ਕੋਟਕਪੂਰਾ, 15 ਅਪੈ੍ਰਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਵਿੱਚ ਪ੍ਰਜਾਪਤ ਸਮਾਜ ਦੀ ਉੱਘੀ ਸਮਾਜ ਸੇਵੀ ਸੰਸਥਾ ‘ਪ੍ਰਜਾਪਤ ਸਮਾਜ ਸੇਵਾ ਸੁਸਾਇਟੀ ਮੋਗਾ’ ਵੱਲੋਂ ਬੀਤੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਹੇ ਅੱਠਵੀਂ ਜਮਾਤ ਵਿੱਚ ਸੂਬੇ ਵਿੱਚੋਂ ਪਹਿਲਾਂ ਸਥਾਨ ਹਾਸਲ ਕਰਨ ਵਾਲੀ ਤਮੰਨਾ ਪ੍ਰਜਾਪਤੀ ਦਾ ਉਹਨਾਂ ਦੇ ਗ੍ਰਹਿ ਜੈਤੋ ਵਿਖੇ ਪਹੁੰਚ ਕੇ ਵਿਸ਼ੇਸ ਤੌਰ ’ਤੇ ਸਨਮਾਨ ਚਿੰਨ ਅਤੇ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਜੈ ਚੰਦ ਬੇਂਵਾਲ, ਲੀਗਲ ਐਡਵਾਈਜ਼ਰ ਐਡਵੋਕੇਟ ਅਜੀਤ ਵਰਮਾ, ਸਰਪ੍ਰਸਤ ਚੌਧਰੀ ਹੰਸ ਰਾਜ, ਮੁੱਖ ਸਕੱਤਰ ਅਸ਼ੋਕ ਕੁਮਾਰ ਅਤੇ ਵਿੱਤ ਸਕੱਤਰ ਅਰਜਨ ਰਾਮ ਆਦਿ ਵੀ ਵਿਸ਼ੇਸ ਤੌਰ ’ਤੇ ਹਾਜ਼ਰ ਸਨ। ਇਸ ਮੌਕੇ ਐਡਵੋਕੇਟ ਅਜੀਤ ਵਰਮਾ ਨੇ ਦੱਸਿਆ ਕਿ ਵਿਦਿਆਰਥਣ ਤਮੰਨਾ ਸਾਡੇ ਪ੍ਰਜਾਪਤ ਸਮਾਜ ਨਾਲ ਹੀ ਸਬੰਧਤ ਹੈ ਅਤੇ ਇਸ ਲਈ ਸਮੂਹ ਪ੍ਰਜਾਪਤ ਸਮਾਜ ਲਈ ਮਾਣ ਦੀ ਗੱਲ ਹੈ ਕਿ ਤਮੰਨਾ ਨੇ ਸਾਰੇ ਦੇਸ਼ ਵਿਦੇਸ਼ ਵਿੱਚ ਬੈਠੇ ਪ੍ਰਜਾਪਤ ਸਮਾਜ ਦੇ ਲੋਕਾਂ ਵਿੱਚ ਸਾਡੇ ਸਮਾਜ ਦਾ ਨਾਮ ਰੌਸ਼ਨ ਕੀਤਾ ਹੈ। ਅੱਗੇ ਸੁਸਾਇਟੀ ਦੇ ਪ੍ਰਧਾਨ ਜੈ ਚੰਦ ਬੇਂਵਾਲ ਅਤੇ ਸਰਪ੍ਰਸਤ ਚੌਧਰੀ ਹੰਸ ਰਾਜ ਨੇ ਦੱਸਿਆ ਕਿ ਸੁਸਾਇਟੀ ਦਾ ਗਠਨ ਅੱਜ ਦੇ ਦਿਨ ਹੀ ਹੋਇਆ ਸੀ ਅਤੇ ਉਸ ਦਿਨ ਵੀ ਸੁਸਾਇਟੀ ਵੱਲੋਂ ਸਮਾਜ ਦੇ ਹੋਣਹਾਰ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਸੀ। ਅੱਜ ਤਿੰਨ ਸਾਲ ਬਾਅਦ ਸੰਯੋਗਵਸ਼ ਫਿਰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਵਸ ਮੌਕੇ ਪ੍ਰਜਾਪਤ ਸਮਾਜ ਦੀ ਟਾਪਰ ਬੇਟੀ ਨੂੰ ਸਨਮਾਨਿਤ ਕਰਨ ਦਾ ਸੁਨਹਿਰੀ ਮੌਕਾ ਮਿਲਿਆ ਹੈ। ਇਸ ਉਪਰੰਤ ਸੁਸਾਇਟੀ ਮੈਂਬਰ ਵੱਲੋ ਤਮੰਨਾ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਬੇਟੀ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵਧਾਈਆਂ ਦਿੰਦਿਆਂ ਬੱਚੀ ਨੂੰ ਹੋਰ ਮਨ ਲਾ ਕੇ ਪੜ੍ਹਨ ਕਰਨ ਦੀ ਹੌਂਸਲਾ ਅਫਜਾਈ ਵੀ ਕੀਤੀ।

