ਕੋਟਕਪੂਰਾ, 3 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਨੇੜਲੇ ਪਿੰਡ ਪੰਜਗਰਾਈਂ ਕਲਾਂ ਦੇ ਵਸਨੀਕ ਸ੍ਰ ਰਾਜ ਸਿੰਘ ਸਬ ਇੰਸਪੈਕਟਰ ਥਾਣਾ ਸਮਾਲਸਰ ਜ਼ਿਲਾ ਮੋਗਾ ਵਿਖੇ ਡਿਊਟੀ ਨਿਭਾਉਂਦਿਆਂ ਲਗਭਗ 34 ਸਾਲ ਦੀ ਸਰਵਿਸ ਦੌਰਾਨ ਅੱਜ ਸੇਵਾ ਮੁਕਤ ਹੋ ਗਏ ਹਨ। ਉਹਨਾ ਨੂੰ ਸ਼ਾਨਦਾਰ ਸੇਵਾਵਾਂ ਨਿਭਾਉਣ ਬਦਲੇ ਐਸ.ਪੀ.ਐਚ. ਹੈਡ ਕੁਆਟਰ ਮੋਗਾ ਵੱਲੋਂ ਜੋਰਾ ਸਿੰਘ ਡੀ.ਐਸ.ਪੀ. ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਹਾਜਰੀ ਵਿੱਚ ਸਨਮਾਨਿਤ ਕਰਦਿਆਂ ਉਹਨਾਂ ਦੇ ਚੰਗੇਰੇ ਭਵਿੱਖ ਦੀ ਕਾਮਨਾ ਕੀਤੀ ਗਈ। ਇਸ ਮੌਕੇ ‘ਐਸ.ਪੀ.ਐੱਚ. ਨੇ ਕਿਹਾ ਕਿ ਪੁਲਿਸ ਵਿਭਾਗ ਲਈ ਇਹ ਇੱਕ ਖਾਸ ਪਲ ਹੈ, ਜਦੋਂ ਸਾਡੇ ਸਮਰਪਿਤ ਅਧਿਕਾਰੀ ਆਪਣੇ ਫ਼ਰਜ਼ ਅਤੇ ਸਰਵਿਸ ਨੂੰ ਚੰਗੀ ਤਰ੍ਹਾਂ ਪੂਰੀ ਕਰਕੇ ਇੱਜ਼ਤ ਨਾਲ ਸੇਵਾਮੁਕਤ ਹੋਏ ਹਨ। ਉਨ੍ਹਾਂ ਕਿਹਾ ਕਿ ਸੇਵਾ ਮੁਕਤ ਸਿਰਫ਼ ਇੱਕ ਪ੍ਰਸ਼ਾਸਨਿਕ ਲੜੀ ਹੈ ਪਰ ਅਸੀਂ ਹਮੇਸ਼ਾ ਆਪਣੇ ਸਾਬਕਾ ਮੁਲਾਜ਼ਮਾਂ ਦੀ ਸੇਵਾ, ਤਜ਼ਰਬੇ ਅਤੇ ਜਾਣਕਾਰੀ ਦੀ ਲੋੜ ਮਹਿਸੂਸ ਕਰਦੇ ਰਹਾਂਗੇ। ਉਹਨਾਂ ਅੱਗੇ ਕਿਹਾ ਕਿ ਤੁਸੀਂ ਸਿਰਫ਼ ਵਿਭਾਗ ਤੋਂ ਅਲੱਗ ਹੋ ਰਹੇ ਹੋ ਪਰ ਤੁਸੀਂ ਹਮੇਸ਼ਾਂ ਸਾਡੀ ਪੁਲਿਸ ਪਰਿਵਾਰ ਦਾ ਹਿੱਸਾ ਰਹੋਗੇ। ਜਦੋਂ ਵੀ ਲੋੜ ਪਈ ਅਸੀਂ ਤੁਹਾਡੇ ਕੀਮਤੀ ਤਜ਼ਰਬੇ ਅਤੇ ਗਿਆਨ ਦੀ ਉਮੀਦ ਕਰਦੇ ਰਹਾਂਗੇ। ਉਹਨਾਂ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਹਰ ਅਧਿਕਾਰੀ ਦਾ ਆਪਣਾ ਯੋਗਦਾਨ ਹੁੰਦਾ ਹੈ ਜੋ ਵਿਭਾਗ ਨੂੰ ਇੱਕ ਮਜ਼ਬੂਤ ਰੂਪ ਦਿੰਦਾ ਹੈ। ਅਸੀਂ ਤੁਹਾਨੂੰ ਇਹ ਭਰੋਸਾ ਦਿਵਾਉਂਦੇ ਹਾਂ ਕਿ ਜਦੋਂ ਵੀ ਤੁਹਾਨੂੰ ਸਾਡੀ ਜਰੂਰਤ ਹੋਵੇਗੀ, ਅਸੀਂ ਤੁਹਾਡੇ ਨਾਲ ਖੜੇ ਰਹਾਂਗੇ। ਇਸ ਮੌਕੇ ਉਨ੍ਹਾਂ ਸੇਵਾ ਮੁਕਤ ਹੋਏ ਸ੍ਰ ਰਾਜ ਸਿੰਘ ਨੂੰ ਸਨਮਾਨ ਚਿੰਨ੍ਹ ਅਤੇ ਯਾਦਗਾਰੀ ਉਪਹਾਰ ਭੇਂਟ ਕਰਕੇ ਉਨ੍ਹਾਂ ਦੀ ਸੇਵਾ ਲਈ ਧੰਨਵਾਦ ਕੀਤਾ। ਵਿਦਾਇਗੀ ਸਮੇਂ ਜਸਵਿੰਦਰ ਸਿੰਘ ਬੱਬੂ ਹਲਕਾ ਕੋਆਰਡੀਨੇਟਰ ਆਮ ਆਦਮੀ ਪਾਰਟੀ ਕੋਟਕਪੂਰਾ, ਬੇਟਾ ਅਵਤਾਰ ਸਿੰਘ ਹੈਪੀ, ਨੂੰਹ ਅਮ੍ਰਿਤਪਾਲ ਕੌਰ, ਬੀਬੀ ਅਮਰਜੀਤ ਕੌਰ ਪੰਜਗਰਾਈਂ, ਕਰਨ ਸਿੰਘ ਆਦਿ ਵੀ ਹਾਜਰ ਸਨ।

