ਸਿੱਖ ਕੌਮ ਨੂੰ ਗੁਰੂ ਸਾਹਿਬਾਨ ਨੇ ਜੋ ਸੇਧ, ਫ਼ਲਸਫ਼ਾ ਤੇ ਵਿਚਾਰਧਾਰਾ ਬਖ਼ਸ਼ੀ ਹੈ, ਉਸ ਕਰਕੇ ਸਿੱਖਾਂ ਦਾ ਇਤਿਹਾਸ ਬਾਕੀ ਧਰਮਾਂ, ਕੌਮਾਂ, ਮਜ਼੍ਹਬਾਂ, ਵਿਚਾਰਧਾਰਾਵਾਂ ਦੇ ਇਤਿਹਾਸ ਨਾਲ਼ੋਂ ਹਰ ਤਰ੍ਹਾਂ ਵੱਖਰਾ ਤੇ ਵਿਲੱਖਣ ਹੋ ਨਿੱਬੜਿਆ ਹੈ। ਜਿਸ ਔਰਤ ਜਾਤੀ ਨੂੰ ਬਾਕੀਆਂ ਨੇ ਕਦੇ ਬਣਦਾ ਮਾਣ ਹੀ ਨਹੀਂ ਦਿੱਤਾ, ਉਲ਼ਟਾ ‘ਪੈਰ ਦੀ ਜੁੱਤੀ’ ਕਹਿ ਕੇ ਦੁਰਕਾਰਿਆ, ਪਸ਼ੂਆਂ ਨਾਲ਼ੋਂ ਵੀ ਹੇਠਲਾ ਦਰਜ਼ਾ ਦਿੱਤਾ, ਉਸ ਔਰਤ ਬਾਰੇ ਗੁਰੂ ਸਾਹਿਬ ਨੇ ਫੁਰਮਾਇਆ ‘ਸੋ ਕਿਉ ਮੰਦਾ ਆਖੀਐ ਜਿਤੁ ਜੰਮਿਹ ਰਾਜਾਨ॥” ਸਿੱਖ ਬੀਬੀਆਂ ਨੇ ਇਤਿਹਾਸ ਵਿੱਚ ਜੋ ਭਰਪੂਰ ਯੋਗਦਾਨ ਪਾਇਆ ਹੈ ਉਹ ਸਾਡੀਆ ਭਵਿੱਖ ਦੀਆਂ ਨਸਲਾਂ ਦੀਆਂ ਬੀਬੀਆਂ ਲਈ ਪ੍ਰੇਰਨਾਸ੍ਰੋਤ ਬਣਿਆ ਰਹੇਗਾ। ਮਾਤਾ ਤ੍ਰਿਪਤਾ ਜੀ, ਬੇਬੇ ਨਾਨਕੀ ਜੀ, ਮਾਤਾ ਖੀਵੀ ਜੀ, ਬੀਬੀ ਭਾਨੀ ਜੀ, ਮਾਤਾ ਗੰਗਾ ਜੀ, ਮਾਤਾ ਗੁਜਰ ਕੌਰ ਜੀ, ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਕੌਰ ਜੀ ਹੋਰਾਂ ਦੇ ਨਾਂ ਸਿੱਖਾਂ ਨੂੰ ਗੁਰੂ-ਕਾਲ ਨਾਲ਼ ਜੋੜਦੇ ਹਨ। ਗੁਰੂ ਕਾਲ ਵਿੱਚ ਅਨੇਕਾਂ ਹੀ ਐਹੋ ਜਿਹੇ ਇਤਿਹਾਸਕ ਪ੍ਰਸੰਗ ਸਾਡੇ ਇਤਿਹਾਸ ਦਾ ਹਿੱਸਾ ਬਣੇ, ਜਿਨ੍ਹਾਂ ਤੋਂ ਅੱਜ ਦੀ ਬੀਬੀਆ ਨੂੰ ਪ੍ਰੇਰਨਾ ਮਿਲਦੀ ਹੈ। ਮਾਈ ਗੁਰਦੇਈ ਤੇ ਮਾਈ ਭਾਗ ਕੌਰ ਵਰਗੀਆਂ ਬੀਬੀਆਂ ਸਾਡੇ ਇਤਿਹਾਸ ਦੀ ਸ਼ਾਨ ਹਨ। ਅਠਾਰ੍ਹਵੀਂ ਸਦੀ ਵਿੱਚ ਸਿੱਖ ਬੀਬੀਆਂ ਨੇ ਜੰਗਾਂ-ਯੁੱਧਾਂ ਮੌਕੇ ਇਤਿਹਾਸ ਸਿਰਜਿਆ। ਸਿੱਖ ਬੀਬੀਆਂ ਕਰਮਕਾਂਡਾਂ ਤੋਂ ਰਹਿਤ, ਗੁਰਮਤਿ ਦੀਆਂ ਧਾਰਨੀ, ਸਿੱਖੀ ਸਿਦਕ ਵਿੱਚ ਪ੍ਰਪੱਕ ਹੋ ਕੇ ਸਿੱਖ ਬੱਚਿਆਂ ਨੂੰ ਧਰਮ ਨਾਲ਼ ਜੋੜਨ ਦੀ ਉਹ ਬੇਮਿਸਾਲ ਸੇਵਾ ਕਰਦੀਆਂ ਰਹੀਆਂ ਕਿ ਉਹ ਵੱਡੇ ਹੋ ਕੇ ਧਰਮ ਤੋਂ ਕਦੇ ਨਾ ਡੋਲ੍ਹਦੇ। ਧਰਮ ਹੇਤ ਸੀਸ ਵਾਰਨ, ਬੰਦ-ਬੰਦ ਕਟਵਾਉਣ, ਤਨ ਆਰਿਆਂ ਨਾਲ਼ ਚਿਰਵਾਉਣ, ਖੋਪਰੀਆਂ ਲੁਹਾਉਣ ਵਾਲ਼ੇ ਸਿਦਕੀ ਸਿੱਖਾਂ ਦੀ ਪਾਲਣਾ-ਪੋਸ਼ਣਾ ਕਰਨ ਵਾਲੀਆਂ ਸਿੱਖ ਬੀਬੀਆਂ ਦੀ ਦੇਣ ਤੋਂ ਪੰਥ ਸਦਾ ਬਲਿਹਾਰੇ ਹੈ। ਜਦ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸਨ, ਜਦ ਸਿੱਖ ਬੀਬੀਆਂ ਨੂੰ ਲਾਹੌਰ ਦੀ ਜੇਲ੍ਹ ਵਿੱਚ ਚੱਕੀਆਂ ਪੀਹਣੀਆਂ ਪਈਆਂ, ਜਦ ਸਿੱਖ ਬੀਬੀਆਂ ਨੂੰ ਆਪਣੇ ਲਾਡਲਿਆਂ ਦੇ ਟੁਕੜੇ ਕਰਵਾ ਕੇ ਗਲ਼ਾਂ ਵਿੱਚ ਹਾਰਾਂ ਵਾਂਗ ਪਵਾਉਣੇ ਪਏ ਤਾਂ ਵੀ ਸਿੱਖ ਬੀਬੀਆਂ ਨੇ ਸਿਦਕ ਨਹੀਂ ਛੱਡਿਆ। ਸਿੱਖ ਬੀਬੀਆਂ ਨੇ ਹਰ ਬਿਪਤਾ ਨੂੰ ਗੁਰੂ ਦੇ ਭਾਣੇ ਵਿੱਚ ਮੰਨਿਆ। ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਉਣ ਦੀ ਸਿੱਖਿਆ ਦੇਣ ਵਾਲੀਆਂ ਸਿੱਖ ਬੀਬੀਆਂ ਨੇ ਖੁਦ ਵੀ ਅਡੋਲ ਧਰਮ ਵਿੱਚ ਪਰਪੱਕ ਰਹਿ ਕੇ ਇਤਿਹਾਸ ਸਿਰਜਿਆ। ਅਕਾਲੀ ਮੋਰਚਿਆਂ ਵਿੱਚ ਸਿੱਖ ਬੀਬੀਆਂ ਭਰਪੂਰ ਯੋਗਦਾਨ ਪਾਉਂਦੀਆ ਰਹੀਆਂ। ਧਰਮ ਯੁੱਧ ਮੋਰਚੇ ਦੌਰਾਨ ਜਦ ‘ਰਸਤਾ ਰੋਕੋ ਅੰਦੋਲਨ’ ਮੌਕੇ ਚੱਕਾ ਜਾਮ ਕਰਨ ਦਾ ਫ਼ੈਸਲਾ ਕੀਤਾ ਗਿਆ ਤਾਂ ਓਸ ਦਿਨ ਪੰਜਾਬ ਦੇ ਹਰ ਮੋੜ ‘ਤੇ ਸਿੱਖ ਬੀਬੀਆਂ ਦੀ ਭਰਪੂਰ ਹਾਜ਼ਰੀ ਸੀ। ਇਸ ਮੋਰਚੇ ਦੌਰਾਨ ਤੇ ਘੱਲੂਘਾਰੇ ਮਗਰੋਂ ਵੀ ਸਿੱਖ ਬੀਬੀਆਂ ਨੇ ਡਟ ਕੇ ਸੰਘਰਸ਼ ਵਿੱਚ ਹਿੱਸਾ ਲਿਆ। ਅਜੋਕੇ ਦੌਰ ਵਿੱਚ ਸ਼ਹੀਦ ਸਤਵੰਤ ਸਿੰਘ ਦੀ ਯਾਦ ਵਿੱਚ ਜੀਵਨ ਗੁਜ਼ਾਰਨ ਵਾਲੀ ਬੀਬੀ ਸੁਰਿੰਦਰ ਕੌਰ ਨੇ ਸਿੱਖ ਬੀਬੀਆਂ ਲਈ ਨਵੀਂ ਮਿਸਾਲ ਕਾਇਮ ਕੀਤੀ। ਸ਼ਹੀਦ ਭਾਈ ਫ਼ੌਜਾ ਸਿੰਘ ਦੀ ਸਿੰਘਣੀ ਬੀਬੀ ਅਮਰਜੀਤ ਕੌਰ ਦਾ ਜੀਵਨ ਸਾਡੇ ਸਭ ਲਈ ਮਿਸਾਲ ਹੈ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆ ਦੀ ਸਿੰਘਣੀ ਬੀਬੀ ਪ੍ਰੀਤਮ ਕੌਰ ਜੀ ਨੇ ਉਹ ਦਿਨ ਕਿਵੇਂ ਬਿਤਾਏ ਹੋਣਗੇ ਜਦ ਸੰਤ ਜੀ ਕੌਮ ਦੀ ਲੜਾਈ ਲਈ ਧਰਮ ਯੁੱਧ ਮੋਰਚੇ ਦੀ ਅਗਵਾਈ ਕਰ ਰਹੇ ਸੀ। ਸੰਤਾਂ ਦੀ ਸ਼ਹਾਦਤ ਬਾਕੀ ਸਿੱਖ ਜਗਤ ਲਈ ਬੜੇ ਵੱਡੇ ਅਰਥ ਰੱਖਦੀ ਹੈ ਪਰ ਜਿਵੇਂ ਬੀਬੀ ਪ੍ਰੀਤਮ ਕੌਰ ਨੇ ਆਪਦੇ ਦੋ ਮਸੂਮ ਬੱਚਿਆਂ ਨਾਲ਼ ਉਹ ਵੇਲ਼ਾ ਬਿਤਾਇਆ, ਉਹ ਉਹੀ ਜਾਣਦੇ ਹੋਣਗੇ। ਫ਼ੈਡਰੇਸ਼ਨ ਵਿੱਚ ਬਹੁਤ ਸਾਰੀਆਂ ਸਿੱਖ ਬੀਬੀਆਂ ਸਰਗਰਮ ਰਹੀਆਂ। ਬੀਬੀ ਰਾਜਿੰਦਰ ਕੌਰ ਪਾਰਲੀਮੈਂਟ ਵਿੱਚ ਪੰਥ ਤੇ ਪੰਜਾਬ ਲਈ ਗਰਜਦੀ ਰਹੀ। ਅਕਾਲੀ ਮੋਰਚਿਆਂ ਵਿੱਚ ਸਿੱਖ ਬੀਬੀਆਂ ਭਰਪੂਰ ਯੋਗਦਾਨ ਪਾਉਂਦੀਆਂ ਰਹੀਆਂ। ਘੱਲੂਘਾਰੇ ਮਗਰੋਂ ਵੀ ਸਿੱਖ ਬੀਬੀਆਂ ਨੇ ਡਟ ਕੇ ਸੰਘਰਸ਼ ਵਿੱਚ ਹਿੱਸਾ ਲਿਆ। ਸੰਘਰਸ਼ ਦੌਰਾਨ ਜੁਝਾਰੂ ਸਿੰਘਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਬੀਬੀਆਂ ਨੇ ਹਿੱਸਾ ਲਿਆ। ਯਾਦ ਕਰੋ ਕਿ ਕਿਵੇਂ ਬੀਬੀ ਜਸਮੀਤ ਕੌਰ ਛੀਨਾ ਨੇ ਚੋਟੀ ਦੀ ਜੁਝਾਰੂ ਕਾਰਵਾਈਆਂ ਵਿੱਚ ਹਿੱਸਾ ਲਿਆ। ਬੀਬੀ ਜਸਮੀਤ ਕੌਰ ਦੀ ਪੁਲੀਸ ਹਿਰਾਸਤ ਵਿੱਚ ਬਣਾਈ ਵੀਡੀਓ ਯੂ-ਟਿਊਬ ‘ਤੇ ਵੇਖੋ ਤਾਂ ਪਤਾ ਲੱਗਦਾ ਕਿ ਸਿੰਘਣੀਆਂ ਦੇ ਕੀ ਜਜ਼ਬੇ ਸਨ। ਓਸ ਦੌਰ ਦਾ ਇਤਿਹਾਸ ਪੜ੍ਹ ਕੇ ਪਤਾ ਲੱਗਦਾ ਹੈ ਕਿ ਕਿਵੇਂ ਸਿੰਘਣੀਆਂ ਨੇ ਖ਼ਾਲਿਸਤਾਨੀ ਸੰਘਰਸ਼ ਵਿੱਚ ਹਿੱਸਾ ਲਿਆ। ਖਾੜਕੂ ਸਿੰਘਾਂ ਦੇ ਮੋਢੇ ਨਾਲ ਮੋਢਾ ਲਾ ਕੇ ਸਿੰਘਣੀਆਂ ਨੇ ਜੰਗ ਲੜੀ। ਓਸ ਸਮੇਂ ਵਿੱਚ ਜੁਝਾਰੂ ਸਿੰਘਾਂ ਨਾਲ਼ ਵਿਆਹ ਕਰਵਾ ਕੇ ਸੰਘਰਸ਼ ਵਿੱਚ ਹਿੱਸਾ ਪਾਉਣ ਲਈ ਸਿੰਘਣੀਆਂ ਹਰ ਤਰ੍ਹਾਂ ਤਿਆਰ ਸਨ। ਜਦ ਜੁਝਾਰੂ ਸਿੰਘ ਘਰ ਆਉਂਦੇ ਤਾਂ ਬੀਬੀਆਂ ਨੂੰ ਪ੍ਰਸ਼ਾਦਾ ਪਾਣੀ ਛਕਾਉਣ ਦਾ ਚਾਅ ਚੜ੍ਹ ਜਾਂਦਾ ਸੀ। ਜਦ ਪੁਲੀਸ ਜ਼ੁਲਮ ਕਰਦੀ ਤਾਂ ਹਰ ਤਸੀਹਾ ਝੱਲ ਕੇ ਵੀ ਬੀਬੀਆਂ ਕੋਈ ਭੇਤ ਨਹੀਂ ਸੀ ਦਿੰਦੀਆ। ਪੁਲੀਸ ਨੇ ਰੇਸ਼ਮ ਕੌਰ ਵਰਗੀਆਂ ਬੀਬੀਆ ਦੇ ਸਾਮ੍ਹਣੇ ਨਿੱਕੇ ਬੱਚਿਆਂ ਨੂੰ ਬਰਫ਼ਾਂ ‘ਤੇ ਲੰਮਿਆ ਪਾ ਕੇ ਸ਼ਹੀਦ ਕਰ ਦਿੱਤਾ ਪਰ ਬੀਬੀਆਂ ਨਾ ਡੋਲ੍ਹੀਆਂ। ਕਿਹੜਾ ਕਹਿਰ ਹੈ ਜੋ ਬੀਬੀਆ ਨੇ ਓਦੋਂ ਨਹੀਂ ਝੱਲਿਆ। ਅੱਜ ਵੀ ਬੀਬੀ ਕੁਲਬੀਰ ਕੌਰ ਧਾਮੀ, ਬੀਬੀ ਪਰਮਜੀਤ ਕੌਰ ਖਾਲੜਾ, ਬੀਬੀ ਸੋਹਣਜੀਤ ਕੌਰ ਸਮੇਤ ਹੋਰ ਬੇਅੰਤ ਬੀਬੀਆਂ ਸਿੱਖ ਹੱਕਾਂ ਲਈ ਸਰਗਰਮ ਹਨ। ਬੀਬੀ ਪ੍ਰੀਤਮ ਕੌਰ ਜੋ ਸੰਤ ਭਿੰਡਰਾਂਵਾਲਿਆਂ ਦੇ ਪੀ.ਏ. ਭਾਈ ਰਛਪਾਲ ਸਿੰਘ ਦੀ ਸਿੰਘਣੀ ਹੈ, ਉਹ ਜੂਨ 1984 ਮੌਕੇ ਆਪਣੇ ਪਤੀ ਤੇ ਮਸੂਮ ਬੱਚੇ ਦੀ ਸ਼ਹਾਦਤ ਮਗਰੋਂ ਵੀ ਨਹੀਂ ਡੋਲ੍ਹੇ। ਭਾਈ ਮਹਿਲ ਸਿੰਘ ਬੱਬਰ ਦੀ ਸਿੰਘਣੀ ਬੀਬੀ ਗੁਰਮੀਤ ਕੌਰ ਅਤੇ ਭਾਈ ਕੁਲਵੰਤ ਸਿੰਘ ਬੱਬਰ ਦੀ ਸਿੰਘਣੀ ਬੀਬੀ ਗੁਰਦੇਵ ਕੌਰ ਉੱਪਰ ਬਟਾਲੇ ਪੁਲਿਸ ਨੇ ਕਿਹੜਾ ਜ਼ੁਲਮ ਨਹੀਂ ਸੀ ਕੀਤਾ। ਇਹੀ ਕੁਝ ਓਦੋਂ ਪੰਜਾਬ ਦੇ ਹਰ ਬੁੱਚੜਖ਼ਾਨੇ ਵਿੱਚ ਉਹਨਾਂ ਸਿੰਘਾਂ ਦੀਆ ਮਾਂਵਾਂ, ਧੀਆਂ ਤੇ ਭੈਣਾਂ ਨਾਲ਼ ਹੁੰਦਾ ਸੀ ਜਿਹੜੇ ਕੌਮ ਦੀ ਪੱਗ ਸਿਰ ‘ਤੇ ਰੱਖਣ ਲਈ ਮੈਦਾਨ ਵਿੱਚ ਨਿੱਤਰੇ ਹੋਏ ਸਨ। ਐਹੋ ਜਿਹੀਆਂ ਹਜ਼ਾਰਾਂ ਬੀਬੀਆਂ ਖ਼ਾਲਿਸਤਾਨੀ ਸੰਘਰਸ਼ ਵਿੱਚ ਸੇਵਾ ਨਿਭਾ ਗਈਆਂ। ਸ਼ਹੀਦ ਭਾਈ ਰਮਿੰਦਰਜੀਤ ਸਿੰਘ ਟੈਣੀ ਦੀ ਸਿੰਘਣੀ ਬੀਬੀ ਮਨਜੀਤ ਕੌਰ, ਸ਼ਹੀਦ ਭਾਈ ਲਛਮਣ ਸਿੰਘ ਬੱਬਰ ਉਰਫ਼ ਬਸ਼ੀਰ ਮੁਹੰਮਦ ਦੀ ਸਿੰਘਣੀ ਬੀਬੀ ਰਾਣੀ ਕੌਰ, ਸਹੀਦ ਭਾਈ ਧਰਮਬੀਰ ਸਿੰਘ ਕੰਮੋਕੇ ਦੀ ਭਰਜਾਈ ਬੀਬੀ ਬਲਜਿੰਦਰ ਕੌਰ, ਸ਼ਹੀਦ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਦੀ ਮਾਤਾ ਸ਼ਹੀਦ ਮਾਤਾ ਗੁਰਮੇਜ ਕੌਰ, ਸ਼ਹੀਦ ਭਾਈ ਜੋਗਾ ਸਿੰਘ ਖਾਨਪੁਰ ਦੀ ਸਿੰਘਣੀ ਬੀਬੀ ਕੁਲਬੀਰ ਕੌਰ ਬੁਤਾਲਾ, ਸ਼ਹੀਦ ਬੀਬੀ ਪਰਮਜੀਤ ਕੌਰ, ਸਹੀਦ ਬੀਬੀ ਉਪਕਾਰ ਕੌਰ ਸਮੇਤ ਬੇਅੰਤ ਬੀਬੀਆਂ ਨੇ ਜੋ ਕੁਰਬਾਨੀਆਂ ਕੀਤੀਆਂ, ਉਹਨਾਂ ਦੀ ਦਾਸਤਾਨ ਭਵਿੱਖ ਦੀਆਂ ਨਸਲਾਂ ਨੂੰ ਪ੍ਰੇਰਨਾ ਦਿੰਦੀ ਰਹੇਗੀ। ਬੀਬੀ ਪਰਵੀਨ ਕੌਰ, ਬੀਬੀ ਗੋਬਿੰਦ ਕੌਰ, ਭਾਈ ਬਲਵੀਰ ਸਿੰਘ ਬੀਰਾ ਦੀ ਸਿੰਘਣੀ ਬੀਬੀ ਸੁਖਜਿੰਦਰ ਕੌਰ ਸਮੇਤ ਹੋਰ ਕਈ ਸਿੱਖ ਬੀਬੀਆਂ ਨੂੰ ਹਕੂਮਤ ਨੇ ਜੇਲ੍ਹਾਂ ਵਿੱਚ ਨਜਰਬੰਦ ਕੀਤਾ। ਸਿੱਖ ਬੀਬੀਆਂ ਨੂੰ ਥਾਣਿਆਂ ਵਿੱਚ ਜ਼ਲੀਲ ਕਰ ਕੇ, ਝੂਠੇ ਮੁਕੱਦਮਿਆਂ ਵਿੱਚ ਜੇਲ੍ਹਾਂ ਦੀਆਂ ਕਾਲ-ਕੋਠੜੀਆਂ ਵਿੱਚ ਡੱਕ ਕੇ ਹਕੂਮਤ ਨੇ ਸਿੱਖੀ ਸਿਦਕ ਤੋੜਨਾ ਚਾਹਿਆ, ਬੁੱਚੜਖਾਨਿਆਂ ਵਿੱਚ ਸਿੱਖ ਬੀਬੀਆਂ ਹਰ ਜ਼ੁਲਮ ਝੱਲ ਕੇ ਵੀ ਗਰਜ਼ਦੀਆਂ ਰਹੀਆਂ ਕਿ “ਜਿੱਥੇ ਮਿਲਦਾ ਸੂਰਮੇ ਦਾ ਮੁਕਾਬਲਾ ਕਰੋ..।” ਪਰ ਅਜੋਕੇ ਦੌਰ ਵਿੱਚ ਸਿੱਖ ਬੀਬੀਆ ਨੂੰ ਕੁਰਾਹੇ ਪਾ ਕੇ ਸਿੱਖੀ ਤੋਂ ਦੂਰ ਕਰਨ ਲਈ ਦੁਸ਼ਮਣ ਬਹੁਤ ਘਟੀਆ ਚਾਲ ਚੱਲ ਰਿਹਾ ਹੈ। ਅੱਜ ਸਿੱਖ ਬੱਚੀਆਂ ਨੂੰ ਧਰਮ ਤੋਂ ਡੇਗਣ ਲਈ, ਸਿੱਖ ਬੱਚੀਆਂ ਨੂੰ ਸਿੱਖੀ ਤੋਂ ਦੂਰ ਕਰ ਕੇ ਆਧੁਨਿਕਤਾ ਦੇ ਰੰਗ ਵਿੱਚ ਰੰਗਣ ਲਈ ਜੋ ਯਤਨ ਹੋ ਰਹੇ ਹਨ, ਉਹਨਾਂ ਤੋਂ ਸੁਚੇਤ ਹੋਣ ਦੀ ਲੋੜ ਹੈ। ਟੀ.