ਭਾਈ ਜਸਵਿੰਦਰ ਸਿੰਘ ਖ਼ਾਲਸਾ ਨੂੰ 2 ਲੱਖ ਅਤੇ ਮਾਤਾ ਅਮਰ ਕੌਰ ਚੈਰੀਟੇਬਲ ਸੁਸਾਇਟੀ ਨੂੰ 1 ਲੱਖ ਰੁਪਏ ਦੀ ਨਗਦ ਰਾਸ਼ੀ ਨਾਲ ਕੀਤਾ ਜਾਵੇਗਾ ਸਨਮਾਨਿਤ : ਸੇਖੋਂ
19 ਤੋਂ 23 ਸਤੰਬਰ ਤੱਕ ਧੂਮਧਾਮ ਨਾਲ ਮਨਾਇਆ ਜਾਵੇਗਾ 57ਵਾਂ ਬਾਬਾ ਫ਼ਰੀਦ ਆਗਮਨ ਪੁਰਬ

ਫਰੀਦਕੋਟ/ਕੋਟਕਪੂਰਾ, 19 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬਾਬਾ ਫਰੀਦ ਆਗਮਨ ਪੁਰਬ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 19 ਸਤੰਬਰ ਤੋਂ 23 ਸਤੰਬਰ ਤੱਕ ਮਨਾਇਆ ਜਾ ਰਿਹਾ ਹੈ। ਇਸ ਆਗਮਨ ਪੁਰਬ ਮੌਕੇ ਦਿੱਤੇ ਜਾਣ ਵਾਲੇ ਬਾਬਾ ਫ਼ਰੀਦ ਐਵਾਰਡ ਫਾਰ ਸਰਵਿਸ ਟੂ ਹਿਊਮੈਂਟੀ ਅਤੇ ਸ. ਇੰਦਰਜੀਤ ਸਿੰਘ ਖਾਲਸਾ ਯਾਦਗਰੀ ਐਵਾਰਡ ਦੇ ਐਲਾਨ ਲਈ ਬਾਬਾ ਫਰੀਦ ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ ਦੇ ਪ੍ਰਧਾਨ ਸ. ਸਿਮਰਜੀਤ ਸਿੰਘ ਸੇਖੋਂ ਦੀ ਅਗਵਾਈ ਹੇਠ ਪ੍ਰੈਸ ਕਾਨਫਰੰਸ ਕੀਤੀ ਗਈ। ਜਿਸ ਵਿੱਚ ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਾਲ “ਬਾਬਾ ਫ਼ਰੀਦ ਐਵਾਰਡ ਫਾਰ ਸਰਵਿਸ ਟੂ ਹਿਊਮੈਂਟੀ” ਨਾਲ “ਸ. ਜਸਵਿੰਦਰ ਸਿੰਘ ਖਾਲਸਾ ਜੀ” ਨੂੰ ਸਨਮਾਨਿਤ ਕੀਤਾ ਜਾਵੇਗਾ। ਉਹਨਾਂ ਨੇ ਉਹਨਾਂ ਦੀ ਮਨੁੱਖਤਾ ਪ੍ਰਤੀ ਨਿਸ਼ਕਾਮ ਸੇਵਾ ਨੂੰ ਸਲਾਮ ਕੀਤਾ ਤੇ ਕਿਹਾ ਕਿ ਸ. ਜਸਵਿੰਦਰ ਸਿੰਘ ਜੀ ਖਾਲਸਾ ਦਾ ਜੀਵਨ ਨਿਸ਼ਕਾਮ ਸੇਵਾ, ਸਿੱਖਿਆ ਦੇ ਪ੍ਰਸਾਰ, ਗਰੀਬ ਅਤੇ ਵੰਚਿਤ ਬੱਚਿਆਂ ਦੇ ਉਤਥਾਨ, ਰੋਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਸਮਾਜ ਦੀ ਭਲਾਈ ਨੂੰ ਸਮਰਪਿਤ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਭਾਈ ਜਸਵਿੰਦਰ ਸਿੰਘ ਖਾਲਸਾ ਜੀ ਇੱਕ ਪ੍ਰੇਰਣਾਦਾਇਕ ਮਿਸਾਲ ਹਨ, ਜਿਨ੍ਹਾਂ ਨੇ ਆਪਣੀ ਨਿੱਜੀ ਸਫ਼ਲਤਾ ਅਤੇ ਸਰੋਤਾਂ ਨੂੰ ਸਮਾਜ ਦੀ ਭਲਾਈ ਲਈ ਸਮਰਪਿਤ ਕਰ ਦਿੱਤਾ ਹੈ। ਉਨ੍ਹਾਂ ਦੀ ਸੇਵਾ ਸਿਰਫ਼ ਦਾਨ ਜਾਂ ਵਿੱਤੀ ਸਹਾਇਤਾ ਤੱਕ ਸੀਮਤ ਨਹੀਂ, ਬਲਕਿ ਇਹ ਇੱਕ ਲੰਬੇ ਸਮੇਂ ਤੋਂ ਚੱਲ ਰਿਹਾ ਅਜਿਹਾ ਮਿਸ਼ਨ ਹੈ ਜਿਸਦਾ ਉਦੇਸ਼ ਹਰ ਬੱਚੇ ਨੂੰ ਸਿੱਖਿਆ ਦਾ ਹੱਕ, ਮੌਕਾ, ਸਨਮਾਨ, ਆਤਮ-ਵਿਸ਼ਵਾਸ ਅਤੇ ਬਿਹਤਰ ਭਵਿੱਖ ਪ੍ਰਦਾਨ ਕਰਨਾ ਹੈ। ਇਹਨਾਂ ਦੀਆਂ ਮਹੱਤਵਪੂਰਨ ਪ੍ਰਾਪਤੀਆਂ ਵਿੱਚੋਂ ਇੱਕ “ਐਜੂਕੇਟ ਪੰਜਾਬ ਪ੍ਰੋਜੈਕਟ” ਹੈ। ਇਸੇ ਤਰ੍ਹਾਂ “ਸ. ਇੰਦਰਜੀਤ ਸਿੰਘ ਖਾਲਸਾ ਯਾਦਗਰੀ ਅਵਾਰਡ” ਨਾਲ “ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੁਸਾਇਟੀ” ਨੂੰ ਸਨਮਾਨਿਤ ਕੀਤਾ ਜਾਵੇਗਾ। ਉਹਨਾਂ ਨੇ ਦੱਸਿਆ ਕਿ ਇਸ ਸੰਸਥਾ ਵੱਲੋਂ ਅੱਖਾਂ ਦਾ ਚੈਰੀਟੇਬਲ ਹਸਪਤਾਲ ਲਗਭਗ 25 ਸਾਲਾਂ ਤੋਂ ਚਲਾਇਆ ਜਾ ਰਿਹਾ ਹੈ। ਜਿੱਥੇ ਹਰ ਰੋਜ਼ ਲਗਭਗ 350-400 ਮਰੀਜ਼ ਚੈੱਕ ਕੀਤੇ ਜਾਂਦੇ ਹਨ ਤੇ ਸਾਲ 2025-26 ਵਿੱਚ 