ਕੋਟਕਪੂਰਾ, 19 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਜਮਹੂਰੀ ਕਿਸਾਨ ਸਭਾ ਜ਼ਿਲ੍ਹਾ ਫਰੀਦਕੋਟ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਵੀਰਇੰਦਰ ਜੀਤ ਸਿੰਘ ਪੁਰੀ ਦੀ ਪ੍ਰਧਾਨਗੀ ਹੇਠ ਮਿਉਂਸੀਪਲ ਪਾਰਕ ਕੋਟਕਪੂਰਾ ਵਿਖੇ ਕੀਤੀ ਗਈ, ਜਿਸ ਵਿੱਚ ਕਿਸਾਨ, ਮਜ਼ਦੂਰ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂਆਂ ਵੱਲੋਂ ਸਾਂਝਾ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਕਿਸਾਨੀ ਨੂੰ ਬਚਾਉਣ ਵਾਸਤੇ ਕਿਸਾਨ ਅਤੇ ਮਜ਼ਦੂਰ ਸੰਗਠਨਾਂ ਵਿਚਾਲੇ ਹੋਰ ਵਿਆਪਕ ਏਕਤਾ ਉਸਾਰਨ ਦੀ ਰਣਨੀਤੀ ਤਹਿਤ 20 ਸਤੰਬਰ ਨੂੰ ਜਲੰਧਰ ਦੇਸ਼ ਭਗਤ ਯਾਦਗਾਰ ਹਾਲ ਦੇ ਨਾਲ ਲੱਗਦੇ ਖੁੱਲੇ ਮੈਦਾਨ ਵਿੱਚ ਵਿਸ਼ਾਲ ਕਿਸਾਨ ਮਹਾਂਰੈਲੀ ਕੀਤੀ ਜਾ ਰਹੀ ਹੈ ਉਸ ਦੀਆਂ ਤਿਆਰੀਆਂ ਪੂਰੇ ਪੰਜਾਬ ਅੰਦਰ ਪੂਰੇ ਜ਼ੋਰਾਂ ‘ਤੇ ਚੱਲ ਰਹੀਆਂ ਹਨ! ਇਸ ਰੈਲੀ ਨੂੰ ਹੋਰ ਵਡੇਰੀ ਕਰਨ ਵਾਸਤੇ ਜ਼ਿਲ੍ਹਾ ਫਰੀਦਕੋਟ ਤੋਂ ਵੱਡੀ ਗਿਣਤੀ ਵਿੱਚ ਕਿਸਾਨ, ਮਜ਼ਦੂਰ ਅਤੇ ਨੌਜਵਾਨ ਆਪਣੀਆਂ ਬੱਸਾਂ, ਕਾਰਾਂ ਅਤੇ ਰੇਲ ਗੱਡੀਆਂ ਰਾਹੀਂ ਸ਼ਾਮਿਲ ਹੋਣਗੇ ਜਮਹੂਰੀ ਕਿਸਾਨ ਸਭਾ ਜ਼ਿਲ੍ਹਾ ਫਰੀਦਕੋਟ ਦੇ ਪ੍ਰਧਾਨ ਵੀਰਇੰਦਰਜੀਤ ਸਿੰਘ ਪੁਰੀ ਨੇ ਦੱਸਿਆ ਕਿ ਜਿੱਥੇ ਕਿਸਾਨ ਜਥੇਬੰਦੀਆਂ ਵੱਖ-ਵੱਖ ਗਰੁੱਪਾਂ ਵਿੱਚ ਵੰਡੀਆਂ ਜਾ ਰਹੀਆਂ ਹਨ, ਉੱਥੇ ਇਹ ਪਹਿਲੀ ਇਕੱਤਰਤਾ ਹੋਵੇਗੀ, ਜਿਸ ਵਿੱਚ ਦੋ ਕਿਸਾਨ ਜਥੇਬੰਦੀਆਂ ਜਮਹੂਰੀ ਕਿਸਾਨ ਸਭਾ ਪੰਜਾਬ ਅਤੇ ਪੰਜਾਬ ਕਿਸਾਨ ਯੂਨੀਅਨ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਸਾਂਝੇ ਤੌਰ ਤੇ ਕੰਮ ਕਰਨਗੀਆਂ ਉੱਥੇ ਹਿੰਦੁਸਤਾਨ ਪੱਧਰ ਤੇ ਕੁੱਲ ਹਿੰਦ ਕਿਸਾਨ ਮਹਾਸਭਾ ਦਾ ਹਿੱਸਾ ਬਣਨ ਜਾ ਰਹੀਆਂ ਹਨ, 21 ਸਤੰਬਰ ਨੂੰ ਡੈਲੀਗੇਟ ਇਜਲਾਸ ਵਿੱਚ 18 ਸੂਬਿਆਂ ਤੋਂ ਵੱਡੀ ਗਿਣਤੀ ਵਿੱਚ ਡੈਲੀਗੇਟ ਪਹੁੰਚ ਰਹੇ ਹਨ ਜਿਸ ਵਿੱਚ ਦੋ ਦਿਨ ਵਿਚਾਰ ਚਰਚਾ ਕਰਨ ਤੋਂ ਬਾਅਦ ਦੇਸ਼ ਦੀ ਨਵੀਂ ਟੀਮ ਦਾ ਐਲਾਨ ਕੀਤਾ ਜਾਵੇਗਾ, ਉੱਥੇ ਆਉਣ ਵਾਲੇ ਸਮੇਂ ਵਿੱਚ ਤਿੱਖੇ ਸੰਘਰਸ਼ਾਂ ਦਾ ਵੀ ਐਲਾਨ ਹੋਵੇਗਾ! ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸੁਖਮੰਦਰ ਸਿੰਘ ਢਿਲਵਾਂ, ਜਸਮੇਲ ਸਿੰਘ ਰਾਹੀ, ਸੂਰਤ ਸਿੰਘ ਮਾਹਲਾ, ਅਜੀਤ ਸਿੰਘ ਖਾਲਸਾ, ਗੁਰਾ ਸਿੰਘ ਹਰੀ ਨੌ, ਕਰਨੈਲ ਸਿੰਘ, ਬਲਕਾਰ ਸਿੰਘ ਔਲਖ, ਰਾਮ ਸਿੰਘ, ਵੀਰ ਚੰਦ, ਹਰਬੰਸ ਸਿੰਘ ਆਦਿ ਸਾਥੀ ਸ਼ਾਮਿਲ ਹੋਏ।

