ਸ਼ਹੀਦ ਦਾ ਦਰਜਾ ਅਤੇ ਬਣਦੀਆਂ ਸਹੂਲਤਾਂ ਦੀ ਸ਼ਰਤ ’ਤੇ ਪੀੜਤ ਪਰਿਵਾਰ ਦਿ੍ਰੜ
ਕੋਟਕਪੂਰਾ, 10 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਭਾਵੇਂ ਕੇਂਦਰ ਦੀ ਮੋਦੀ ਸਰਕਾਰ ਦੀ ਅਗਨੀਵੀਰ ਸਕੀਮ ਦਾ ਰੱਜ ਕੇ ਵਿਰੋਧ ਹੋਇਆ ਪਰ ਬੇਰੁਜਗਾਰੀ ਦੇ ਚੱਲਦਿਆਂ ਨੌਜਵਾਨਾ ਵਲੋਂ ਅਗਨੀਵੀਰ ਸਕੀਮ ਤਹਿਤ ਫੌਜ ਵਿੱਚ ਭਰਤੀ ਹੋਣ ਦਾ ਸਿਲਸਿਲਾ ਜਾਰੀ ਰੱਖਿਆ ਗਿਆ ਪਰ ਫੌਜ਼ੀਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਤੋਂ ਅਗਨੀਵੀਰ ਨੌਜਵਾਨਾ ਦਾ ਵਾਂਝੇ ਰਹਿਣਾ ਸੁਭਾਵਿਕ ਹੈ। ਬੀਤੀ 15 ਮਈ ਨੂੰ ਇੱਕ ਦੁੱਖ ਭਰੀ ਖਬਰ ਪਰਿਵਾਰ ਨੂੰ ਮਿਲੀ ਕਿ ਉਹਨਾਂ ਦਾ 20 ਸਾਲ ਦਾ ਨੋਜਵਾਨ ਪੁੱਤਰ ਸ਼੍ਰੀਨਗਰ ਬਾਰਡਰ ’ਤੇ ਗੋਲੀ ਲੱਗਣ ਨਾਲ ਸ਼ਹੀਦ ਹੋ ਗਿਆ ਹੈ। ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ, ਕਿਉਂਕਿ ਭਾਰਤੀ ਫੌਜ਼ ਵਿੱਚ ਅਗਨੀਵੀਰ ਦੇ ਤੌਰ ’ਤੇ ਭਰਤੀ ਹੋਏ ਨੋਜਵਾਨ ਅਕਾਸ਼ਦੀਪ ਸਿੰਘ ਦੇ ਪਰਿਵਾਰ ਨੂੰ ਸਰਕਾਰ ਜਾਂ ਮਿਲਟਰੀ ਤੋਂ ਮਿਲਣ ਵਾਲੀਆਂ ਸਹੂਲਤਾਂ ਤਾਂ ਨਾ ਮਿਲ ਸਕੀਆਂ, ਬਲਕਿ ਉਹ ਦੇਸ਼ ਲਈ ਸ਼ਹੀਦ ਹੋਣ ਦੇ ਬਾਵਜੂਦ ਵੀ ਸ਼ਹੀਦ ਦਾ ਸਨਮਾਨ ਵੀ ਹਾਸਲ ਨਾ ਕਰ ਸਕਿਆ। ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਦਾ ਦਾਅਵਾ ਹੈ ਕਿ ਜੇਕਰ ਫੌਜ਼ ਅਕਾਸ਼ਦੀਪ ਸਿੰਘ ਦੀ ਮੌਤ ਦੇ ਕਾਰਨਾ ਬਾਰੇ ਪ੍ਰਗਟਾਵਾ ਕਰਦੀ ਹੈ ਤਾਂ ਉਸ ਤੋਂ ਬਾਅਦ ਹੀ ਫੈਸਲਾ ਲਿਆ ਜਾ ਸਕਦਾ ਹੈ ਪਰ ਫੌਜ ਦੀ ਹੈਰਾਨੀਜਨਕ ਚੁੱਪੀ ਵੀ ਪੀੜਤ ਪਰਿਵਾਰ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਰਹੀ ਹੈ। ਭਾਵੇਂ ਅਕਾਸ਼ਦੀਪ ਸਿੰਘ ਦੇ ਅੰਤਿਮ ਸਸਕਾਰ ਅਤੇ ਸ਼ਰਧਾਂਜ਼ਲੀ ਸਮਾਗਮ ਮੌਕੇ ਵੱਡੀ ਗਿਣਤੀ ਵਿੱਚ ਰਾਜਨੀਤਿਕ ਆਗੂਆਂ ਅਤੇ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ ਪਰ ਹੁਣ ਕੇਂਦਰ ਤੇ ਪੰਜਾਬ ਦੀਆਂ ਸਰਕਾਰਾਂ ਦੇ ਰਵੱਈਏ ਤੋਂ ਨਿਰਾਸ਼ ਅਤੇ ਨਰਾਜ ਪੀੜਤ ਪਰਿਵਾਰ ਨੇ ਫੈਸਲਾ ਕੀਤਾ ਹੈ ਕਿ ਉਹ ਜਦੋਂ ਤੱਕ ਅਕਾਸ਼ਦੀਪ ਨੂੰ ਸ਼ਹੀਦ ਦਾ ਰੁਤਬਾ ਨਹੀਂ ਮਿਲਦਾ, ਉਦੋਂ ਤੱਕ ਉਸਦੀਆਂ ਅਸਥੀਆਂ ਜਲ ਪ੍ਰਵਾਹ ਨਹੀਂ ਕੀਤੀਆਂ ਜਾਣਗੀਆਂ। ਅੱਜ 24 ਦਿਨ ਬੀਤਣ ਉਪਰੰਤ ਵੀ ਪਰਿਵਾਰ ਨੇ ਅਕਾਸ਼ਦੀਪ ਦੀਆਂ ਅਸਥੀਆਂ ਨੂੰ ਆਪਣੇ ਘਰ ਵਿੱਚ ਰੱਖਿਆ ਹੋਇਆ ਹੈ।