ਕੋਟਕਪੂਰਾ, 25 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਜੇਪੀਐਮਓ ਜ਼ਿਲ੍ਹਾ ਫਰੀਦਕੋਟ ਦੇ ਕਨਵੀਨਰ ਵੀਰਇੰਦਰ ਜੀਤ ਸਿੰਘ ਪੁਰੀ ਵੱਲੋਂ ਸਾਂਝਾ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਿਵਲ ਸਰਜਨ ਫਰੀਦਕੋਟ ਵੱਲੋਂ ਸਾਥੀ ਜਸਮੇਲ ਸਿੰਘ ਦੀ ਝੂਠੀ ਸ਼ਿਕਾਇਤ ਕਰਕੇ ਬਦਲੀ ਕਰਵਾਉਣ ਕਾਰਨ ਸਮੁੱਚੇ ਮਲਟੀ ਪਰਪਜ਼ ਕੇਡਰ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਇਸ ਸਿਵਲ ਸਰਜਨ ਨੂੰ ਜਿਹੜੇ ਵੀ ਜ਼ਿਲ੍ਹੇ ਦਾ ਚਾਰਜ ਦਿੱਤਾ ਗਿਆ ਉਸ ਵੱਲੋਂ ਸਭ ਥਾਵਾਂ ਤੇ ਜਾਂਦਿਆਂ ਮਲਟੀ ਪਰਪਜ ਕੇਡਰ ਨਾਲ ਖਾਰ ਖਾਦਿਆਂ ਕੇਡਰ ਦੇ ਆਗੂਆਂ ਦੇ ਤਬਾਦਲੇ ਕਰਵਾਏ ਗਏ। ਸਾਥੀ ਜਸਮੇਲ ਸਿੰਘ ਦੀ ਕੀਤੀ ਝੂਠੀ ਸ਼ਿਕਾਇਤ ਦੇ ਅਧਾਰ ’ਤੇ ਕੀਤੀ ਬਦਲੀ ਸਬੰਧੀ ਡਾਇਰੈਕਟਰ ਦਫਤਰ ਚੰਡੀਗੜ੍ਹ ਵਿਖੇ ਚੱਲ ਰਹੀ ਇਨਕੁਆਇਰੀ ਵਿੱਚ ਸਾਰੇ ਸਬੂਤ ਪੇਸ਼ ਕਰਨ ਦੇ ਬਾਵਜੂਦ ਵੀ ਡਾਇਰੈਕਟਰ ਦਫਤਰ ਵੱਲੋਂ ਇਸ ਬਦਲੀ ਨੂੰ ਰੱਦ ਨਹੀਂ ਕੀਤਾ ਗਿਆ। ਸੋ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜੇ.ਪੀ.ਐਮ.ਓ ਜਿਲਾ ਫਰੀਦਕੋਟ ਵੱਲੋਂ ਮਲਟੀਪਰਪਜ ਹੈਲਥ ਇਮਪਲਾਈਜ ਯੂਨੀਅਨ ਦੇ ਉਲੀਕੇ ਹੋਏ 27 ਫਰਵਰੀ ਦੇ ਪ੍ਰੋਗਰਾਮ ਦੀ ਹਮਾਇਤ ਕੀਤੀ ਜਾਵੇਗੀ ਤਾਂ ਜੋ ਇਸ ਤਰ੍ਹਾਂ ਦੇ ਮੁਲਾਜ਼ਮ ਵਿਰੋਧੀ ਅਫਸਰਾਂ ਨੂੰ ਸਬਕ ਸਿਖਾਇਆ ਜਾ ਸਕੇ ਅਤੇ ਸਮਾਜ ਵਿੱਚ ਮੁਲਾਜ਼ਮਾਂ ਪ੍ਰਤੀ ਫੈਲਾਈ ਜਾ ਰਹੀ ਨਫਰਤ ਨੂੰ ਰੋਕਿਆ ਜਾ ਸਕੇ। ਇਸ ਮੌਕੇ ਪ.ਸ.ਸ.ਫ. ਸੂਬਾਈ ਆਗੂ ਸਾਥੀ ਜਤਿੰਦਰ ਕੁਮਾਰ, ਪ.ਸ.ਸ.ਫ. ਦੇ ਜ਼ਿਲ੍ਹਾ ਪ੍ਰਧਾਨ ਸਿਮਰਜੀਤ ਸਿੰਘ ਬਰਾੜ, ਸੂਰਤ ਸਿੰਘ ਮਾਹਲਾ, ਜਸਮੇਲ ਸਿੰਘ ਰਾਹੀ, ਅਜੀਤ ਸਿੰਘ ਖਾਲਸਾ, ਜਸਮੇਲ ਸਿੰਘ ਸਿਵਲ ਹਸਪਤਾਲ ਆਗੂ ਫਰੀਦਕੋਟ ਆਦਿ ਸਾਥੀ ਸ਼ਾਮਿਲ ਸਨ।