ਵੀ. ਫ਼ਿਲਮਾਂ, ਖ਼ਾਸ ਕਰਕੇ ਅਜੋਕੀ ਗਾਇਕੀ, ਸੋਸ਼ਲ ਮੀਡੀਆ ਰਾਹੀਂ ਚੌਤਰਫ਼ਾ ਹਮਲਾ ਬੋਲ ਦਿੱਤਾ ਗਿਆ ਹੈ। ਅੱਜ ਸਿੱਖ ਸਮਾਜ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅੱਲੜ੍ਹ ਉਮਰ ਦੀਆਂ ਸਿੱਖ ਬੱਚੀਆਂ ਨੂੰ ਸਿੱਖ ਨੈਤਿਕਤਾ ਦਾ ਪਾਠ ਪੜ੍ਹਾਇਆ ਜਾਵੇ। ਇਹਨਾਂ ਬੱਚੀਆਂ ਨੂੰ ਦੱਸਿਆ ਜਾਵੇ ਕਿ ਆਪਾਂ ਗ਼ੁਲਾਮ ਕੌਮ ਹਾਂ ਤੇ ਆਪਣੇ ਸਿਰ ‘ਤੇ ਬੜੀ ਭਾਰੀ ਜ਼ਿੰਮੇਵਾਰੀ ਹੈ। ਕਿਸੇ ਕੌਮ-ਧਰਮ ਦੀ ਔਰਤ ਸਿਰ ਹੀ ਮੁੱਖ ਜ਼ਿੰਮੇਵਾਰੀ ਹੁੰਦੀ ਹੈ। ਇੱਕ ਸਿੱਖ ਬੀਬੀ ਜੇ ਸਿੱਖੀ ਵਿੱਚ ਪਰਪੱਕ ਹੋਵੇ ਤਾਂ ਧੀ ਦੇ ਰੂਪ ਵਿੱਚ ਪੇਕੇ ਘਰ ਵਿੱਚ ਸਿੱਖੀ ਦੀ ਮਹਿਕ ਖਿਲਾਰਦੀ ਹੈ, ਜਦ ਵਿਆਹੀ ਜਾਵੇ ਤਾਂ ਸਹੁਰੇ ਘਰ ਵਿੱਚ ਸਿੱਖੀ ਵੰਡਦੀ ਹੈ। ਅੱਗੇ ਜਦ ਮਾਂ ਬਣਦੀ ਹੈ ਤਾਂ ਔਲਾਦ ਨੂੰ ਸਿੱਖੀ ਵਿੱਚ ਪਰਪੱਕ ਕਰਦੀ ਹੈ। ਪਰ ਅਫਸੋਸ ਕਿ ਸਾਡੀ ਕੌਮ ਦੀਆਂ ਸਿੱਖ ਬੱਚੀਆਂ ਨੂੰ ਸਿੱਖੀ ਵਿੱਚ ਪਰਪੱਕ ਕਰਨ ਵਿੱਚ ਉਹੋ ਜਿਹੀ ਵਿਉਂਤਬੰਦੀ ਨਹੀਂ, ਜਿਹੋ ਜਿਹੀ ਹੋਣੀ ਚਾਹੀਦੀ ਹੈ। ਇਹ ਬਹੁਤ ਗੰਭੀਰ ਲੋੜ ਹੈ। ਆਸ ਕਰਦੇ ਹਾਂ ਕਿ ਕੌਮ ਇਸ ਪਾਸੇ ਧਿਆਨ ਦੇਵੇਗੀ! –
ਰਣਜੀਤ ਸਿੰਘ ਦਮਦਮੀ ਟਕਸਾਲ (ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ) ਮੋ: 8872293883.

