ਵਾਰਦਾਤ ਵਿੱਚ ਸ਼ਾਮਿਲ 02 ਸਕੇ ਭਰਾ ਚੋਰੀ ਕੀਤੀ ਗੱਡੀ ਅਤੇ ਸੋਨੇ ਦੇ ਗਹਿਣਿਆਂ ਸਮੇਤ ਕੀਤੇ ਕਾਬੂ
ਦੋਸ਼ੀ ਚੋਰੀ ਕੀਤੀਆਂ ਕਾਰਾਂ ਦੇ ਟਾਇਰ ਉਤਾਰ ਕੇ ਉਹਨਾਂ ਨੂੰ ਅੱਗੇ ਵੇਚ ਦਿੰਦੇ ਸਨ : ਡੀਐਸਪੀ
ਕੋਟਕਪੂਰਾ, 28 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਡਾ. ਪ੍ਰਗਿਆ ਜੈਨ ਐਸ.ਐਸ.ਪੀ. ਫਰੀਦਕੋਟ ਦੀ ਅਗਵਾਈ ਹੇਠ ਜ਼ਿਲ੍ਹੇ ਨੂੰ ਸੁਰੱਖਿਅਤ ਅਤੇ ਅਪਰਾਧ–ਮੁਕਤ ਬਣਾਈ ਰੱਖਣ ਲਈ ਮਾੜੇ ਅਨਸਰਾਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਲਗਾਤਾਰ ਚਲਾਈ ਜਾ ਰਹੀ ਹੈ। ਇਸੇ ਮੁਹਿੰਮ ਤਹਿਤ ਸ਼੍ਰੀ ਜੋਗੇਸ਼ਵਰ ਸਿੰਘ ਗੋਰਾਇਆ, ਐਸ.ਪੀ. (ਇੰਨਵੈਸਟੀਗੇਸ਼ਨ) ਦੀ ਰਹਿਨੁਮਾਈ ਹੇਠ ਫਰੀਦਕੋਟ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਚੋਰੀ ਦੀ ਵਾਰਦਾਤ ਵਿੱਚ ਸ਼ਾਮਿਲ ਦੋ ਸਕੇ ਭਰਾਵਾਂ ਨੂੰ ਮਹਿਜ਼ ਕੁਝ ਘੰਟਿਆਂ ਅੰਦਰ ਗ੍ਰਿਫਤਾਰ ਕਰਕੇ ਇੱਕ ਹੋਰ ਵੱਡੀ ਸਫਲਤਾ ਹਾਸਲ ਕੀਤੀ ਹੈ। ਇਹ ਜਾਣਕਾਰੀ ਸ਼੍ਰੀ ਸੰਜੀਵ ਕੁਮਾਰ, ਡੀ.ਐਸ.ਪੀ. (ਸਬ-ਡਵੀਜ਼ਨ) ਕੋਟਕਪੂਰਾ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਸਾਂਝੀ ਕੀਤੀ ਗਈ। ਗ੍ਰਿਫਤਾਰ ਕੀਤੇ ਦੋਸ਼ੀਆਂ ਦੀ ਪਛਾਣ ਸੁਭਾਸ਼ ਸਿੰਘ ਉਰਫ਼ ਬਾਸਾ ਅਤੇ ਮਨਪ੍ਰੀਤ ਸਿੰਘ ਉਰਫ਼ ਮੰਗਾ ਵਜੋਂ ਹੋਈ ਹੈ, ਜੋ ਕਿ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਮੱਲਣ ਦੇ ਰਿਹਾਇਸ਼ੀ ਹਨ। ਪੁਲਿਸ ਪਾਰਟੀ ਵੱਲੋਂ ਦੋਸ਼ੀਆਂ ਪਾਸੋਂ ਚੋਰੀ ਕੀਤੀ ਮਹਿੰਦਰਾ ਬਲੈਰੋ ਗੱਡੀ ਅਤੇ ਲਗਭਗ 10 ਲੱਖ ਰੁਪਏ ਕੀਮਤ ਦੇ ਸੋਨੇ ਦੇ ਗਹਿਣੇ ਵੀ ਬਰਾਮਦ ਕੀਤੇ ਗਏ ਹਨ। ਕਾਰਵਾਈ ਦੇ ਵੇਰਵੇ ਸਾਂਝੇ ਕਰਦਿਆ ਉਹਨਾ ਦੱਸਿਆ ਕਿ ਮਿਤੀ 26 ਫਰਵਰੀ ਨੂੰ ਕੋਟਕਪੂਰਾ ਵਿਖੇ ਸਥਿਤ ਸੇਤੀਆ ਪੈਲੇਸ ਵਿੱਚ ਵਿਆਹ ਸਮਾਗਮ ਦੌਰਾਨ ਇੱਕ ਪਰਿਵਾਰ ਵੱਲੋਂ ਆਪਣੀ ਗੱਡੀ ਪਾਰਕਿੰਗ ਵਿੱਚ ਖੜੀ ਕੀਤੀ ਗਈ ਸੀ। ਗੱਡੀ ਦੇ ਡੈਸ਼ਬੋਰਡ ਵਿੱਚ ਰੱਖਿਆ ਇੱਕ ਸੋਨੇ ਦਾ ਹਾਰ ਅਤੇ ਕੰਨਾਂ ਦੇ ਕਾਟਿਆਂ ਦਾ ਜੋੜਾ, ਜਿਸ ਦੀ ਕੁੱਲ ਕੀਮਤ ਕਰੀਬ 10 ਲੱਖ ਰੁਪਏ ਸੀ, ਗੱਡੀ ਸਮੇਤ ਚੋਰੀ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਫਰੀਦਕੋਟ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਜਿਸ ਦੌਰਾਨ ਪੁਲਿਸ ਟੀਮਾਂ ਨੇ ਦੋਹਾ ਦੋਸ਼ੀਆਂ ਨੂੰ ਕੋਟਕਪੂਰਾ–ਮੁਕਤਸਰ ਰੋਡ ਤੋਂ ਚੋਰੀ ਕੀਤੀ ਬਲੈਰੋ ਕਾਰ ਸਮੇਤ ਕਾਬੂ ਕਰ ਲਿਆ ਅਤੇ ਗੱਡੀ ਦੀ ਤਲਾਸ਼ੀ ਦੌਰਾਨ ਚੋਰੀ ਕੀਤੇ ਗਹਿਣੇ ਵੀ ਬਰਾਮਦ ਕਰ ਲਏ ਗਏ। ਡੀ.ਐਸ.ਪੀ. ਸੰਜੀਵ ਕੁਮਾਰ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਦੋਸ਼ੀ ਚੋਰੀ ਕੀਤੀਆਂ ਕਾਰਾਂ ਦੇ ਟਾਇਰ ਉਤਾਰ ਕੇ ਉਹਨਾਂ ਨੂੰ ਅੱਗੇ ਵੇਚ ਦਿੰਦੇ ਸਨ। ਸੁਰੂਆਤੀ ਜਾਂਚ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਦੋਸ਼ੀ ਵੱਖ-ਵੱਖ ਜ਼ਿਲਿ੍ਹਆਂ ਵਿੱਚ ਚੋਰੀ ਦੀਆਂ ਵਾਰਦਾਤਾਂ ਕਰ ਚੁੱਕੇ ਹਨ ਅਤੇ ਉਨ੍ਹਾਂ ਖ਼ਿਲਾਫ਼ ਮੋਗਾ, ਫਰੀਦਕੋਟ, ਬਠਿੰਡਾ ਅਤੇ ਸ਼੍ਰੀ ਮੁਕਤਸਰ ਸਾਹਿਬ ਵਿੱਚ ਚੋਰੀ, ਨਸ਼ਾ ਤਸਕਰੀ ਅਤੇ ਹੋਰ ਸੰਗੀਨ ਧਾਰਾਵਾਂ ਤਹਿਤ ਕੁੱਲ 08 ਮੁਕੱਦਮੇ ਦਰਜ ਹਨ। ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਰਿਮਾਂਡ ਦੌਰਾਨ ਹੋਰ ਪੁੱਛਗਿੱਛ ਕਰਕੇ ਇਹ ਪਤਾ ਲਾਇਆ ਜਾਵੇਗਾ ਕਿ ਇਹਨਾ ਨਾਲ ਚੋਰੀ ਦੀਆ ਵਾਰਦਾਤਾਂ ਵਿੱਚ ਹੋਰ ਕੌਣ-ਕੌਣ ਸ਼ਾਮਿਲ ਸੀ ਅਤੇ ਚੋਰੀ ਕੀਤਾ ਸਮਾਨ ਕਿੱਥੇ ਵੇਚਿਆ ਜਾਂਦਾ ਸੀ। ਇਸ ਸਬੰਧੀ ਥਾਣਾ ਸਿਟੀ ਕੋਟਕਪੂਰਾ ਵਿਖੇ ਮਕੱਦਮਾ ਨੰਬਰ 42 ਮਿਤੀ 27.02.2026 ਅਧੀਨ ਧਾਰਾ 303(2) ਬੀ.ਐਨ.ਐਸ. ਤਹਿਤ ਦਰਜ ਕੀਤਾ ਗਿਆ ਹੈ। ਫਰੀਦਕੋਟ ਪੁਲਿਸ ਵੱਲੋਂ ਮਾੜੇ ਅਨਸਰਾਂ ਖ਼ਿਲਾਫ਼ ਲਗਾਤਾਰ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜ਼ਿਲ੍ਹੇ ਦੇ ਨਾਗਰਿਕਾਂ ਦੀ ਸੁਰੱਖਿਆ ਨੂੰ ਸਭ ਤੋਂ ਵੱਡੀ ਪ੍ਰਾਥਮਿਕਤਾ ਦਿੱਤੀ ਜਾ ਰਹੀ ਹੈ। ਪੁਲਿਸ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ, ਮੁਸਤੈਦੀ ਅਤੇ ਦ੍ਰਿੜ ਨਿਸ਼ਚੇ ਨਾਲ ਨਿਭਾਉਂਦੀ ਹੋਈ ਅਪਰਾਧੀਆਂ ਖ਼ਿਲਾਫ਼ ਅਜਿਹੀ ਕਾਰਵਾਈ ਅੱਗੇ ਵੀ ਜਾਰੀ ਰੱਖੇਗੀ।
ਗ੍ਰਿਫਤਾਰ ਦੋਸ਼ੀਆਂ ਦਾ ਕ੍ਰਿਮੀਨਲ ਰਿਕਾਰਡ
- ਸੁਭਾਸ਼ ਸਿੰਘ ਉਰਫ ਬਾਸਾ ਪੁੱਤਰ ਮਲਕੀਤ ਸਿੰਘ ਵਾਸੀ ਮੱਲਣ, ਕੋਟਭਾਈ, ਸ਼੍ਰੀ ਮੁਕਤਸਰ ਸਾਹਿਬ।
1) ਮੁਕੱਦਮਾ ਨੰਬਰ 55 ਮਿਤੀ 23.03.2022 ਅ/ਧ 379/411 ਆਈ.ਪੀ.ਸੀ ਥਾਣਾ ਸਿਟੀ ਕੋਟਕਪੂਰਾ।
2) ਮੁਕੱਦਮਾ ਨੰਬਰ 26 ਮਿਤੀ 01.04.2022 ਅ/ਧ 379/411 ਆਈ.ਪੀ.ਸੀ ਥਾਣਾ ਮਹਿਣਾ
3) ਮੁਕੱਦਮਾ ਨੰਬਰ 95 ਮਿਤੀ 15.12.2024 ਅ/ਧ 303(2) ਬੀ.ਐਨ.ਐਸ ਥਾਣਾ ਥਰਮਲ (ਬਠਿੰਡਾ)।
4) ਮੁਕੱਦਮਾ ਨੰਬਰ 167 ਮਿਤੀ 29.12.2024 ਅ/ਧ 303(2), 317(2) ਬੀ.ਐਨ.ਐਸ ਥਾਣਾ ਕੋਟਵਾਲੀ ਬਠਿੰਡਾ। - ਮਨਪ੍ਰੀਤ ਸਿੰਘ ਉਰਫ ਮੰਗਾ ਪੁੱਤਰ ਮਲਕੀਤ ਸਿੰਘ ਵਾਸੀ ਮੱਲਣ, ਕੋਟਭਾਈ, ਸ਼੍ਰੀ ਮੁਕਤਸਰ ਸਾਹਿਬ।
1) ਮੁਕੱਦਮਾ ਨੰਬਰ 111 ਮਿਤੀ 18.12.2013 ਅ/ਧ 379/411 ਆਈ.ਪੀ.ਸੀ 15/61/85 ਐਨ.ਡੀ.ਪੀ.ਐਸ ਐਕਟ ਥਾਣਾ ਕੋਟਭਾਈ (ਸ੍ਰੀ ਮੁਕਤਸਰ ਸਾਹਿਬ)।
2) ਮੁਕੱਦਮਾ ਨੰਬਰ 222 ਮਿਤੀ 01.10.2021 ਅ/ਧ 379 ਆਈ.ਪੀ.ਸੀ ਥਾਣਾ ਸਿਟੀ ਕੋਟਕਪੂਰਾ
3) ਮੁਕੱਦਮਾ ਨੰਬਰ 42 ਮਿਤੀ 04.01.2022 ਅ/ਧ 379, 411 ਆਈ.ਪੀ.ਸੀ ਥਾਣਾ ਮਹਿਣਾ (ਮੋਗਾ)।
4) ਮੁਕੱਦਮਾ ਨੰਬਰ 55 ਮਿਤੀ 23.03.2022 ਅ/ਧ 379/411 ਆਈ.ਪੀ.ਸੀ ਥਾਣਾ ਸਿਟੀ ਕੋਟਕਪੂਰਾ।
5) ਮੁਕੱਦਮਾ ਨੰਬਰ 26 ਮਿਤੀ 01.04.2022 ਅ/ਧ 379/411 ਆਈ.ਪੀ.ਸੀ ਥਾਣਾ ਮਹਿਣਾ
6) ਮੁਕੱਦਮਾ ਨੰਬਰ 95 ਮਿਤੀ 15.12.2024 ਅ/ਧ 303(2) ਬੀ.ਐਨ.ਐਸ ਥਾਣਾ ਥਰਮਲ (ਬਠਿੰਡਾ)।
7) ਮੁਕੱਦਮਾ ਨੰਬਰ 167 ਮਿਤੀ 29.12.2024 ਅ/ਧ 303(2), 317(2) ਬੀ.ਐਨ.ਐਸ ਥਾਣਾ ਕੋਟਵਾਲੀ ਬਠਿੰਡਾ।
8) ਮੁਕੱਦਮਾ ਨੰਬਰ 123 ਮਿਤੀ 24.05.2025 ਅ/ਧ 122, 303(2), 317(2) ਬੀ.ਐਨ.ਐਸ ਥਾਣਾ ਸਿਟੀ ਕੋਟਕਪੂਰਾ।

