
ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ ਸਰਬਜੀਤ ਕੌਰ ਸੋਹਲ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਫ਼ਾਊਂਡਰ ਅਤੇ ਪ੍ਰਬੰਧਕ ਰਮਿੰਦਰ ਰੰਮੀ ਦੇ ਵਿਸ਼ੇਸ਼ ਯਤਨਾਂ ਸਦਕਾ 29 ਅਪ੍ਰੈਲ ਦਿਨ ਸੋਮਵਾਰ ਨੂੰ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਡਾ . ਤੇਜਿੰਦਰ ਹਰਜੀਤ ਲੋਕਧਾਰਾਈ ਖੇਤਰ ਦੇ ਮਾਹਿਰ,ਬਾਲ ਸਾਹਿਤ ਲੇਖਿਕਾ,ਚਿੰਤਕ ਅਤੇ ਪ੍ਰੇਰਨਾਦਾਇਕ ਸ਼ਖ਼ਸੀਅਤ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ। ਇਸ ਪ੍ਰੋਗਰਾਮ ਵਿੱਚ ਪ੍ਰੋ ਕੁਲਜੀਤ ਕੌਰ ਨੇ ਡਾ ਤੇਜਿੰਦਰ ਹਰਜੀਤ ਦੇ ਜੀਵਨ ਸਫ਼ਰ ਤੇ ਝਾਤ ਪਵਾਈ। ਪ੍ਰੋਗਰਾਮ ਦੇ ਆਰੰਭ ਵਿੱਚ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਪ੍ਰਧਾਨ ਰਿੰਟੂ ਭਾਟੀਆ ਨੇ ਸਭ ਨੂੰ ਨਿੱਘੀ ਜੀ ਆਇਆਂ ਕਹਿੰਦਿਆਂ ਡਾ ਤੇਜਿੰਦਰ ਹਰਜੀਤ ਦੀ ਸ਼ਖ਼ਸੀਅਤ ਬਾਰੇ ਸੰਖੇਪ ਜਾਣਕਾਰੀ ਦਿੱਤੀ। ਉਪਰੰਤ ਡਾ ਸਰਬਜੀਤ ਕੌਰ ਸੋਹਲ ਨੇ ਆਪਣੇ ਜੀ ਆਇਆਂ ਸੰਬੋਧਨ ਵਿੱਚ ਡਾ ਤੇਜਿੰਦਰ ਹਰਜੀਤ ਜੀ ਤੋਂ ਬਤੌਰ ਅਧਿਆਪਕਾ ਤੋਂ ਜੋ ਪ੍ਰਭਾਵ ਗ੍ਰਹਿਣ ਕੀਤੇ ਉਹਨਾਂ ਬਾਰੇ ਬਹੁਤ ਭਾਵਪੂਰਤ ਵਿਚਾਰ ਸਾਂਝੇ ਕੀਤੇ। ਉਹਨਾਂ ਸਿਰਜਣਾ ਦੇ ਆਰ ਪਾਰ ਦੇ ਇਸ 23 ਵੇਂ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਵਲੋਂ ਕਰਵਾਏ ਜਾਣ ਵਾਲੇ ਸਾਹਿਤਕ ਪ੍ਰੋਗਰਾਮਾਂ ਦੀ ਸੰਖੇਪ ਜਾਣਕਾਰੀ ਦਿੱਤੀ। ਪ੍ਰੋ ਕੁਲਜੀਤ ਕੌਰ ਨੇ ਡਾ ਤੇਜਿੰਦਰ ਨੂੰ ਉਹਨਾਂ ਦੇ ਮੁਢਲੇ ਜੀਵਨ ਤੋਂ ਹੁਣ ਤੱਕ ਦੇ ਸਫਰ ਬਾਰੇ ਦਰਸ਼ਕਾਂ ਨਾਲ ਸਾਂਝ ਪਵਾਉਣ ਲਈ ਕਿਹਾ। ਡਾ ਤੇਜਿੰਦਰ ਹਰਜੀਤ ਨੇ ਬਚਪਨ ਵਿੱਚ ਵਾਪਰੀਆਂ ਘਟਨਾਵਾਂ ਤੋਂ ਯੂਨੀਵਰਸਿਟੀ ਦੇ ਰਿਜਨਲ ਕੈਂਪਸ ਦੇ ਅਧਿਆਪਨ ਤੱਕ ਦੇ ਲੰਮੇ ਸਫ਼ਰ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ।
ਉਹਨਾਂ ਆਪਣੀਆਂ ਪੁਸਤਕਾਂ ਕੰਨਾਂ ਮੁੰਨਾ ਘੁਰਰ, ਗਾਉਂਦੇ ਅੱਖਰ, ਮੰਗਲੀਕ (ਕਾਵਿ ਸੰਗ੍ਰਹਿ) ਸਾਵੇ ਸਾਵੇ ਬਾਗਾਂ ਵਿੱਚ, ਤ੍ਰਿੰਝਣ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ। ਇਹ ਵਰਨਣਯੋਗ ਹੈ ਕਿ ਆਪ ਨੇ ਪੰਜਾਬ ਦੇ ਲੋਕ ਗਹਿਣੇ ਵਿਸ਼ੇ ਉਪਰ ਪੀ ਐਚ ਡੀ ਦੀ ਡਿਗਰੀ ਪ੍ਰਾਪਤ ਕੀਤੀ ਸੀ। ਆਪ ਨੇ ਦੱਸਿਆ ਕਿ ਆਪ ਦੇ ਬਹੁਤ ਸਾਰੇ ਗੀਤ ਪੰਜਾਬ ਦੇ ਪ੍ਰਸਿੱਧ ਕਲਾਕਾਰਾਂ ਨੇ ਗਾਏ ਹਨ।ਆਪ ਨੇ ਵਿਸਾਖੀ,ਇਹ ਜਨਮ ਤੁਮਹਾਰੇ ਲੇਖੇ, ਚੂੜੀਆਂ, ਪੰਜਾਬ 84 ਫਿਲਮਾਂ ਦੇ ਡਾਇਲਾਗ ਲਿਖੇ ਅਤੇ ਪੰਜਾਬ 84 ਫਿਲਮ ਦੀ ਲੋਰੀ ਨੂੰ ਵਿਸ਼ੇਸ਼ ਮਾਨਤਾ ਮਿਲੀ। ਆਪ ਨੂੰ ਪੀ ਟੀ ਸੀ ਪੰਜਾਬੀ ਵੱਲੋਂ ਸਰਵੋਤਮ ਡਾਇਲਾਗ ਲੇਖਕਾਂ ਦੇ ਤੌਰ ਤੇ ਸਨਮਾਨਿਤ ਕੀਤਾ ਜਾ ਚੁੱਕਾ ਹੈ। ਆਪ ਨੇ ਬਾਲਾਂ ਲਈ ਮਾਤ ਭਾਸ਼ਾ ਪੰਜਾਬੀ ਵਿੱਚ ਛੋਟੀਆਂ ਛੋਟੀਆਂ ਕਵਿਤਾਵਾਂ ਰਚ ਕੇ ਉਹਨਾਂ ਵਿੱਚ ਪੰਜਾਬੀ ਭਾਸ਼ਾ ਪ੍ਰਤੀ ਮੋਹ ਪੈਦਾ ਕਰਨ ਦਾ ਯਤਨ ਕੀਤਾ। ਉਹਨਾਂ ਅਨੁਸਾਰ ਜੇਕਰ ਸਕੂਲੀ ਪੱਧਰ ਤੇ ਬੱਚਿਆਂ ਅੰਦਰ ਚੰਗੇ ਸਾਹਿਤ ਪ੍ਰਤੀ ਰੁਚੀ ਪੈਦਾ ਕੀਤੀ ਜਾਵੇ ਤਾਂ ਉਹ ਭਵਿੱਖ ਵਿਚ ਵਧੀਆ ਨਾਗਰਿਕ ਬਣ ਸਕਦੇ ਹਨ।