79010 ਮਰੀਜ਼ ਚੈੱਕ ਕੀਤੇ ਗਏ ਹਨ। ਮਰੀਜ਼ਾਂ ਦੇ ਵਾਰਿਸਾਂ ਦੇ ਲੰਗਰ ਤੇ ਰਹਿਣ ਦਾ ਪ੍ਰਬੰਧ ਵੀ ਮੁਫ਼ਤ ਕੀਤਾ ਜਾਂਦਾ ਹੈ। ਸਮੇਂ- ਸਮੇਂ ‘ਤੇ ਖੂਨਦਾਨ ਕੈਂਪ, ਬਵਾਸੀਰ ਕੈਂਪ, ਹੋਮਿਓਪੈਥੀ ਕੈਂਪ, ਫ਼ਿਜਿਓਥੈਰੇਪੀ ਕੈਂਪ ਤੇ ਹੋਰ ਕਈ ਕੈਂਪ ਲਗਾਏ ਜਾਂਦੇ ਹਨ ਤੇ ਲੋੜਵੰਦ ਬੱਚਿਆ ਦੀ ਵੀ ਸਮੇਂ- ਸਮੇਂ ਤੇ ਮਦਦ ਕੀਤੀ ਜਾਂਦੀ ਹੈ। ਇਸ ਮੌਕੇ ਸ. ਚਰਨਜੀਤ ਸਿੰਘ ਸੇਖੋਂ, ਸ. ਸੁਰਿੰਦਰ ਸਿੰਘ ਰੋਮਾਣਾ, ਡਾ. ਗੁਰਇੰਦਰ ਮੋਹਨ ਸਿੰਘ, ਸ. ਦੀਪਇੰਦਰ ਸਿੰਘ ਸੇਖੋਂ, ਸ. ਕੁਲਜੀਤ ਸਿੰਘ ਮੰਗੀਆਂ, ਸ. ਗੁਰਜਾਪ ਸਿੰਘ ਸੇਖੋਂ ਅਤੇ ਸ. ਨਰਿੰਦਰ ਪਾਲ ਸਿੰਘ ਬਰਾੜ ਵੀ ਹਾਜ਼ਰ ਸਨ। ਅੰਤ ਵਿੱਚ ਸ. ਸਿਮਰਜੀਤ ਸਿੰਘ ਸੇਖੋਂ ਜੀ ਨੇ ਕਿਹਾ ਕਿ ਇਹ ਦੋਵੇ ਅਵਾਰਡ ਬਾਬਾ ਫਰੀਦ ਸੁਸਾਇਟੀ ਵੱਲੋਂ ਬਾਬਾ ਫਰੀਦ ਆਗਮਨ ਪੁਰਬ ਦੇ ਆਖਰੀ ਦਿਨ 23 ਸਤੰਬਰ ਨੂੰ ਗੁਰਦੁਆਰਾ ਗੌਦੜੀ ਸਾਹਿਬ ਵਿਖੇ ਨਗਰ ਕੀਰਤਨ ਪਹੁੰਚਣ ਉਪਰੰਤ ਸਜੇ ਹੋਏ ਧਾਰਮਿਕ ਦੀਵਾਨਾ ਅਤੇ ਸੰਗਤਾਂ ਦੀ ਹਾਜ਼ਰੀ ਵਿੱਚ ਦਿੱਤੇ ਜਾਣਗੇ। ਜਿਸ ਵਿੱਚ ‘ਬਾਬਾ ਫ਼ਰੀਦ ਐਵਾਰਡ ਫਾਰ ਸਰਵਿਸ ਟੂ ਹਿਊਮੈਂਟੀ’ ਵਿੱਚ ਸਿਰਪਾਉ, ਦੋਸ਼ਾਲਾ, ਸਾਈਟੇਸ਼ਨ ਅਤੇ ਦੋ(2) ਲੱਖ ਨਗਦ ਇਨਾਮ ਅਤੇ ‘ਸ. ਇੰਦਰਜੀਤ ਸਿੰਘ ਖਾਲਸਾ ਯਾਦਗਰੀ ਅਵਾਰਡ’ ਵਿੱਚ ਸਿਰਪਾਉ, ਦੋਸ਼ਾਲਾ, ਸਾਈਟੇਸ਼ਨ ਅਤੇ ਇੱਕ (1) ਲੱਖ ਨਗਦ ਇਨਾਮ ਦੀ ਰਾਸ਼ੀ ਭੇਂਟ ਕੀਤੀ ਜਾਵੇਗੀ।

