ਰੇਤਲੀ ਜਮੀਨ ਵਿੱਚ ਜੈਵਿਕ ਮਾਦਾ ਵਧਣ ਨਾਲ ਸ਼ਾਨਦਾਰ ਹੋਈ ਫਸਲ
ਫਰੀਦਕੋਟ , 24 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਸਾਲ 2024-25 ਦੌਰਾਨ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਦੀ ਅਗਵਾਈ ਹੇਠ ਜ਼ਿਲਾ ਪ੍ਰਸ਼ਾਸ਼ਨ ਵਲੋਂ ਜ਼ਿਲ੍ਹਾ ਫਰੀਦਕੋਟ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਜ਼ੀਰੋ ਪੱਧਰ ’ਤੇ ਲਿਆਉਣ ਦੇ ਮਿਥੇ ਟੀਚੇ ਦੀ ਪੂਰਤੀ ਲਈ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਵੱਡੇ ਪੱਧਰ ’ਤੇ ਉਪਰਾਲੇ ਕੀਤੇ ਜਾ ਰਹੇ ਹਨ, ਇਸ ਦੇ ਨਾਲ ਹੀ ਬਹੁਤ ਸਾਰੇ ਕਿਸਾਨਾਂ ਵਲੋਂ ਵੀ ਅਜਿਹੇ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਨਾਲ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਸੰਭਾਲਣ ਦੀ ਕਿਸਾਨਾਂ ਅੰਦਰ ਰੁਚੀ ਵੱਧ ਰਹੀ ਹੈ। ਅਜਿਹੇ ਕਿਸਾਨਾਂ ’ਚ ਪਿੰਡ ਗੁੰਮਟੀ ਖੁਰਦ ਦਾ ਰਹਿਣਵਾਲਾ ਅਗਾਂਹਵਧੂ ਕਿਸਾਨ ਭੁਪਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਹੈ, ਜੋ ਪਿਛਲੇ 9 ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਖੇਤ ’ਚ ਵਾਹ ਕੇ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰ ਰਿਹਾ ਹੈ। ਇਸ ਦੇ ਨਾਲ ਹੀ ਕਣਕ ਦਾ ਮਿਆਰੀ ਬੀਜ ਪੈਦਾ ਕਰਕੇ ਨੈਸ਼ਨਲ ਬੀਜ ਕਾਰਪੋਰੇਸ਼ਨ ਭਾਰਤ ਸਰਕਾਰ ਨੂੰ ਦੇ ਰਿਹਾ ਹੈ। ਇਸ ਤਰਾਂ ਇਹ ਕਿਸਾਨ ਦੂਜੇ ਕਿਸਾਨਾਂ ਲਈ ਇੱਕ ਮਿਸਾਲ ਬਣ ਕੇ ਕਿਸਾਨਾਂ ਲਈ ਚਾਨਣ ਮੁਨਾਰੇ ਵਜੋਂ ਸਮਾਜ ਵਿੱਚ ਵਿਚਰ ਰਿਹਾ ਹੈ। ਕਿਸਾਨ ਭੁਪਿੰਦਰ ਸਿੰਘ ਨੇ ਦੱਸਿਆ ਕਿ 2016-17 ਦੌਰਾਨ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਕੋਲੋਂ ਸਬਸਿਡੀ ਤੇ ਹੈਪੀ ਸੀਡਰ ਲਿਆ ਸੀ ਅਤੇ ਪਹਿਲੇ ਸਾਲ ਕੁਝ ਕੁ ਰਕਬੇ ’ਚ ਕਣਕ ਦੀ ਬਿਜਾਈ ਕਰਕੇ ਤਜਰਬਾ ਕੀਤਾ ਜੋ ਬਹੁਤ ਹੀ ਕਾਮਯਾਬ ਰਿਹਾ। ਪਿੰਡ ਦੇ ਆਮ ਕਿਸਾਨਾਂ ਵਲੋਂ ਪਹਿਲਾਂ ਮੈਨੂੰ ਨਿਰਉਤਸ਼ਾਹਿਤ ਕੀਤਾ ਗਿਆ ਪਰ ਸਮਾਂ ਬੀਤਣ ਦੇ ਨਾਲ ਉਹ ਵੀ ਹੈਪੀ ਸੀਡਰ ਦੀ ਮਹੱਤਤਾ ਸਮਝ ਗਏ।