ ਜੀਵਨ ਵਿੱਚ ਸਤਿਸੰਗ ਅਤੇ ਪ੍ਰਵਚਨ ਸੁਣਨ ਦਾ ਵਿਸ਼ੇਸ਼ ਮਹੱਤਵ ਹੈ। ਤੁਸੀਂ ਭਾਵੇਂ ਜਿੰਨਾ ਮਰਜ਼ੀ ਪੜ੍ਹੋ-ਲਿਖੋ ਪਰ ਸਮੇਂ-ਸਮੇਂ ‘ਤੇ ਸਤਿਗੁਰ ਦੇ ਉਪਦੇਸ਼ ਸੁਣਦੇ ਰਹੋ। ਆਉ ਕਬੀਰ ਜੀ ਦੇ ਦਰਸਾਏ ਮਾਰਗ ਤੇ ਚੱਲ ਕੇ ਆਪਣਾ ਜੀਵਨ ਸਫਲ ਕਰੀਏ।

ਲੈਕਚਰਾਰ ਲਲਿਤ ਗੁਪਤਾ
ਮੰਡੀ ਅਹਿਮਦਗੜ੍ਹ
9781590500