ਉਹਨਾਂ ਕਿਹਾ ਕਿ ਉਹਨਾਂ ਆਪਣੇ ਜੀਵਨ ਦੀਆਂ ਮੁਸ਼ਕਲਾਂ ਅਤੇ ਸੰਘਰਸ਼ ਵਿੱਚੋਂ ਹੀ ਸਹਿਣਸ਼ੀਲਤਾ ਅਤੇ ਸੰਜਮ ਸਿਖਿਆ ਹੈ। ਉਹਨਾਂ ਆਪਣੇ ਜੀਵਨ ਦੀ ਸਫਲਤਾ ਲਈ ਆਪਣੇ ਹਮਸਫਰ ਸ੍ਰ ਹਰਜੀਤ ਸਿੰਘ ਜੋਕਿ ਕਿ ਜਲੰਧਰ ਦੂਰਦਰਸ਼ਨ ਦੇ ਪ੍ਰੋਡਿਊਸਰ ਰਹਿ ਚੁੱਕੇ ਹਨ ਅਤੇ ਮੀਡੀਆ ਅਤੇ ਫ਼ਿਲਮਾਂ ਨਾਲ ਜੁੜੀ ਬਹੁਤ ਹੀ ਵਿਸ਼ੇਸ਼ ਹਸਤੀ ਹਨ ਦਾ ਵਿਸ਼ੇਸ਼ ਯੋਗਦਾਨ ਦੱਸਿਆ। ਉਹਨਾਂ ਆਪਣੀਆਂ ਧੀਆਂ ਮਧੁਰਜੀਤ ਸਰਘੀ ਅਤੇ ਉਸ ਦੇ ਪਤੀ ਅਨੁਰਾਗ ਸਿੰਘ ਦੀਆਂ ਫਿਲਮ ਜਗਤ ਦੀਆਂ ਪ੍ਰਾਪਤੀਆਂ ਬਾਰੇ ਵਿਸ਼ੇਸ਼ ਤੌਰ ਤੇ ਦੱਸਿਆ। ਅਤੇ ਦੂਜੀ ਧੀ ਸੂਫ਼ੀ ਦੀ ਕੱਥਕ ਡਾਂਸ ਪ੍ਰਤੀ ਲਗਨ ਤੇ ਰੁਚੀ ਬਾਰੇ ਦੱਸਿਆ। ਦੋਹਾਂ ਪੁੱਤਰਾਂ ਦੀਆਂ ਸਿਰਜਣਾਤਮਕ ਅਤੇ ਕਲਾਕਾਰੀ ਰੁਚੀਆਂ ਬਾਰੇ ਵੀ ਜਾਣਕਾਰੀ ਦਿੱਤੀ। ਇਸ ਪ੍ਰੋਗਰਾਮ ਵਿੱਚ ਪ੍ਰੋ ਗੁਰਜੰਟ ਸਿੰਘ, ਕੁਲਵਿੰਦਰ ਸਿੰਘ ਗਾਖਲ,ਪੋਲੀ ਬਰਾੜ, ਅਜੈਬ ਸਿੰਘ ਚੱਠਾ,ਮਲੂਕ ਸਿੰਘ ਕਾਹਲੋਂ, ਸਤਿੰਦਰ ਕੌਰ ਕਾਹਲੋਂ, ਡਾ ਬਲਜੀਤ ਕੌਰ ਨੇ ਡਾ ਤੇਜਿੰਦਰ ਹਰਜੀਤ ਦੇ ਜੀਵਨ ਸਫ਼ਰ ਅਤੇ ਪ੍ਰਾਪਤੀਆਂ ਬਾਰੇ ਸ਼ਲਾਘਾ ਕਰਦਿਆਂ ਉਹਨਾਂ ਨਾਲ ਸਬੰਧਤ ਆਪਣੇ ਅਨੁਭਵ ਵੀ ਸਾਂਝੇ ਕੀਤੇ। ਇਸ ਮੌਕੇ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੇ ਸੰਸਥਾਪਕ ਰਮਿੰਦਰ ਰੰਮੀ ਵੱਲੋਂ ਸੰਪਾਦਿਤ ਕੀਤੇ ਜਾਂਦੇ ਈ ਮੈਗਜ਼ੀਨ ਨੂੰ ਵੀ ਰਿਲੀਜ਼ ਕੀਤਾ ਗਿਆ।