ਬਠਿੰਡਾ, 28 ਫ਼ਰਵਰੀ (ਚਹਿਲ/ਵਰਲਡ ਪੰਜਾਬੀ ਟਾਈਮਜ਼)
ਅੱਜ ਦੇ ਇਸ ਮਹਿੰਗਾਈ ਦੇ ਸਮੇ ਵਿੱਚ ਭਾਂਵੇਂ ਹਰ ਛੋਟਾ ਜਾਂ ਦਰਮਿਆਨਾ ਦੁਕਾਨਦਾਰ ਕਈ ਤਰਾਂ ਦੀਆਂ ਆਰਥਿਕ ਕਠਿਨਾਈਆਂ ਨਾਲ ਜੂਝ ਰਿਹਾ ਹੈ। ਪਰ ਫ਼ਿਰ ਵੀ ਕਿਤੇ ਨਾ ਕਿਤੇ ਇੱਕ ਅੱਡੇ ਤੇ ਬੈਠਾ ਦੁਕਾਨਦਾਰ ਆਪਣੇ ਗ੍ਰਾਹਕਾਂ ਨੂੰ ਤਸੱਲੀਬਖਸ਼ ਕੰਮ ਕਰਨ ਦਾ ਪਾਬੰਦ ਹੁੰਦਾ ਹੈ। ਪਰ ਅੱਜ ਜਿਆਦਾਤਰ ਦੁਕਾਨਦਾਰਾਂ ਦੇ ਇਹ ਹਾਲਾਤ ਬਣੇ ਪਏ ਹਨ ਕਿ ਉਹ ਚਾਹੁੰਦਾ ਹੈ ਕਿ ਇੱਕ ਵਾਰ ਦੁਕਾਨ ਤੇ ਚੜ੍ਹੇ ਗ੍ਰਾਹਕ ਨੂੰ ਇੱਕ ਵਾਰ ਤਾਂ ਠੱਗ਼ ਲਈਏ ਦੁਬਾਰਾ ਪਤਾ ਨਹੀਂ ਦੁਕਾਨ ਤੇ ਆਵੇ ਜਾਂ ਨਾ ਆਵੇ। ਅਜਿਹੀ ਹੀ ਸੋਚ ਬਠਿੰਡਾ ਦੇ ਬੱਸ ਅੱਡੇ ਲਾਗਲੇ ਕੋਰਟ ਰੋਡ ਬਜ਼ਾਰ ਵਿਖੇ ਦੁਕਾਨ ਕਰ ਰਹੇ ਇੱਕ ਦੁਕਾਨਦਾਰ ਦੀ ਲੱਗੀ। ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰੀ ਹਸਪਤਾਲ ਨਜ਼ਦੀਕ ਰਹਿਣ ਵਾਲ਼ੇ ਗੁਰਪ੍ਰੀਤ ਸਿੰਘ ਨੇ ਆਪਣਾ ਓਪੋ ਕੰਪਨੀ ਦਾ ਮੋਬਾਇਲ ਉਕਤ ਮਾਰਕਿਟ ਚ ਤਨਮੇ ਮੋਬਾਈਲ ਕੇਅਰ ਨਾਮਕ ਮੋਬਾਇਲ ਰਿਪੇਅਰ ਦੀ ਦੁਕਾਨ ਚਲਾਉਣ ਵਾਲ਼ੇ ਇੱਕ ਲੜਕੇ ਨੂੰ ਦਿਖਾਇਆ ਜਿਸਨੇ ਮੋਬਾਇਲ ਫੋਨ ਨੂੰ ਥੋੜ੍ਹਾ ਦੇਖਣ ਉਪਰੰਤ ਕਿਹਾ ਕਿ ਇਸਦਾ ਫੋਲਡਰ ਪੈਣਾ ਹੈ ਅਤੇ ਦੁਕਾਨ ਤੇ ਅੱਗੇ ਕੰਮ ਪਿਆ ਹੈ ਅਤੇ ਇਸਤੇ ਕਰੀਬ ਚਾਰ ਤੋਂ ਪੰਜ ਘੰਟੇ ਲੱਗਣਗੇ ਜਿਸਤੇ ਫੋਨ ਦੁਕਾਨਦਾਰ ਕੋਲ ਛੱਡਣਾ ਪਿਆ, ਅਗਲੇ ਦਿਨ ਜਦੋਂ ਫੋਨ ਲੈਣ ਦੁਕਾਨ ਤੇ ਆਏ ਤਾਂ ਦੁਕਾਨਦਾਰ ਨੇ ਇਸਦੇ ਅੰਦਰ ਦੀ ਇੱਕ ਕੋਈ ਪਲੇਟ ਨੁਮਾ ਚੀਜ਼ ਟੁੱਟੀ ਹੋਣ ਅਤੇ ਉਹ ਵੀ ਨਵੀਂ ਪਾਉਣ ਸਬੰਧੀਂ ਕਿਹਾ ਅਤੇ ਗ੍ਰਾਹਕ ਨੂੰ ਦੁਕਾਨਦਾਰ ਤੇ ਭਰੋਸਾ ਕਰਦੇ ਹੋਏ ਉਹ ਵੀ ਨਵੀਂ ਪਾਉਣ ਲਈ ਕਹਿਣਾ ਪਿਆ।