ਸੰਸਥਾ ਦੇ ਚੀਫ਼ ਐਡਵਾਈਜ਼ਰ ਸਾਰੇ ਪ੍ਰੋਗਰਾਮ ਨੂੰ ਬਹੁਤ ਧਿਆਨ ਨਾਲ ਸੁਣਦੇ ਹਨ ਤੇ ਆਪਣੇ ਵਿਲੱਖਣ ਅੰਦਾਜ਼ ਵਿੱਚ ਪ੍ਰੋਗਰਾਮ ਨੂੰ ਸਮਅੱਪ ਕਰਦੇ ਹਨ । ਦਰਸ਼ਕ ਸ . ਪਿਆਰਾ ਸਿੰਘ ਕੁੱਦੋਵਾਲ ਜੀ ਨੂੰ ਸੁਨਣ ਲਈ ਬਹੁਤ ਉਤਾਵਲੇ ਰਹਿੰਦੇ ਹਨ । ਅੰਤ ਵਿੱਚ ਪਿਆਰਾ ਸਿੰਘ ਕੁੱਦੋਵਾਲ ਨੇ ਡਾ ਤੇਜਿੰਦਰ ਹਰਜੀਤ ਜੀ ਨਾਲ ਇਸ ਮਿਲਣੀ ਨੂੰ ਪ੍ਰਭਾਵਸ਼ਾਲੀ ਦੱਸਿਆ ਅਤੇ ਉਨ੍ਹਾਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਹਨਾਂ ਅਨੁਸਾਰ ਸਫਲਤਾ ਦਾ ਰਸਤਾ ਏਨਾ ਸਹਿਜ ਜਾਂ ਸੌਖਾ ਨਹੀਂ ਹੁੰਦਾ ਉਹਨਾਂ ਕਿਹਾ ਕਿ ਡਾ ਤੇਜਿੰਦਰ ਹਰਜੀਤ ਦੇ ਜੀਵਨ ਤੋਂ ਸਾਨੂੰ ਮੁਸ਼ਕਿਲ ਸਮੇਂ ਵਿੱਚ ਵੀ ਉਸਾਰੂ ਸੋਚ ਰੱਖਣ ਦੀ ਪ੍ਰੇਰਨਾ ਮਿਲਦੀ ਹੈ।ਇਸ ਪ੍ਰੋਗਰਾਮ ਵਿੱਚ
ਵਿਜੇਤਾ ਭਾਰਦਵਾਜ , ਸੁਰਜੀਤ ਟਰਾਂਟੋ, ਕੁਲਬੀਰ ਸਿੰਘ ਸੂਰੀ,ਡਾ ਅਮਰ ਜੋਤੀ ਮਾਂਗਟ , ਹਮੀਦ ਹਮੀਦੀ , ਭੁਪਿੰਦਰ ਸਿੰਘ ਰੈਨਾ , ਭੁਪਿੰਦਰ ਸਿੰਘ ਕੋਹਲੀ , ਗੁਬਿੰਦਰ ਕੌਰ ਟਿੱਬਾ , ਅੰਮ੍ਰਿਤਾ ਦਰਸ਼ਨ , ਪਰਮਜੀਤ ਦਿਓਲ , ਤਰਿੰਦਰ ਕੌਰ , ਗਿਆਨ ਸਿੰਘ ਦਰਦੀ , ਗਿਆਨ ਸਿੰਘ ਘਈ , ਸ ਹਰਦਿਆਲ ਸਿੰਘ ਝੀਤਾ , ਗੁਰਚਰਨ ਸਿੰਘ ਜੋਗੀ , ਅਜ਼ੀਮ ਕਾਜ਼ੀ , ਸੋਹਣ ਸਿੰਘ ਗੈਦੂ , ਸੁਨੀਲ ਚੰਦਿਆਣਵੀ , ਜਗਜੀਤ ਖਹਿਰਾ , ਸੁਨੀਲ ਚੰਦਿਆਣਵੀ , ਸੁਖਪ੍ਰੀਤ , ਸਟੱਡੀ ਆਨਲਾਈਨ , ਏ ਡੀ ਏ , …..ਸੁਖਵਿੰਦਰ ਕੌਰ , ਹਰਜੀਤ ਬਮਰਾ , ਸਤਨਾਮ ਕੌਰ ਆਦਿ ਹਾਜ਼ਰ ਸਨ। ਰਮਿੰਦਰ ਰੰਮੀ ਨੇ ਪ੍ਰਬੰਧਕਾਂ ਦਾ ਤੇ ਹਾਜ਼ਰੀਨ ਮੈਂਬਰਜ਼ ਦਾ ਦਿਲੋਂ ਧੰਨਵਾਦ ਕੀਤਾ ਤੇ ਕਿਹਾ ਕਿ ਆਪ ਸੱਭ ਦੇ ਸਹਿਯੋਗ ਸਦਕਾ ਹੀ ਪ੍ਰੋਗਰਾਮ ਸਫ਼ਲ ਹੋ ਰਹੇ ਹਨ । ਆਸ ਕਰਦੇ ਹਾਂ ਕਿ ਆਪ ਸੱਭ ਦਾ ਸਾਥ ਤੇ ਸਹਿਯੋਗ ਹਮੇਸ਼ਾਂ ਇਸੇ ਤਰਾਂ ਮਿਲਦਾ ਰਹੇਗਾ । ਇਹ ਵੀ ਕਿਹਾ ਕਿ ਸੋਹਲ ਮੈਡਮ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਬੈਕ ਬੋਨ ਹਨ ਤੇ ਪਿੱਛਲੇ 4 ਸਾਲਾਂ ਤੋਂ ਹਰ ਪ੍ਰੋਗਰਾਮ ਵਿੱਚ ਸ਼ਿਰਕਤ ਕਰਦੇ ਹਨ । ਇਸ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਤੋਂ ਬਹੁਤ ਸਾਰੀਆਂ ਸ਼ਖ਼ਸੀਅਤਾਂ ਨੇ ਭਾਗ ਲਿਆ । ਪ੍ਰਸ਼ੰਸਕਾਂ ਵੱਲੋਂ ਇਸ ਪ੍ਰੋਗਰਾਮ ( ਸਿਰਜਣਾ ਦੇ ਆਰ ਪਾਰ )ਨੂੰ ਬਹੁਤ ਸਲਾਹਿਆ ਜਾ ਰਿਹਾ ਹੈ ਤੇ ਉਹ ਬਹੁਤ ਉਤਾਵਲੇ ਰਹਿੰਦੇ ਹਨ ਇਸ ਪ੍ਰੋਗਰਾਮ ਨੂੰ ਦੇਖਣ ਲਈ । ਕੁਲਜੀਤ ਜੀ ਬਹੁਤ ਮੰਝੇ ਹੋਏ ਐਂਕਰ ਤੇ ਟੀ ਵੀ ਹੋਸਟ ਵੀ ਹਨ । ਜਲਦੀ ਹੀ ਇਹਨਾਂ ਪ੍ਰੋਗਰਾਮ ਨੂੰ ਕਲਮਬੰਦ ਕਰ ਕਿਤਾਬ ਤਿਆਰ ਕੀਤੀ ਜਾਣ ਦਾ ਵਿਚਾਰ ਹੈ ।
ਧੰਨਵਾਦ ਸਹਿਤ । ਇਹ ਰਿਪੋਰਟ ਪ੍ਰੋ ਕੁਲਜੀਤ ਕੌਰ ਨੇ ਰਮਿੰਦਰ ਰੰਮੀ ਨੂੰ ਸਾਂਝੀ ਕੀਤੀ ।

ਰਮਿੰਦਰ ਕੌਰ ( ਰੰਮੀ )ਅਸੋਸੀਏਟ ਮੈਂਬਰ ,
ਪੰਜਾਬ ਸਾਹਿਤ ਅਕਾਦਮੀ , ਚੰਡੀਗੜ੍ਹ ।