ਮੋਬਾਇਲ ਫੋਨ ਠੀਕ ਹੋਣ ਤੇ ਜਦੋਂ ਦੁਕਾਨਦਾਰ ਨੂੰ ਇਸ ਫੋਲਡਰ ਆਦਿ ਦੀ ਗਰੰਟੀ ਵਰੰਟੀ ਆਦਿ ਬਾਰੇ ਪੁੱਛਿਆ ਗਿਆ ਤਾਂ ਉਸਨੇ ਕਿਹਾ ਕਿ ਤੁਹਾਡੇ ਫੋਨ ਚ ਵਧੀਆ ਫੋਲਡਰ ਪਾਇਆ ਗਿਆ ਹੈ ਅਤੇ ਜੇਕਰ ਫੋਨ ਥੱਲੇ ਡਿੱਗ ਕੇ ਫੋਲਡਰ ਨੂੰ ਨੁਕਸਾਨ ਹੋ ਗਿਆ ਫਿਰ ਸਾਡੀ ਕਿਸੇ ਵੀ ਤਰ੍ਹਾਂ ਦੀ ਕੋਈ ਗਰੰਟੀ ਨਹੀਂ। ਪਰ ਰਿਪੇਅਰ ਕਰਵਾਉਣ ਤੋਂ ਸਿਰਫ਼ ਵੀਹ ਦਿਨ ਬਾਅਦ ਹੀ ਜਦੋਂ ਉਹੀ ਸਮੱਸਿਆ ਆ ਗਈ ਤਾਂ ਗ੍ਰਾਹਕ ਵੱਲ਼ੋਂ ਦੁਕਾਨਦਾਰ ਨੂੰ ਦੁਬਾਰਾ ਫੋਨ ਦਿਖਾਇਆ ਗਿਆ ਤਾਂ ਉਸਨੇ ਫਿਰ ਤੋਂ ਪੂਰੇ ਪੈਸੇ ਦੇਕੇ ਫੋਲਡਰ ਪਵਾਉਣ ਲਈ ਕਿਹਾ ਜਦੋਂ ਕਿ ਉਕਤ ਫੋਨ ਨਾ ਤਾਂ ਕਿਤੇ ਡਿੱਗਿਆ ਸੀ ਅਤੇ ਨਾ ਹੀ ਸਕਰੀਨ ਤੇ ਕੋਈ ਹੋਰ ਸਕਰੈਚ ਆਦਿ ਸੀ। ਪਰ ਉਕਤ ਕਥਿਤ ਠੱਗ ਪ੍ਰਕਾਰ ਦੇ ਦੁਕਾਨਦਾਰ ਨੇ ਕੁੱਝ ਦਿਨਾਂ ਬਾਅਦ ਹੀ ਉਹੀ ਦਿੱਕਤ ਆਉਣ ਤੇ ਵੀ ਦੁਬਾਰਾ ਪੈਸੇ ਮੰਗੇ। ਇਸ ਬਾਰੇ ਗ੍ਰਾਹਕ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਤਾਂ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਹੀ ਰਹੇ ਨੇ ਪਰ ਹੋਰ ਭੈਣ ਭਾਈ ਐਸੇ ਦੁਕਾਨਦਾਰਾਂ ਤੋਂ ਸਾਵਧਾਨ ਰਹਿਣ। ਇਸ ਬਾਰੇ ਜਦੋਂ ਦੁਕਾਨਦਾਰ ਦਾ ਪੱਖ ਜਾਣਨਾ ਚਾਹਿਆ ਤਾਂ ਉਸਨੇ ਫੋਨ ਨਹੀਂ ਚੁੱਕਿਆ।

